
ਫਰਾਂਸ ਵਿਚ ਪਛਾਣ ਪੱਤਰ 'ਤੇ ਦਸਤਾਰ ਵਾਲੀ ਫ਼ੋਟੋ ਹੀ ਲਾਏ ਜਾਣ ਲਈ ਅਦਾਲਤੀ ਸੰਘਰਸ਼ ਲੜਨ ਵਾਲੇ 86 ਸਾਲਾ ਬਾਬਾ ਰਣਜੀਤ ਸਿੰਘ ਦੇ ਭਾਰਤ ਵਾਪਸ ਪਰਤਣ 'ਤੇ ...
ਫਰਾਂਸ ਵਿਚ ਪਛਾਣ ਪੱਤਰ 'ਤੇ ਦਸਤਾਰ ਵਾਲੀ ਫ਼ੋਟੋ ਹੀ ਲਾਏ ਜਾਣ ਲਈ ਅਦਾਲਤੀ ਸੰਘਰਸ਼ ਲੜਨ ਵਾਲੇ 86 ਸਾਲਾ ਬਾਬਾ ਰਣਜੀਤ ਸਿੰਘ ਦੇ ਭਾਰਤ ਵਾਪਸ ਪਰਤਣ 'ਤੇ ਅੱਜ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਤੇ ਹੋਰਨਾਂ ਅਹੁਦੇਦਾਰਾਂ ਨੇ ਉਨਾਂ੍ਹ ਨੂੰ ਸਨਮਾਨਤ ਕਰਦਿਆਂ ਮੁੜ ਐਲਾਨ ਕੀਤਾ ਕਿ ਉਹ ਇਸ ਮਾਮਲੇ 'ਚ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਤੇ ਦਿੱਲੀ ਵਿਚਲੇ ਫ਼ਰਾਂਸ ਦੇ ਸਫ਼ਾਰਤਖ਼ਾਨੇ ਕੋਲ ਦਸਤਾਰ ਦਾ ਮਾਮਲਾ ਚੁਕਣਗੇ।
ਦਿੱਲੀ ਕਮੇਟੀ ਦੇ ਬੁਲਾਰੇ ਨੇ ਦਸਿਆ ਕਿ ਫ਼ਰਾਂਸ ਵਿਚ ਪਛਾਣ ਪੱਤਰ 'ਤੇ ਦਸਤਾਰ ਲੁਹਾ ਕੇ, ਫ਼ੋਟੋ ਖਿਚਵਾਉਣ ਦਾ ਹੁਕਮ ਹੈ, ਪਰ ਬਾਬਾ ਰਣਜੀਤ ਸਿੰਘ ਨੇ ਅਜਿਹਾ ਨਹੀਂ ਸੀ ਕੀਤਾ ਤੇ ਇਸ ਮਾਮਲੇ ਨੂੰ ਫ਼ਰਾਂਸ ਦੀ ਅਦਾਲਤ ਲੈ ਗਏ ਸਨ। ਪਿਛੋਂ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਸ਼ਾਖਾ ਵਿਚ ਵੀ ਲੈ ਗਏ, ਜਿਥੋਂ ਲੜਾਈ ਜਿੱਤ ਤਾਂ ਗਏ, ਪਰ ਫਰਾਂਸ ਨੇ ਵੀਟੋ ਤਾਕਤ ਦੀ ਵਰਤੋਂ ਕਰਦਿਆਂ ਸੰਯੁਕਤ ਰਾਸ਼ਟਰ ਦਾ ਹੁਕਮ ਮੰਨਣ ਤੋਂ ਮੂੰਹ ਮੋੜ ਲਿਆ ਸੀ।
1989 'ਚ ਭਾਰਤ ਤੋਂ ਜਰਮਨੀ ਗਏ ਬਾਬਾ ਰਣਜੀਤ ਸਿੰਘ, 1991 ਵਿਚ ਫ਼ਰਾਂਸ ਵਿਚ ਚਲੇ ਗਏ ਸਨ ਤੇ ਪਿਛੋਂ 1992 ਵਿਚ ਉਨ੍ਹਾਂ ਫ਼ਰਾਂਸ ਵਿਚ ਰਹਿਣ ਵਾਸਤੇ 10 ਸਾਲ ਦਾ ਕਾਰਡ ਬਣਵਾ ਲਿਆ ਸੀ। ਸਾਲ 2002 'ਚ ਉਨਾਂ੍ਹ ਦੇ ਕਾਰਡ ਦੀ ਤਰੀਖ ਅੱਗੇ ਨਹੀਂ ਸੀ ਵਧਾਈ ਗਈ ਕਿਉਂਕਿ ਉਨਾਂ੍ਹ ਪਛਾਣ ਪੱਤਰ ਲਈ ਪੱਗ ਲਾਹ ਕੇ, ਫ਼ੋਟੋ ਖਿਚਵਾਉਣ ਤੋਂ ਨਾਂਹ ਕਰ ਦਿਤੀ ਸੀ, ਫਿਰ 16 ਸਾਲ ਉਨਾਂ੍ਹ ਦਸਤਾਰ ਲਈ ਲੜਾਈ ਲੜੀ।
ਕਮੇਟੀ ਦਫ਼ਤਰ ਵਿਖੇ ਪੁੱਜੇ ਬਾਬਾ ਰਣਜੀਤ ਸਿੰਘ ਨੇ ਦਸਿਆ ਕਿ ਉਨ੍ਹਾਂ 1974 ਵਿਚ ਭਾਰਤੀ ਹਵਾਈ ਫ਼ੌਜ ਦੀ ਨੌਕਰੀ ਛੱਡ ਦਿਤੀ ਸੀ ਕਿਉਂਕਿ ਉਥੇ ਦਾੜ੍ਹੀ ਬੰਨ੍ਹਣ ਦਾ ਹੁਕਮ ਚਾੜ੍ਹ ਦਿਤਾ ਗਿਆ ਸੀ ਤੇ ਹੁਣ ਦਸਤਾਰ ਵਾਸਤੇ ਉਹ ਫ਼ਰਾਂਸ ਨੂੰ ਵੀ ਛੱਡ ਆਏ ਹਨ।ਇਸ ਮੌਕੇ ਸ.ਮਨਜੀਤ ਸਿੰਘ ਜੀ.ਕੇ. ਨੇ ਸਿੱਖ ਨੌਜਵਾਨਾਂ ਨੂੰ ਬਾਬਾ ਰਣਜੀਤ ਸਿੰਘ ਤੋਂ ਸੇਧ ਲੈਣ ਲਈ ਕਿਹਾ ਜੋ ਪੱਗ ਖ਼ਾਤਰ ਵਿਦੇਸ਼ ਛੱਡ ਆਏ ਹਨ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸ.ਹਰਮੀਤ ਸਿੰਘ ਕਾਲਕਾ, ਜਾਇੰਟ ਸਕੱਤਰ ਸ.ਅਮਰਜੀਤ ਸਿੰਘ ਪੱਪੂ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ.ਪਰਮਜੀਤ ਸਿੰਘ ਰਾਣਾ ਅਤੇ ਕਮੇਟੀ ਦੇ ਮੈਂਬਰਾਂ ਸ.ਵਿਕਰਮ ਸਿੰਘ ਰੋਹਿਣੀ, ਸ. ਸ.ਭੁਪਿੰਦਰ ਸਿੰਘ ਭੁੱਲਰ, ਸ.ਹਰਜੀਤ ਸਿੰਘ ਜੀ.ਕੇ. ਸਣੇ ਹੋਰ ਹਾਜ਼ਰ ਸਨ।