
ਡੋਕਲਾਮ ਵਿਚੋਂ ਦੋਹਾਂ ਮੁਲਕਾਂ ਦੀਆਂ ਫ਼ੌਜਾਂ ਦੇ ਇਕੋ ਸਮੇਂ ਪਿੱਛੇ ਹਟਣ ਬਾਰੇ ਭਾਰਤੀ ਸੁਝਾਅ ਨੂੰ ਰੱਦ ਕਰਦਿਆਂ ਚੀਨ ਨੇ ਅੱਜ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਜੇ ਅਸੀ
ਬੀਜਿੰਗ, 8 ਅਗੱਸਤ : ਡੋਕਲਾਮ ਵਿਚੋਂ ਦੋਹਾਂ ਮੁਲਕਾਂ ਦੀਆਂ ਫ਼ੌਜਾਂ ਦੇ ਇਕੋ ਸਮੇਂ ਪਿੱਛੇ ਹਟਣ ਬਾਰੇ ਭਾਰਤੀ ਸੁਝਾਅ ਨੂੰ ਰੱਦ ਕਰਦਿਆਂ ਚੀਨ ਨੇ ਅੱਜ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਜੇ ਅਸੀ ਉਤਰਾਖੰਡ ਦੇ ਕਾਲਾਪਾਣੀ ਇਲਾਕੇ ਜਾਂ ਕਸ਼ਮੀਰ ਵਿਚ ਦਾਖ਼ਲ ਹੋ ਗਏ ਤਾਂ ਨਵੀਂ ਦਿੱਲੀ ਕੀ ਕਰੇਗੀ?
ਚੀਨ ਦੇ ਵਿਦੇਸ਼ ਮੰਤਰਾਲੇ ਵਿਚ ਸਰਹੱਦਾਂ ਅਤੇ ਸਮੁੰਦਰੀ ਮਾਮਲਿਆਂ ਬਾਰੇ ਡਿਪਟੀ ਡਾਇਰੈਕਟਰ ਜਨਰਲ ਵੈਂਗ ਵੈਨਲੀ ਨੇ ਕਿਹਾ, ''ਜੇ ਭਾਰਤ ਦਾ ਇਕ ਸਿਪਾਹੀ ਸਿਰਫ਼ ਇਕ ਦਿਨ ਵਾਸਤੇ ਵੀ ਸਾਡੇ ਇਲਾਕੇ ਵਿਚ ਰਹਿੰਦਾ ਹੈ ਤਾਂ ਇਹ ਸਾਡੀ ਖ਼ੁਦਮੁਖਤਿਆਰੀ ਅਤੇ ਇਲਾਕਾਈ ਏਕਤਾ ਦੀ ਉਲੰਘਣਾ ਹੋਵੇਗੀ।''
ਦੂਜੇ ਪਾਸੇ ਵੈਂਗ ਵੈਨਲੀ ਨੇ ਅੱਜ ਇਕ ਹੈਰਾਨਕੁਨ ਪਰ ਬੇਬੁਨਿਆਦ ਦਾਅਵਾ ਕੀਤਾ ਕਿ ਭੂਟਾਨ ਨੇ ਇਹ ਗੱਲ ਪ੍ਰਵਾਨ ਕਰ ਲਈ ਹੈ ਕਿ ਡੋਕਲਾਮ ਉਸ ਦਾ ਇਲਾਕਾ ਨਹੀਂ। ਭਾਰਤੀ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਵੈਂਗ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ। ਇਥੇ ਦਸਣਾ ਬਣਦਾ ਹੈ ਕਿ ਡੋਕਲਾਮ ਇਲਾਕੇ ਵਿਚ ਚੀਨ ਵਲੋਂ ਸੜਕ ਬਣਾਉਣ ਦੀ ਕੋਸ਼ਿਸ਼ ਮਗਰੋਂ ਇਹ ਵਿਵਾਦ ਸ਼ੁਰੂ ਹੋਇਆ ਸੀ ਅਤੇ ਭੂਟਾਨ ਦਾਅਵਾ ਕਰ ਚੁੱਕਾ ਹੈ ਕਿ ਚੀਨ ਦੁਵੱਲੀ ਸੰਧੀ ਦੀ ਉਲੰਘਣਾ ਕਰ ਰਿਹਾ ਹੈ। ਵੈਂਗ ਨੇ ਕਿਹਾ, ''ਭੂਟਾਨ ਨੂੰ ਭਾਰਤੀ ਫ਼ੌਜੀਆਂ ਦੀ ਡੋਕਲਾਮ ਵਿਚ ਮੌਜੂਦਗੀ ਬਹੁਤ ਅਜੀਬ ਲੱਗ ਰਹੀ ਹੈ ਅਤੇ ਉਥੋਂ (ਭੂਟਾਨ) ਦਾ ਸਰਕਾਰੀ ਮੀਡੀਆ ਲਗਾਤਾਰ ਭਾਰਤ ਦਾ ਵਿਰੋਧ ਕਰ ਰਿਹਾ ਹੈ।'' ਚੀਨ ਦੇ ਇਕ ਸੀਨੀਅਰ ਫ਼ੌਜ ਅਫ਼ਸਰ ਨੇ ਕਲ ਭਾਰਤੀ ਮੀਡੀਆ ਰਾਹੀਂ ਭਾਰਤ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਸੀ। ਭਾਰਤੀ ਮੀਡੀਆ ਨੂੰ ਪੀਪਲਜ਼ ਲਿਬਰੇਸ਼ਨ ਆਰਮੀ ਦੀਆਂ ਤਿਆਰੀਆਂ ਬਾਰੇ ਵਿਸਤਾਰਤ ਜਾਣਕਾਰੀ ਦਿੰਦਿਆਂ ਡਰ ਪੈਦਾ ਕਰਨ ਦਾ ਯਤਨ ਕੀਤਾ ਗਿਆ ਸੀ। (ਏਜੰਸੀ)