
ਸੂਬੇ 'ਚ ਦਸ ਸਾਲਾਂ ਬਾਅਦ ਹੋਂਦ ਵਿਚ ਆਈ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿਚਕਾਰ ਵਧ
ਬਠਿੰਡਾ, 8 ਅਗੱਸਤ (ਸੁਖਜਿੰਦਰ ਮਾਨ) : ਸੂਬੇ 'ਚ ਦਸ ਸਾਲਾਂ ਬਾਅਦ ਹੋਂਦ ਵਿਚ ਆਈ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿਚਕਾਰ ਵਧ ਰਹੀ 'ਸਾਂਝ' ਅਕਾਲੀਆਂ ਲਈ ਚਿੰਤਾ ਦਾ ਮਾਮਲਾ ਬਣਨ ਲੱਗੀ ਹੈ। ਇਕ ਪਾਸੇ ਦੇਸ਼ ਦੇ ਸੱਭ ਤੋਂ ਬਜ਼ੁਰਗ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਮੁਲਾਕਾਤ ਲਈ ਪ੍ਰਧਾਨ ਮੰਤਰੀ ਕੋਲੋਂ ਕਈ-ਕਈ ਮਹੀਨੇ ਸਮਾਂ ਨਾ ਮਿਲਣ ਦੀ ਚਰਚਾ ਹੈ ਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਚਾਰ ਮਹੀਨਿਆਂ 'ਚ ਪ੍ਰਧਾਨ ਮੰਤਰੀ ਨਾਲ ਚਾਰ ਮੁਲਾਕਾਤਾਂ ਕਰ ਲਈਆਂ ਹਨ। ਹੈਰਾਨੀਜਨਕ ਗੱਲ ਇਹ ਵੀ ਹੈ ਕਿ ਵਿਰੋਧੀ ਪਾਰਟੀ ਨਾਲ ਸਬੰਧਤ ਸਰਕਾਰ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਦੇ ਮੁਖੀ ਜਾਂ ਕਿਸੇ ਵੀ ਵਜ਼ੀਰ ਵਲੋਂ ਹਾਲੇ ਤਕ ਕੇਂਦਰ ਦੇ ਵਤੀਰੇ 'ਤੇ ਉਂਗਲ ਵੀ ਨਹੀਂ ਚੁੱਕੀ ਗਈ ਹਾਲਾਂਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਮੰਤਰੀ ਜਾਂ ਵਿਧਾਇਕ ਉਸ ਵੇਲੇ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਕਸਰ ਨੁਕਤਾਚੀਨੀ ਕਰਦੇ ਰਹਿੰਦੇ ਸਨ।
ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਸੂਤਰਾਂ ਮੁਤਾਬਕ ਸੂਬੇ ਤੇ ਕੇਂਦਰ 'ਚ ਦੋ ਵੱਖ-ਵੱਖ ਵਿਚਾਰਧਾਰਾਵਾਂ ਵਾਲੀਆਂ ਪਾਰਟੀਆਂ ਦੀਆਂ ਸਰਕਾਰਾਂ ਹੋਣ ਦੇ ਬਾਵਜੂਦ ਹਾਲੇ ਤਕ ਕਿਤੇ ਇਹ ਮਹਿਸੂਸ ਨਹੀਂ ਹੋਇਆ ਕਿ ਮੋਦੀ ਸਰਕਾਰ ਵਲੋਂ ਪੰਜਾਬ ਨਾਲ 'ਧੱਕਾ' ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਰਕਾਰ 'ਚ ਪ੍ਰਭਾਵਸ਼ਾਲੀ ਭੂਮਿਕਾ ਅਦਾ ਕਰਨ ਵਾਲੇ ਸਲਾਹਕਾਰ ਨੇ ਅਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦਾਅਵਾ ਕੀਤਾ, 'ਜਦ ਵੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਲਈ ਸਮਾਂ ਮੰਗਿਆ ਹੈ ਤਾਂ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਕਦੇ ਵੀ ਨਾਂਹ ਨਹੀਂ ਕੀਤੀ ਗਈ।'' ਪਿਛਲੀ ਮੀਟਿੰਗ ਦੌਰਾਨ ਤਾਂ ਮੋਦੀ ਨੇ ਕਰੀਬ 40 ਮਿੰਟ ਕੈਪਟਨ ਅਮਰਿੰਦਰ ਸਿੰਘ ਨਾਲ ਇਕੱਲਿਆਂ ਗੁਫ਼ਤਗੂ ਕੀਤੀ ਸੀ ਜੋ ਸਿਆਸੀ ਗਲਿਆਰਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ ਸੀ।
ਉਂਜ ਹਰ ਸਮੇਂ ਦੋ ਉਲਟ ਮੁਹਾਜ਼ਾਂ 'ਤੇ ਡਟਣ ਵਾਲੇ ਪੰਜਾਬ ਅਤੇ ਕੇਂਦਰ ਵਿਚ ਇਹ ਨਜ਼ਾਰਾ ਇੰਦਰ ਕੁਮਾਰ ਗੁਜਰਾਲ ਦੀ ਸਰਕਾਰ ਤੋਂ ਬਾਅਦ ਦੂਜੀ ਵਾਰ ਵੇਖਣ ਨੂੰ ਮਿਲ ਰਿਹਾ ਹੈ ਜਦ ਕਾਂਗਰਸ ਸਹਾਰੇ ਖੜੀ ਗੁਜਰਾਲ ਸਰਕਾਰ ਵਲੋਂ ਪੰਜਾਬ ਦੀ ਬਾਦਲ ਸਰਕਾਰ ਦੀਆਂ ਵੱਡੀਆਂ ਮੰਗਾਂ ਨੂੰ ਪੂਰਾ ਕੀਤਾ ਗਿਆ ਸੀ। ਸੂਬੇ ਦੇ ਸਿਆਸੀ ਮਾਹਰਾਂ ਮੁਤਾਬਕ ਬੇਸ਼ੱਕ ਪੰਜਾਬ ਦੀਆਂ ਮੰਗਾਂ ਸਬੰਧੀ ਮੋਦੀ ਸਰਕਾਰ ਵਲੋਂ ਹਾਲੇ ਤਕ ਗੁਜਰਾਲ ਸਰਕਾਰ ਵਾਂਗ ਹੂੰਗਾਰਾ ਨਹੀਂ ਭਰਿਆ ਗਿਆ ਪਰ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਵਿਚਕਾਰ ਬਣ ਰਹੀ ਸਾਂਝ ਆਉਣ ਵਾਲੇ ਸਮੇਂ 'ਚ ਜ਼ਰੂਰ ਕੰਮ ਕਰ ਸਕਦੀ ਹੈ। ਪੰਜਾਬ ਸਰਕਾਰ ਵਿਚ ਸ਼ਾਮਲ ਆਗੂਆਂ ਨੂੰ ਵੀ ਉਮੀਦ ਹੈ ਕਿ ਦੋਹਾਂ ਸਰਕਾਰਾਂ ਵਿਚਕਾਰ ਬਣ ਰਹੀ 'ਸਾਂਝ' ਸੂਬੇ ਦੇ ਹਿੱਤ ਵਿਚ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੇ ਸਟੈਂਡ ਦੇ ਉਲਟ ਮੋਦੀ ਸਰਕਾਰ ਵਲੋਂ ਲਾਗੂ ਕੀਤੇ ਗਏ ਜੀ.ਐਸ.ਟੀ ਦਾ ਪੰਜਾਬ ਸਰਕਾਰ ਨੇ ਭਰਵਾਂ ਸਵਾਗਤ ਕੀਤਾ ਸੀ। ਇਸੇ ਤਰ੍ਹਾਂ ਕਸ਼ਮੀਰ 'ਚ ਫ਼ੌਜੀ ਅਫ਼ਸਰ ਵਲੋਂ ਕਸ਼ਮੀਰੀ ਨੌਜਵਾਨ ਨੂੰ ਢਾਲ ਬਣਾਉਣ ਦੇ ਮਾਮਲੇ 'ਚ ਵੀ ਕੈਪਟਨ ਨੇ ਉਸ ਦੇ ਹੱਕ 'ਚ ਸਟੈਂਡ ਲਿਆ ਸੀ। ਉਧਰ, ਅਕਾਲੀ ਦਲ ਦੇ ਕੁੱਝ ਸੀਨੀਅਰ ਆਗੂਆਂ ਨੇ ਕਿਹਾ ਕਿ ਉਹ ਪੰਜਾਬ ਨੂੰ ਕੁੱਝ ਦੇਣ ਦੇ ਵਿਰੁਧ ਨਹੀਂ ਹਨ ਪਰ ਕੇਂਦਰ 'ਚ ਭਾਈਵਾਲ ਅਕਾਲੀ ਦਲ ਨਾਲ ਪੰਜਾਬ 'ਚ ਕਾਂਗਰਸ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਨੂੰ ਵੀ ਧਿਆਨ ਵਿਚ ਰਖਣਾ ਚਾਹੀਦਾ ਹੈ।