
ਯੂ-ਟਿਊਬ ਲੋਕਾਂ ’ਚ ਬੇਹੱਦ ਹਰਮਨ ਪਿਆਰੀ ਬਣਦੀ ਜਾ ਰਹੀ ਹੈ। ਬਹੁਤ ਸਾਰੇ ਲੋਕਾਂ ਲਈ ਤਾਂ ਇਹ ਕਮਾਈ ਦਾ ਸਾਧਨ ਵੀ ਹੈ, ਪਰ ਇਹ ਜਾਨਲੇਵਾ ਵੀ ਹੋ ਸਕਦੀ ਹੈ...
ਨਵੀਂ ਦਿੱਲੀ : ਯੂ-ਟਿਊਬ ਲੋਕਾਂ ’ਚ ਬੇਹੱਦ ਹਰਮਨ ਪਿਆਰੀ ਬਣਦੀ ਜਾ ਰਹੀ ਹੈ। ਬਹੁਤ ਸਾਰੇ ਲੋਕਾਂ ਲਈ ਤਾਂ ਇਹ ਕਮਾਈ ਦਾ ਸਾਧਨ ਵੀ ਹੈ, ਪਰ ਇਹ ਜਾਨਲੇਵਾ ਵੀ ਹੋ ਸਕਦੀ ਹੈ। ਯੂ-ਟਿਊਬ ’ਤੇ ਪ੍ਰਸਿੱਧੀ ਖੱਟਣ ਲਈ ਅਣਜਾਣੇ ’ਚ ਕੀਤੀਆਂ ਟਿੱਪਣੀਆਂ ਤੇ ਮਜ਼ਾਕ ਮੌਤ ਨੂੰ ਸੱਦਾ ਦੇ ਸਕਦੇ ਹਨ। ਅੱਜ ਤੁਹਾਨੂੰ ਅਜਿਹੀਆਂ ਹੀ ਕੁਝ ਉਦਾਹਰਨਾਂ ਦੇ ਰੂਬਰੂ ਕਰਵਾਉਂਦੇ ਹਾਂ।
YouTube
ਰਾਣਾ ਜ਼ੁਹੇਰ : ਰਾਣਾ ਜ਼ੁਹੇਰ ਪਾਕਿਸਤਾਨ ਦਾ ਨੌਜਵਾਨ ਸੀ, ਜੋ ਸੋਸ਼ਲ ਮੀਡੀਆ ’ਤੇ ਪਰੈਂਕ ਵੀਡੀਓ ਪਾਉਣ ਨੂੰ ਲੈ ਕੇ ਕਾਫੀ ਪ੍ਰਸਿੱਧੀ ਖੱਟ ਰਿਹਾ ਸੀ। ਜ਼ੁਹੇਰ ਪਾਕਿਸਤਾਨੀ ਯੂ-ਟਿਊਬ ਚੈਨਲ ਜ਼ਰੀਏ ਲੋਕਾਂ ਨੂੰ ਡਰਾਉਣ ਵਾਲਾ ਪਰੈਂਕ ਕਰਨ ਦੀ ਵੀਡੀਓ ਬਣਾਉਂਦਾ ਸੀ ਅਤੇ ਇਸ ’ਚ ਉਸਦੇ ਦੋਸਤ ਵੀ ਸਾਥ ਦਿੰਦੇ ਸੀ। ਜ਼ੁਹੇਰ ਪਰੈਂਕ ਵੀਡੀਓ ਲਈ ਭੂਤ ਦਾ ਭੇਸ ਧਾਰਦਾ ਅਤੇ ਲੋਕਾਂ ਨੂੰ ਡਰਾਉਂਦਾ ਸੀ।
ਦਸੰਬਰ 2018 ’ਚ ਪਰੈਂਕ ਵੀਡੀਓ ਬਣਾਉਣ ਲਈ ਇੱਕ ਦਿਨ ਜ਼ੁਹੇਰ ਆਪਣੇ ਦੋਸਤਾਂ ਨਾਲ ਲਾਹੌਰ ਦੀ ਇੱਕ ਪਾਰਕ ’ਚ ਪਹੁੰਚਿਆ। ਇਸੇ ਦੌਰਾਨ ਜਦੋਂ ਉਹ ਪਾਰਕ ’ਚ ਬੈਠੇ ਇੱਕ ਪਰਿਵਾਰ ਨੂੰ ਡਰਾਉਣ ਲੱਗਾ ਤਾਂ ਉਹਨਾਂ ’ਚੋਂ ਇੱਕ ਫੈਮਿਲੀ ਮੈਂਬਰ ਨੇ ਜ਼ੁਹੇਰ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉਸਦੀ ਜਾਨ ਚਲੀ ਗਈ।
ਜੁਆਨ ਲੁਈਸ: ਮੈਕਸੀਕੋ ਦੇ ਰਹਿਣ ਵਾਲੇ ਜੁਆਨ ਲੁਈਸ ਦੇ 17 ਸਾਲ ਦੀ ਉਮਰ ’ਚ ਹੀ ਸੋਸ਼ਲ ਮੀਡੀਆ ’ਤੇ ਲੱਖਾਂ ਫੋਲੋਅਰ ਸੀ। ਜੁਆਨ ਦੇ ਮਸ਼ਹੂਰ ਹੋਣ ਦੀ ਵਜ੍ਹਾ ਸੀ ਉਸ ਵੱਲੋਂ ਸੋਸ਼ਲ ਮੀਡੀਆ ’ਤੇ ਪਾਏ ਗਏ ਵੀਡੀਓ ਸਨ ਜਿਹਨਾਂ ’ਚ ਉਹ ਕੁਝ ਵੀ ਇਧਰ-ਉਧਰ ਦੀਆਂ ਗੱਲਾਂ ਮਾਰਦਾ, ਸ਼ਰਾਬ ਪੀਂਦਾ ਅਤੇ ਹੋਟ ਕੁੜੀਆਂ ਨਾਲ ਡੇਟ ਕਰਦਾ ਦਿਖਾਈ ਦਿੰਦਾ। ਪਰ ਜੁਆਨ ਨੇ 2017 ’ਚ ਇੱਕ ਅਜਿਹਾ ਵੀਡੀਓ ਅਪਲੋਡ ਕੀਤਾ ਜਿਸਨੇ ਉਸਦੀ ਜਾਨ ਹੀ ਲੈ ਲਈ।
YouTube
ਇਸ ਵੀਡੀਓ ’ਚ ਜੁਆਨ ਮੈਕਸੀਕੋ ਦੇ ਡਰੱਗ ਮਾਫੀਆ ਨੂੰ ਗਾਲਾਂ ਕੱਢਦਾ ਦਿਖਾਈ ਦਿੱਤਾ ਪਰ ਸ਼ਾਇਦ ਮਾਫੀਆ ਦੇ ਬੰਦਿਆਂ ਨੂੰ ਇਹ ਮਜ਼ਾਕ ਚੰਗਾ ਨਹੀਂ ਲੱਗਾ। ਜੁਆਨ ਨੇ ਕੁਝ ਦਿਨ ਬਾਅਦ ਇੱਕ ਪਾਰਟੀ ਦੌਰਾਨ ਇੰਸਟਾਗ੍ਰਾਮ ’ਤੇ ਲਾਈਵ ਵੀਡੀਓ ਪਾਉਂਦੇ ਹੋਏ ਆਪਣੀ ਲੋਕੇਸ਼ਨ ਪੋਸਟ ਕੀਤੀ ਤਾਂ ਮਾਫੀਆ ਦੇ ਬੰਦੇ ਵੀ ਉੱਥੇ ਪਹੁੰਚ ਗਏ ਜਿਹਨਾਂ ਨੇ ਜੁਆਨ ਦੇ ਸਿਰ ’ਚ 18 ਗੋਲੀਆਂ ਮਾਰੀਆਂ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।
ਐਸਾਦ ਸ਼ਾਹ: ਸਕਾਟਲੈਂਡ ’ਚ ਰਹਿੰਦੇ ਯੂ-ਟਿਊਬਰ ਐਸਾਦ ਸ਼ਾਹ ਦੀ 2016 ’ਚ ਉਸਦੀ ਹੀ ਦੁਕਾਨ ’ਤੇ ਹੱਤਿਆ ਕਰ ਦਿੱਤੀ ਗਈ। ਐਸਾਦ ਸ਼ਾਹ ਯੂਟਿਊਬ ’ਤੇ ਇਸਲਾਮ ਨਾਲ ਜੁੜੀਆਂ ਵੀਡੀਓ ਅਪਲੋਡ ਕਰਦਾ ਸੀ ਪਰ ਉਸ ਦੀਆਂ ਗੱਲਾਂ ਇੰਗਲੈਂਡ ’ਚ ਬੈਠੇ ਤਨਵੀਰ ਆਮੀਰ ਨੂੰ ਪਸੰਦ ਨਹੀਂ ਆਈਆਂ। ਤਨਵੀਰ ਇੰਗਲੈਂਡ ਤੋਂ ਸਕਾਟਲੈਂਡ ਪਹੁੰਚਿਆ ਅਤੇ ਦੁਕਾਨ ਬੰਦ ਕਰ ਰਹੇ ਐਸਾਦ ਸ਼ਾਹ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਉਸਦੀ ਮੌਤ ਹੋ ਗਈ।
Crime
ਪੁਲਿਸ ਨੇ ਤਨਵੀਰ ਨੂੰ ਕਾਬੂ ਕਰ ਲਿਆ ਅਤੇ ਉਸਨੂੰ ਉਮਰ ਕੈਦ ਦੀ ਸਜ਼ਾ ਹੋਈ। ਇਹ ਘਟਨਾਵਾਂ ਦਰਸਾਉਂਦੀਆਂ ਨੇ ਕਿ ਯੂ-ਟਿਊਬ ’ਤੇ ਪ੍ਰਸਿੱਧੀ ਘੱਟਣ ਲਈ ਸਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਉਂਕਿ ਯੂਟਿਊਬ ’ਤੇ ਫੇਮ ਪਾਉਣ ਲਈ ਚੁੱਕਿਆ ਸਾਡਾ ਇੱਕ ਵੀ ਗਲਤ ਕਦਮ ਸਾਡੀ ਜਾਨ ਜਾਣ ਦਾ ਕਾਰਨ ਬਣ ਸਕਦੈ।