
ਪਰ ਸਪੈਸ਼ਲ ਬੈਂਚ ਨਾ ਬੈਠਣ ਕਾਰਨ ਮਾਮਲਾ ਮੁਲਤਵੀ ਕਰ ਦਿੱਤਾ ਗਿਆ।
ਚੰਡੀਗੜ੍ਹ: ਮੌੜ ਬੰਬ ਧਮਾਕੇ ਦੀਆਂ ਤਾਰਾਂ ਡੇਰਾ ਮੁਖੀ ਰਾਮ ਰਹੀਮ ਨਾਲ ਜੁੜੀਆਂ ਹੋਣ ਦਾ ਦੋਸ਼ ਲਗਾਉਂਦਿਆਂ ਪੰਜਾਬ ਪੁਲਿਸ ’ਤੇ ਸਹੀ ਜਾਂਚ ਨਾ ਕਰਨ ਦੀ ਦਲੀਲ ਦੇ ਕੇ ਇਸ ਮਾਮਲੇ ਦੀ ਜਾਂਚ ਐਨ.ਆਈ.ੲ.ੇ ਜਾਂ ਸੀ.ਬੀ.ਆਈ. ਕੋਲੋਂ ਕਰਵਾਉਣ ਦੀ ਮੰਗ ’ਤੇ ਮੁੜ ਵਿਚਾਰ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਕ ਅਰਜ਼ੀ ਦਾਖ਼ਲ ਕੀਤੀ ਗਈ ਹੈ। ਇਸ ਅਰਜੀ ’ਤੇ ਸ਼ੁਕਰਵਾਰ ਨੂੰ ਸੁਣਵਾਈ ਹੋਣੀ ਸੀ ਪਰ ਸਪੈਸ਼ਲ ਬੈਂਚ ਨਾ ਬੈਠਣ ਕਾਰਨ ਮਾਮਲਾ ਮੁਲਤਵੀ ਕਰ ਦਿੱਤਾ ਗਿਆ।
Ram Rahim
ਪਟੀਸ਼ਨਰ ਨੇ ਐਮ.ਐਸ.ਜੋਸ਼ੀ ਰਾਹੀਂ ਅਰਜ਼ੀ ਦਾਖ਼ਲ ਕਰ ਕੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਐਨਆਈਏ ਜਾਂ ਸੀਬੀਆਈ ਕੋਲੋਂ ਕਰਵਾਉਣ ਦੀ ਮੰਗ ਕੀਤੀ ਗਈ ਸੀ ਪਰ ਹਾਈ ਕੋਰਟ ਨੇ ਪਟੀਸ਼ਨਰ ਨੂੰ ਜਾਂਚ ’ਤੇ ਤਸੱਲੀ ਨਾ ਹੋਣ ਦੀ ਸੂਰਤ ਵਿਚ ਅਰਜ਼ੀ ’ਤੇ ਮੁੜ ਵਿਚਾਰ ਕਰਵਾਉਣ ਲਈ ਹਾਈ ਕੋਰਟ ਪਹੁੰਚ ਕਰਨ ਦੀ ਛੋਟ ਦੇ ਦਿਤੀ ਸੀ। ਪਟੀਸ਼ਨਰ ਨੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਸੀ ਪਰ ਇਸੇ ਦੌਰਾਨ ਪੰਜਾਬ ਪੁਲਿਸ ਨੇ ਕਿਹਾ ਕਿ ਜਾਂਚ ਮੁਕੰਮਲ ਹੋ ਗਈ ਹੈ ਤੇ ਦੋਸ਼ ਪੱਤਰ ਹੇਠਲੀ ਅਦਾਲਤ ਵਿਚ ਪੇਸ਼ ਕੀਤੇ ਜਾ ਚੁੱਕੇ ਹਨ ਜਿਸ ਨਾਲ ਹਾਈ ਕੋਰਟ ਨੇ ਪਟੀਸ਼ਨਰ ਦੀ ਅਰਜੀ ਖ਼ਾਰਜ ਕਰ ਦਿਤੀ ਸੀ ਪਰ ਅਸਲ ਵਿਚ ਪੁਲਿਸ ਨੇ ਨਾ ਤਾਂ ਪਟੀਸ਼ਨਰ ਨੂੰ ਮੌੜ ਬੰਬ ਧਮਾਕੇ ਦੀ ਜਾਂਚ ਦੇ ਚਲਾਨ ਦੀ ਕਾਪੀ ਦਿਤੀ ਤੇ ਬਾਅਦ ਵਿਚ ਪਤਾ ਲੱਗਾ ਕਿ ਸਿੱਟ ਨੇ ਹਾਈ ਕੋਰਟ ਨੂੰ ਕਥਿਤ ਤੌਰ ’ਤੇ ਗੁਮਰਾਹ ਕੀਤਾ ਹੈ ਕਿਉਂਕਿ ਤਿੰਨ ਚਲਾਨ ਵਿਚ ਰਾਮ ਰਹੀਮ ਦੇ ਨੇੜਲੇ ਤਿੰਨ ਸਾਧੂਆਂ ਨੂੰ ਨਾਮਜ਼ਦ ਕਰ ਕੇ ਚਲਾਨ ਪੇਸ਼ ਕਰ ਦਿਤਾ ਗਿਆ ਅਤੇ ਕਿਹਾ ਗਿਆ ਕਿ ਅਗਲੇਰੀ ਜਾਂਚ ਉਦੋਂ ਹੀ ਚੱਲ ਸਕੇਗੀ, ਜਦੋਂ ਇਹ ਗਿ੍ਰਫ਼ਤਾਰ ਕੀਤੇ ਜਾਣਗੇ ਤੇ ਉਨ੍ਹਾਂ ਤੋਂ ਪੁਛਗਿਛ ਕੀਤੀ ਜਾਵੇਗੀ ਤੇ ਇਹ ਮੁਲਜ਼ਮ ਭਗੌੜੇ ਅਪਰਾਧੀ ਵੀ ਐਲਾਨੇ ਜਾ ਚੁੱਕੇ ਹਨ।
PUNJAB HARYANA HIGH COURT
ਹੁਣ ਪਟੀਸ਼ਨਰ ਨੇ ਕਿਹਾ ਕਿ ਕਿਉਂਕਿ ਪੁਲਿਸ ਨੇ ਜਾਂਚ ਮੁਕੰਮਲ ਨਹੀਂ ਕੀਤੀ ਹੈ ਤੇ ਜਾਂਚ ਮੁਕੰਮਲ ਨਾ ਹੋਣ ਦੀ ਸੂਰਤ ਵਿਚ ਹਾਈ ਕੋਰਟ ਵਲੋਂ ਪਟੀਸ਼ਨਰ ਦੀ ਅਰਜ਼ੀ ਰੱਦ ਕਰਨ ਦਾ ਹੁਕਮ ਗ਼ਲਤ ਸੀ, ਲਿਹਾਜਾ ਇਸ ਸਬੰਧੀ ਪਹਿਲਾਂ ਦਾਖ਼ਲ ਅਰਜੀ ’ਤੇ ਮੁੜ ਵਿਚਾਰ ਕੀਤਾ ਜਾਵੇ। ਪਟੀਸ਼ਨਰ ਨੇ ਅਰਜ਼ੀ ਵਿਚ ਹਾਈ ਕੋਰਟ ਦਾ ਧਿਆਨ ਦਿਵਾਇਆ ਹੈ ਕਿ ਜਿਸ ਕਾਰ ਵਿਚ ਬੰਬ ਧਮਾਕਾ ਹੋਇਆ ਸੀ, ਉਹ ਰਾਮ ਰਹੀਮ ਦੀ ਨਿਜੀ ਰਿਹਾਇਸ਼ ਵਾਲੀ ਵਰਕਸ਼ਾਪ ਵਿਚ ਤਿਆਰ ਹੋਈ ਸੀ ਤੇ ਇਹ ਧਮਾਕਾ ਰਾਮ ਰਹੀਮ ਦੇ ਕੁੜਮ ਹਰਮਿੰਦਰ ਜੱਸੀ ਦੀ ਚੋਣ ਰੈਲੀ ਵਿਚ ਹੋਇਆ ਸੀ ਅਤੇ ਇਸ ਧਮਾਕੇ ਪਿੱਛੇ ਡੂੰਘੀ ਰਾਜਸੀ ਸਾਜਸ਼ ਹੈ ਅਤੇ ਤਾਰਾਂ ਰਾਮ ਰਹੀਮ ਨਾਲ ਜੁੜੀਆਂ ਹੋਈਆਂ ਹਨ।
ਇਹ ਵੀ ਦੋਸ਼ ਲਗਾਇਆ ਕਿਉਂਕਿ ਧਮਾਕਾ ਚੋਣਾਂ ਦੌਰਾਨ ਹੋਇਆ ਸੀ ਤੇ ਇਹ ਵੋਟਰਾਂ ਵਿਚ ਦਹਿਸ਼ਤ ਪੈਦਾ ਕਰਨ ਲਈ ਕੀਤਾ ਗਿਆ ਜਾਪਦਾ ਹੈ, ਲਿਹਾਜਾ ਇਹ ਧਮਾਕਾ ਸਿੱਧੇ ਤੌਰ ’ਤੇ ਲੋਕਤੰਤਰ ਦਾ ਕਤਲ ਹੈ ਤੇ ਉਂਜ ਵੀ ਹਾਈ ਕੋਰਟ ਨੇ ਸਿੱਟ ਨੂੰ ਹੁਕਮ ਦਿਤਾ ਸੀ ਕਿ ਮੁੱਖ ਮੁਲਜ਼ਮ ਨੂੰ ਲੱਭਿਆ ਜਾਵੇ ਤੇ ਇਸ ਲਈ ਸਿੱਟ ਨੂੰ ਸਮਾਂਬੱਧ ਵੀ ਕੀਤਾ ਸੀ ਪਰ ਅਜੇ ਤਕ ਮੁੱਖ ਮੁਲਜ਼ਮ ਦੂਰ ਦੀ ਗੱਲ, ਕੋਈ ਮੁਲਜ਼ਮ ਵੀ ਨਹੀਂ ਫੜਿਆ ਗਿਆ। ਦੋਸ਼ ਲਗਾਇਆ ਹੈ ਕਿ ਰਾਮ ਰਹੀਮ ਨਾਲ ਤਾਰਾਂ ਜੁੜੀਆਂ ਹੋਣ ਕਰ ਕੇ ਤੇ ਰਾਜਸੀ ਕਾਰਨਾਂ ਕਰ ਕੇ ਪੁਲਿਸ ਜਾਂਚ ਢਿੱਲੀ ਚੱਲ ਰਹੀ ਹੈ ਤੇ ਉਂਜ ਵੀ ਇਹ ਅੰਤਰਰਾਜੀ ਮਾਮਲਾ ਬਣਦਾ ਹੈ, ਲਿਹਾਜਾ ਜਾਂਚ ਐਨਆਈਏ ਜਾਂ ਸੀਬੀਆਈ ਨੂੰ ਦੇਣ ਲਈ ਪਹਿਲਾਂ ਦਾਖ਼ਲ ਕੀਤੀ ਗਈ ਅਰਜੀ ’ਤੇ ਮੁੜ ਵਿਚਾਰ ਕੀਤਾ ਜਾਵੇ ਤੇ ਜਾਂਚ ਐਨਆਈਏ ਜਾਂ ਸੀਬੀਆਈ ਹਵਾਲੇ ਕੀਤੀ ਜਾਵੇ।