
ਕਾਂਗਰਸ ਕੀ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ : ਸਮ੍ਰਿਤੀ
ਨਵੀਂ ਦਿੱਲੀ, 26 ਮਾਰਚ : ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਰਾਹੁਲ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ, 'ਰਾਹੁਲ ਗਾਂਧੀ ਜੀ, ਲਗਦਾ ਹੈ ਕਿ ਜੋ ਤੁਸੀਂ ਕਹਿੰਦੇ ਹੋ, ਉਸ ਦੇ ਉਲਟ ਤੁਹਾਡੀ ਟੀਮ ਕੰਮ ਕਰਦੀ ਹੈ। ਨਮੋ ਐਪ ਨੂੰ ਡਿਲੀਟ ਕਰਨ ਦੀ ਬਜਾਏ ਉਨ੍ਹਾਂ ਨੇ ਕਾਂਗਰਸ ਐਪ ਨੂੰ ਡਿਲੀਟ ਕਰ ਦਿਤਾ ਹੈ।' ਸਮ੍ਰਿਤੀ ਨੇ ਸਵਾਲ ਕੀਤਾ ਕਿ ਕਾਂਗਰਸ ਡੈਟਾ ਸਿੰਗਾਪੁਰ ਦੇ ਸਰਵਰਾਂ ਵਿਚ ਕਿਉਂ ਭੇਜਦੀ ਹੈ? ਡੈਟਾ ਲੀਕ ਦੇ ਦੋਸ਼ਾਂ ਮਗਰੋਂ ਅਜਿਹੀ ਖ਼ਬਰ ਆਈ ਹੈ ਕਿ ਕਾਂਗਰਸ ਨੇ ਪਲੇਅ ਸਟੋਰ ਤੋਂ ਅਪਣਾ ਐਪ ਹਟਾ ਦਿਤਾ ਹੈ ਹਾਲਾਂਕਿ ਪਾਰਟੀ ਨੇ ਇਸ ਬਾਰੇ ਕੋਈ ਬਿਆਨ ਨਹੀਂ ਦਿਤਾ।
Congress
ਉਧਰ, ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਯ ਨੇ ਦਸਿਆ, 'ਕਾਂਗਰਸ ਦਾ ਐਪ ਪਲੇਅ ਸਟੋਰ 'ਤੇ ਉਪਲਭਧ ਨਹੀਂ ਹੈ। ਬਦਲਾਅ ਦਾ ਮੈਸੇਜ ਆ ਰਿਹਾ ਹੈ। ਅਸੀਂ ਪੁਛਦੇ ਹਾਂ ਕਿ ਕਾਂਗਰਸ ਪਾਰਟੀ ਕੀ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ? ਦਰਅਸਲ, ਇਹ ਵਿਵਾਦ ਕਲ ਉਦੋਂ ਸ਼ੁਰੂ ਹੋਇਆ ਜਦ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਦੇ 'ਨਮੋ ਐਪ' ਦਾ ਡੈਟਾ ਅਮਰੀਕੀ ਕੰਪਨੀ ਕੋਲ ਜਾਣ ਦੀ ਗੱਲ ਕਹੀ ਸੀ। (ਏਜੰਸੀ)