
ਵਿਰੋਧੀ ਧਿਰ ਨੇ ਪੁਛਿਆ 'ਵਾਅਦੇ ਕਦੋਂ ਪੂਰੇ ਹੋਣਗੇ?'
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭ੍ਰਿਸ਼ਟਾਚਾਰ ਨਾਲ ਲੜਨ ਦੇ ਐਨ.ਡੀ.ਏ. ਸਰਕਾਰ ਦੇ ਅਹਿਦ ਨੇ ਇਕ ਮੰਚ 'ਤੇ ਆਏ ਕਈਆਂ ਨੂੰ ਡਰਾ ਦਿਤਾ ਹੈ। ਮੋਦੀ ਨੇ ਅਪਣੀ ਸਰਕਾਰ ਦੀ ਚੌਥੀ ਵਰ੍ਹੇਗੰਢ ਮੌਕੇ ਅਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ ਚਾਰ ਸਾਲਾਂ 'ਚ ਵਿਕਾਸ ਇਕ ਜਨ ਅੰਦੋਲਨ ਬਣ ਗਿਆ ਹੈ। 'ਸਾਫ਼ ਨੀਤ, ਸਹੀ ਵਿਕਾਸ' ਹੈਸ਼ਟੈਗ ਨਾਲ ਮੋਦੀ ਨੇ ਅਪਣੀ ਸਰਕਾਰ ਦੀਆਂ ਪ੍ਰਾਪਤੀਆਂ ਵਿਖਾਉਣ ਵਾਲੀਆਂ ਕਈ ਤਸਵੀਰਾਂ, ਚਾਰਟ ਅਤੇ ਵੀਡੀਉ ਦੀ ਇਕ ਲੰਮੀ ਲੜੀ ਵੀ ਪੋਸਟ ਕੀਤੀ।
ਕਟਕ ਵਿਖੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਹ ਸਹੀ ਰਸਤੇ 'ਤੇ ਜਾ ਰਹੇ ਹਨ ਅਤੇ ਲੋਕਾਂ ਨੇ ਇਸ 'ਤੇ ਅਪਣੀ ਮੋਹਰ ਲਾਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 20 ਸੂਬਿਆਂ 'ਚ ਸੱਤਾ 'ਚ ਹੋਣ ਤੋਂ ਜ਼ਾਹਰ ਹੈ ਕਿ ਲੋਕਾਂ ਨੇ ਪਿਛਲੇ ਚਾਰ ਸਾਲਾਂ 'ਚ ਐਨ.ਡੀ.ਏ. ਦੇ ਕੰਮਕਾਜ ਨੂੰ ਸਲਾਹਿਆ ਹੈ। ਜਦਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਦੇ ਮੌਕੇ 'ਤੇ ਅੱਜ ਉਨ੍ਹਾਂ ਦਾ ਰੀਪੋਰਟ ਕਾਰਡ ਜਾਰੀ ਕੀਤਾ।
Rahul Gandhi
ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਨੂੰ ਚਾਰ ਵਿਸ਼ਿਆਂ ਵਿਚ ਫ਼ੇਲ੍ਹ ਕਰਾਰ ਦਿਤਾ ਜਦਕਿ ਦੋ ਵਿਸ਼ਿਆਂ ਵਿਚ ਸਰਵਸ਼੍ਰੇਸਠ ਪ੍ਰਦਰਸ਼ਨ ਅਤੇ ਇਕ ਵਿਚ ਖ਼ਰਾਬ ਦਸਿਆ ਹੈ। ਰਾਹੁਲ ਨੇ ਟਵੀਟ ਕਰ ਕੇ ਕਿਹਾ, ''ਚਾਰ ਸਾਲ ਦਾ ਰੀਪੋਰਟ ਕਾਰਡ : ਖੇਤੀ ਵਿਚ ਫ਼ੇਲ੍ਹ, ਵਿਦੇਸ਼ ਨੀਤੀ ਵਿਚ ਫ਼ੇਲ੍ਹ, ਤੇਲ ਕੀਮਤਾਂ ਵਿਚ ਫ਼ੇਲ੍ਹ ਅਤੇ ਰੁਜ਼ਗਾਰ ਸਿਰਜਣ ਵਿਚ ਫ਼ੇਲ੍ਹ।''
ਕਾਂਗਰਸ ਪ੍ਰਧਾਨ ਨੇ ਟਵੀਟ ਵਿਚ ਮੋਦੀ ਸਰਕਾਰ ਨੂੰ ਨਾਹਰੇ ਘੜਨ ਅਤੇ ਖ਼ੁਦ ਦਾ ਪ੍ਰਚਾਰ ਕਰਨ ਵਿਚ ਜਿੱਥੇ ਏ ਪਲੱਸ ਰੈਂਕ ਦਿਤਾ ਹੈ, ਉਥੇ ਹੀ ਯੋਗ ਵਿਚ ਖ਼ਰਾਬ ਪ੍ਰਦਰਸ਼ਨ ਲਈ ਸਰਕਾਰ ਨੂੰ ਬੀ ਮਾਈਨਸ ਰੈਂਕ ਦਿਤਾ ਹੈ। ਰਾਹੁਲ ਨੇ ਟਵੀਟ ਵਿਚ ਲਿਖਿਆ ਹੈ ਕਿ ਮੋਦੀ ਸ਼ਾਨਦਾਰ ਬੁਲਾਰੇ ਹਨ, ਔਖੇ ਮੁੱਦਿਆਂ 'ਤੇ ਸੰਘਰਸ਼ ਕਰ ਰਹੇ ਹਨ, ਧਿਆਨ ਦਾ ਸਮਾਂ ਬਹੁਤ ਘੱਟ ਹੈ। (ਏਜੰਸੀਆਂ)