
ਮਹਾਰਾਸ਼ਟਰਾ ਸਰਕਾਰ ਨੇ ਅਪਣੇ ਸਕੂਲਾਂ ਵਿਚੋਂ ਲਗਭਗ ਮੁਗ਼ਲ ਇਤਿਹਾਸ ਦਾ ਭੋਗ ਪਾ ਦਿਤਾ ਹੈ। ਤਕਰੀਬਨ-ਤਕਰੀਬਨ ਮੁਗ਼ਲ ਇਤਿਹਾਸ ਨਾਲ ਸਬੰਧਤ ਸਾਰੇ ਹਵਾਲੇ ਸਕੂਲਾਂ ਦੀਆਂ..
ਚੰਡੀਗੜ੍ਹ, 8 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਮਹਾਰਾਸ਼ਟਰਾ ਸਰਕਾਰ ਨੇ ਅਪਣੇ ਸਕੂਲਾਂ ਵਿਚੋਂ ਲਗਭਗ ਮੁਗ਼ਲ ਇਤਿਹਾਸ ਦਾ ਭੋਗ ਪਾ ਦਿਤਾ ਹੈ। ਤਕਰੀਬਨ-ਤਕਰੀਬਨ ਮੁਗ਼ਲ ਇਤਿਹਾਸ ਨਾਲ ਸਬੰਧਤ ਸਾਰੇ ਹਵਾਲੇ ਸਕੂਲਾਂ ਦੀਆਂ ਕਿਤਾਬਾਂ 'ਚੋਂ ਬਾਹਰ ਕਰ ਦਿਤੇ ਹਨ। ਉਸ ਦੀ ਬਜਾਏ ਸ਼ਿਵਾ ਜੀ ਦੇ ਰਾਜ ਕਾਲ ਨੂੰ ਸਕੂਲਾਂ ਵਿਚ ਪ੍ਰਮੁੱਖਤਾ ਨਾਲ ਪੜ੍ਹਾਇਆ ਜਾਣ ਲੱਗਾ ਹੈ।
ਮੁਗ਼ਲ ਇਤਿਹਾਸ ਨਾਲ ਸਬੰਧਤ ਤਾਜ ਮਹੱਲ, ਕੁਤਬ ਮੀਨਾਰ, ਲਾਲ ਕਿਲ੍ਹਾ ਆਦਿ ਦੇ ਹਵਾਲੇ ਵੀ ਸਕੂਲਾਂ ਦੀਆਂ ਕਿਤਾਬਾਂ ਵਿਚੋਂ ਗਾਇਬ ਕਰ ਦਿਤੇ ਗਏ ਹਨ। ਵਰਨਣਯੋਗ ਹੈ ਕਿ ਤਾਜ ਮਹੱਲ, ਜਿਸ ਨੂੰ ਕਿ ਇਮਾਰਤ ਤਰਾਸ਼ੀ ਦਾ ਬਹੁਤ ਹੀ ਅਦਭੁਤ ਨਮੂਨਾ ਮੰਨਿਆ ਜਾਂਦਾ ਹੈ, ਦਾ ਸਬੰਧ ਮੁਗ਼ਲ ਰਾਜੇ ਨਾਲ ਹੈ। ਜਿਸ ਨੇ ਕਿ ਇਸ ਨੂੰ ਅਪਣੀ ਬੇਗ਼ਮ ਮੁਮਤਾਜ਼ ਮਹੱਲ ਦੀ ਯਾਦ ਵਿਚ ਬਣਾਇਆ ਸੀ। ਇਸੇ ਤਰ੍ਹਾਂ ਕੁਤਬ ਮੀਨਾਰ ਤੇ ਲਾਲ ਕਿਲ੍ਹਾ ਵੀ ਮੁਗ਼ਲ ਕਾਲ ਦੀਆਂ ਬਹੁਤ ਪ੍ਰਸਿੱਧ ਇਤਿਹਾਸਕ ਇਮਾਰਤਾਂ ਹਨ ਜਿਨ੍ਹਾਂ ਦਾ ਦਿੱਲੀ ਵਿਚ ਵਿਸ਼ੇਸ਼ ਸਥਾਨ ਹੈ।
ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਮੁਗ਼ਲ ਕਾਲ ਨਾਲ ਸਬੰਧਤ ਇਤਿਹਾਸਕ ਹਵਾਲੇ ਕਿਤਾਬਾਂ ਵਿਚੋਂ ਕੱਢਣ ਦਾ ਫ਼ੈਸਲਾ ਵੱਡੇ ਸਰਕਾਰੀ ਪੱਧਰ 'ਤੇ ਲਿਆ ਗਿਆ ਹੈ ਤੇ ਇਸ ਵਿਚ ਇਕ ਆਰ.ਐਸ.ਐਸ. ਨਾਲ ਸਬੰਧਤ ਅਦਾਰਾ ਵੀ ਸ਼ਾਮਲ ਹੈ। ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਹੁਣ ਮਹਾਰਾਸ਼ਟਰ ਦੇ ਸਕੂਲਾਂ ਵਿਚ ਲੱਗੀਆਂ ਇਤਿਹਾਸ ਦੀਆਂ ਕਿਤਾਬਾਂ ਵਿਚ ਕਿਤੇ-ਕਿਤੇ ਅਕਬਰ ਦੇ ਰਾਜ ਦਾ ਮਾੜਾ-ਮੋਟਾ ਹਵਾਲਾ ਮਿਲਦਾ ਹੈ। ਇਨ੍ਹਾਂ ਕਿਤਾਬਾਂ ਵਿਚ ਅਫ਼ਗ਼ਾਨ ਧਾੜਵੀਆਂ ਵਲੋਂ ਹਿੰਦੋਸਤਾਨ ਵਿਚ ਚਲਾਏ ਗਏ ਰੁਪਈਏ ਦਾ ਕਿਤੇ ਵੀ ਜ਼ਿਕਰ ਨਹੀਂ। ਰੁਪਿਆ ਅੱਜ-ਕਲ ਵੀ ਹਿੰਦੋਸਤਾਨ ਦੀ ਸਰਕਾਰੀ ਕਰੰਸੀ ਵਜੋਂ ਚਲ ਰਿਹਾ ਹੈ। ਇਨ੍ਹਾਂ ਕਿਤਾਬਾਂ ਵਿਚ ਨਾ ਹੀ ਰਈਆ ਸੁਲਤਾਨਾ ਅਤੇ ਨਾਲ ਹੀ ਮੁਹੰਮਦ ਬਿਨ ਤੁਗਲਕ ਦਾ ਜ਼ਿਕਰ ਹੈ।
ਸਕੂਲਾਂ ਦੀਆਂ ਕਿਤਾਬਾਂ ਵਿਚ ਸ਼ਿਵਾ ਜੀ ਦੀ ਬਹਾਦਰੀ ਦਾ ਵੱਡੇ ਪੱਧਰ 'ਤੇ ਜ਼ਿਕਰ ਕੀਤਾ ਗਿਆ ਹੈ। ਕਿਸ ਤਰ੍ਹਾਂ ਉਨ੍ਹਾਂ ਨੇ ਮਰਾਠਾ ਰਾਜ ਨੂੰ ਦੂਰ-ਦੂਰ ਤਕ ਫੈਲਾਇਆ ਇਸ ਦਾ ਵੀ ਭਰਪੂਰ ਵੇਰਵਾ ਹੈ। ਉਸ ਨੂੰ ਅਸਲ ਵਿਚ ਇਕ ਆਦਰਸ਼ ਰਾਜੇ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਇਤਿਹਾਸ ਬਾਰੇ ਬਣੀ ਕਮੇਟੀ ਦੇ ਚੇਅਰਮੈਨ ਸਦਾਨੰਦ ਮੋਰੇ ਨੇ ਇਨ੍ਹਾਂ ਤਬਦੀਲੀਆਂ ਦਾ ਭਰਪੂਰ ਸਮਰਥਨ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਤਬਦੀਲੀਆਂ ਕਰਨੀਆਂ ਹੀ ਬਣਦੀਆਂ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਇਤਿਹਾਸ ਨੂੰ ਮਹਾਰਾਸ਼ਟਰਾ ਦੇ ਪੱਖ ਤੋਂ ਕੇਂਦਰਤ ਕੀਤਾ ਹੈ ਤੇ ਜੋ ਪੁਰਾਣਾ ਇਤਿਹਾਸ ਸੀ ਜਿਸ ਦੀ ਹੁਣ ਕੋਈ ਸਾਰਥਿਕਤਾ ਨਹੀਂ ਉਸ ਨੂੰ ਕਿਤਾਬਾਂ 'ਚੋਂ ਬਾਹਰ ਕੱਢ ਦਿਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਉਂ ਕਿ ਅਸੀਂ ਮਹਾਰਾਸ਼ਟਰਾ ਦੇ ਰਹਿਣ ਵਾਲੇ ਇਸ ਲਈ ਇਥੋਂ ਦੇ ਇਤਿਹਾਸ ਵਿਚ ਤਬਦੀਲੀਆਂ ਕਰਨੀਆਂ ਯੋਗ ਫ਼ੈਸਲਾ ਹੈ।