
Indonesian President: ਕਿਹਾ, ਮੇਰੇ ਜੈਨੇਟਿਕ ਟੈਸਟ ਤੋਂ ਪਤਾ ਲੱਗਿਆ ਮੈਂ ਭਾਰਤੀ ਹਾਂ, ਮੇਰੇ ਪੁਰਖੇ ਵੀ ਭਾਰਤੀ ਸਨ
ਗਣਤੰਤਰ ਦਿਵਸ ਮੌਕੇ ਰਾਸ਼ਟਰਪਤੀ ਮੁਰਮੂ ਦੁਆਰਾ ਆਯੋਜਤ ਰਾਤ ਦੇ ਖਾਣੇ ’ਤੇ ਪੁੱਜੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ
Indonesian President: ਗਣਤੰਤਰ ਦਿਵਸ ਦੇ ਮੌਕੇ ’ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ ਆਯੋਜਤ ਰਾਤ ਦੇ ਖਾਣੇ ਦੌਰਾਨ ਇਸ ਵਾਰ ਮੁੱਖ ਮਹਿਮਾਨ ਵਜੋਂ ਪੁੱਜੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬੀਆਂਤੋ ਨੇ ਅਜਿਹਾ ਕੁੱਝ ਕਿਹਾ ਕਿ ਉੱਥੇ ਮੌਜੂਦ ਹਰ ਕੋਈ ਹੱਸ ਪਿਆ। ਸੁਬੀਆਂਤੋ ਨੇ ਕਿਹਾ ਕਿ ਕੁੱਝ ਹਫ਼ਤੇ ਪਹਿਲਾਂ ਉਨ੍ਹਾਂ ਨੇ ਅਪਣਾ ਜੈਨੇਟਿਕ ਟੈਸਟ ਕਰਵਾਇਆ ਅਤੇ ਫਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਡੀਐਨਏ ਵੀ ਭਾਰਤੀ ਹੈ। ਮੇਰੇ ਪੁਰਖੇ ਵੀ ਭਾਰਤੀ ਸਨ। ਉਨ੍ਹਾਂ ਕਿਹਾ, ਹਰ ਕੋਈ ਜਾਣਦਾ ਹੈ ਕਿ ਜਦੋਂ ਵੀ ਮੈਂ ਭਾਰਤੀ ਸੰਗੀਤ ਸੁਣਦਾ ਹਾਂ, ਮੈਂ ਨੱਚਦਾ ਹਾਂ। ਇਹ ਮੇਰੇ ਭਾਰਤੀ ਜੀਨਾਂ ਦਾ ਹਿੱਸਾ ਹੈ।
ਉਨ੍ਹਾਂ ਕੋਲ ਮੌਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਇਹ ਸੁਣ ਕੇ ਹੱਸ ਪਏ। ਸੁਬੀਆਂਤੋ ਨੇ ਕਿਹਾ, ਸਾਡੀ ਭਾਸ਼ਾ ਦਾ ਇਕ ਮਹੱਤਵਪੂਰਨ ਹਿੱਸਾ ਸੰਸਕ੍ਰਿਤ ਤੋਂ ਆਉਂਦਾ ਹੈ। ਇੰਡੋਨੇਸ਼ੀਆ ਵਿਚ ਬਹੁਤ ਸਾਰੇ ਨਾਮ ਸੰਸਕ੍ਰਿਤ ਉੱਤੇ ਆਧਾਰਿਤ ਹਨ। ਸਾਡੇ ਰੋਜ਼ਾਨਾ ਜੀਵਨ ਵਿਚ ਵੀ ਭਾਰਤੀ ਸੰਸਕ੍ਰਿਤੀ ਨਾਲ ਬਹੁਤ ਡੂੰਘਾ ਸਬੰਧ ਹੈ।
ਸੁਬੀਆਂਤੋ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਉਨ੍ਹਾਂ ਕਿਹਾ, ਮੈਨੂੰ ਮਾਣ ਹੈ ਕਿ ਮੈਂ ਭਾਰਤ ਵਿਚ ਹਾਂ, ਮੈਂ ਕੋਈ ਪੇਸ਼ੇਵਰ ਸਿਆਸਤਦਾਨ ਨਹੀਂ ਹਾਂ, ਮੈਂ ਚੰਗਾ ਡਿਪਲੋਮੈਟ ਵੀ ਨਹੀਂ ਹਾਂ, ਪਰ ਮੈਂ ਦਿਲੋਂ ਕਹਿੰਦਾ ਹਾਂ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਹੁਤ ਕੁੱਝ ਸਿਖਿਆ ਹੈ। ਐਤਵਾਰ ਨੂੰ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ ਆਯੋਜਤ ਪ੍ਰੋਗਰਾਮ ਮੁੱਖ ਤੌਰ ’ਤੇ ਦਖਣੀ ਭਾਰਤ ਦੀਆਂ ਖਾਣਾ ਬਣਾਉਣ ਦੀ ਕਲਾ ਅਤੇ ਸਭਿਆਚਾਰਕ ਵਿਭਿੰਨਤਾ ’ਤੇ ਕੇਂਦਰਿਤ ਸੀ।