
Saif Ali Khan case: ਅਪਣੀ ਹੋਣ ਵਾਲੀ ਲਾੜੀ ਨੂੰ ਮਿਲਣ ਜਾਂਦੇ ਸਮੇਂ ਸੈਫ਼ ਦਾ ਹਮਲਾਵਰ ਸਮਝ ਕੇ ਚੁਕਿਆ ਸੀ ਮੁੰਬਈ ਪੁਲਿਸ ਨੇ
Saif Ali Khan case: ਅਭਿਨੇਤਾ ਸੈਫ਼ ਅਲੀ ਖ਼ਾਨ ’ਤੇ ਹੋਏ ਹਮਲੇ ਦੇ ਮਾਮਲੇ ’ਚ ਸ਼ੱਕੀ ਵਜੋਂ ਹਿਰਾਸਤ ’ਚ ਲਏ ਗਏ ਵਿਅਕਤੀ ਦੀ ਜ਼ਿੰਦਗੀ ਬਦਲ ਗਈ ਹੈ। ਪੁਲਿਸ ਤੋਂ ਕਲੀਨ ਚਿੱਟ ਮਿਲਣ ਤੋਂ ਬਾਅਦ ਆਕਾਸ਼ ਕਨੌਜੀਆ ਨੇ ਦੋਸ਼ ਲਗਾਇਆ ਹੈ ਕਿ ਮੁੰਬਈ ਪੁਲਿਸ ਦੀ ਇਕ ਗ਼ਲਤੀ ਨੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿਤੀ। ਉਸ ਨੇ ਦਸਿਆ ਕਿ ਉਹ ਅਪਣੀ ਹੋਣ ਵਾਲੀ ਲਾੜੀ ਨੂੰ ਮਿਲਣ ਜਾ ਰਿਹਾ ਸੀ। ਉਸ ਨੂੰ ਰਸਤੇ ਵਿਚ ਹੀ ਹਿਰਾਸਤ ਵਿਚ ਲੈ ਲਿਆ ਗਿਆ। ਜਦੋਂ ਪੁਲਿਸ ਨੇ ਉਸਨੂੰ ਰਿਹਾਅ ਕੀਤਾ ਤਾਂ ਉਸਦਾ ਵਿਆਹ ਟੁੱਟ ਗਿਆ ਸੀ ਅਤੇ ਉਸਨੂੰ ਨੌਕਰੀ ਤੋਂ ਵੀ ਕੱਢ ਦਿਤਾ ਗਿਆ ਸੀ।
ਛੱਤੀਸਗੜ੍ਹ ਦੇ ਦੁਰਗ ’ਚ ਐਤਵਾਰ ਨੂੰ ਹਿਰਾਸਤ ’ਚ ਲਏ ਗਏ ਇਕ ਵਿਅਕਤੀ ਆਕਾਸ਼ ਕਨੌਜੀਆ ਨੇ ਕਿਹਾ ਕਿ ਪੁਲਿਸ ਕਾਰਵਾਈ ਤੋਂ ਬਾਅਦ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ, ਉਸ ਕੋਲ ਕੋਈ ਨੌਕਰੀ ਨਹੀਂ ਹੈ ਅਤੇ ਉਸ ਦੇ ਪਰਵਾਰ ਨੂੰ ਬਦਨਾਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੰਬਈ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਬਾਅਦ, ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ਼) ਨੇ 18 ਜਨਵਰੀ ਨੂੰ ਦੁਰਗ ਸਟੇਸ਼ਨ ਤੋਂ ਮੁੰਬਈ ਲੋਕਮਾਨਿਆ ਤਿਲਕ ਟਰਮੀਨਸ-ਕੋਲਕਾਤਾ ਸ਼ਾਲੀਮਾਰ ਗਿਆਨੇਸ਼ਵਰੀ ਐਕਸਪ੍ਰੈਸ ਤੋਂ ਆਕਾਸ਼ ਕਨੌਜੀਆ (31) ਨੂੰ ਹਿਰਾਸਤ ਵਿਚ ਲਿਆ ਸੀ। 19 ਜਨਵਰੀ ਦੀ ਸਵੇਰ ਨੂੰ, ਮੁੰਬਈ ਪੁਲਿਸ ਨੇ ਬੰਗਲਾਦੇਸ਼ੀ ਨਾਗਰਿਕ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਮੁਹੰਮਦ ਰੋਹਿਲਾ ਅਮੀਨ ਫਕੀਰ ਉਰਫ਼ ਵਿਜੇ ਦਾਸ ਨੂੰ ਗੁਆਂਢੀ ਠਾਣੇ ਤੋਂ ਗ੍ਰਿਫ਼ਤਾਰ ਕੀਤਾ, ਜਿਸ ਤੋਂ ਬਾਅਦ ਦੁਰਗ ਆਰਪੀਐਫ਼ ਨੇ ਕਨੌਜੀਆ ਨੂੰ ਰਿਹਾਅ ਕਰ ਦਿਤਾ ਸੀ।
ਜ਼ਿਕਰਯੋਗ ਹੈ ਕਿ 15 ਜਨਵਰੀ ਦੀ ਰਾਤ ਨੂੰ ਮੁੰਬਈ ਦੇ ਬਾਂਦਰਾ ਇਲਾਕੇ ’ਚ ਸਤਿਗੁਰੂ ਸ਼ਰਨ ਦੀ 12ਵੀਂ ਮੰਜ਼ਲ ’ਤੇ ਸਥਿਤ ਅਭਿਨੇਤਾ ਸੈਫ਼ ਅਲੀ ਖ਼ਾਨ ਦੀ ਰਿਹਾਇਸ਼ ਨੂੰ ਲੁੱਟਣ ਦੀ ਕੋਸ਼ਿਸ਼ ਦੌਰਾਨ ਇਕ ਵਿਅਕਤੀ ਨੇ ਅਭਿਨੇਤਾ ’ਤੇ ਚਾਕੂ ਨਾਲ ਕਈ ਵਾਰ ਕੀਤੇ। ਖ਼ਾਨ ਦੀ ਸਰਜਰੀ ਹੋਈ ਅਤੇ ਬਾਅਦ ਵਿਚ ਛੁੱਟੀ ਦੇ ਦਿਤੀ ਗਈ।