
ਲਾਲ ਕਿਲ੍ਹਾ ’ਤੇ ਹਿੰਸਾ ਨੂੰ ਅਚਾਨਕ ਹੋਈ ਹਿੰਸਾ ਨਹੀਂ ਕਿਹਾ ਜਾ ਸਕਦਾ ਇਹ ਪਹਿਲਾਂ ਤੋਂ ਤੈਅ ਪਲਾਨ ਸੀ
ਨਵੀਂ ਦਿੱਲੀ - ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੀ ਕਿਸਾਨੀ ਲਹਿਰ ਦੌਰਾਨ 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਹੋਈ ਹਿੰਸਾ ਦੇ ਮਾਮਲੇ ਵਿਚ ਨਵੇਂ ਖੁਲਾਸੇ ਹੋਏ ਹਨ। ਦਰਅਸਲ ਪਿਛਲੇ ਦਿਨੀਂ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ 26 ਜਨਵਰੀ ਦੇ ਲਾਲ ਕਿਲ੍ਹੇ ਹਿੰਸਾ ਮਾਮਲੇ ਵਿਚ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰਜਸ਼ੀਟ ਅਨੁਸਾਰ ਪ੍ਰਦਰਸ਼ਨਕਾਰੀਆਂ ਦਾ ਮਨੋਰਥ ਨਿਸ਼ਾਨ ਸਾਹਿਬ ਅਤੇ ਕਿਸਾਨ ਸੰਗਠਨ ਦਾ ਝੰਡਾ ਲਾਲ ਕਿਲ੍ਹੇ ਤੇ ਰੱਖਣਾ ਹੀ ਨਹੀਂ ਸੀ, ਬਲਕਿ ਉਹ ਲਾਲ ਕਿਲ੍ਹੇ ਨੂੰ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਇੱਕ ਨਵਾਂ ਸਥਾਨ ਬਣਾਉਣਾ ਚਾਹੁੰਦੇ ਸਨ।
Farmers
ਚਾਰਜਸ਼ੀਟ ਵਿਚ ਲਾਲ ਕਿਲ੍ਹੇ 'ਤੇ ਹਿੰਸਾ ਦੀ ਸਾਜਿਸ਼ ਦੇ ਪੂਰੇ ਵੇਰਵਿਆਂ ਦਾ ਜ਼ਿਕਰ ਕੀਤਾ ਗਿਆ ਸੀ। ਇਸ ਵਿਚ ਕਿਹਾ ਗਿਆ ਹੈ ਕਿ ਪੁਲਿਸ ਨੇ ਦਸੰਬਰ 2020 ਅਤੇ ਦਸੰਬਰ 2019 ਵਿਚ ਹਰਿਆਣਾ ਅਤੇ ਪੰਜਾਬ ਵਿਚ ਖਰੀਦੇ ਗਏ ਟਰੈਕਟਰਾਂ ਦੇ ਅੰਕੜਿਆਂ ਨੂੰ ਖੰਗਾਲਿਆ ਸੀ। ਇਸ ਪੜਤਾਲ ਤੋਂ ਪਤਾ ਚੱਲਿਆ ਕਿ ਪੰਜਾਬ ਵਿਚ ਟਰੈਕਟਰਾਂ ਦੀ ਖਰੀਦ ਦਸੰਬਰ 2019 ਦੇ ਮੁਕਾਬਲੇ ਪਿਛਲੇ ਸਾਲ ਦਸੰਬਰ ਵਿਚ 95% ਵਧੀ ਹੈ।
Red Fort violence
ਇਸ ਸਮੇਂ ਦੌਰਾਨ ਕਿਸਾਨ ਅੰਦੋਲਨ ਸਿਖਰਾਂ 'ਤੇ ਸੀ। ਪੁਲਿਸ ਨੇ ਕਰੀਬ 3,224 ਪੰਨਿਆਂ ਦੀ ਆਪਣੀ ਚਾਰਜਸ਼ੀਟ ਵਿਚ ਵੱਡਾ ਖ਼ੁਲਾਸਾ ਕਰਦੇ ਹੋਏ ਕਿਹਾ ਕਿ ਲਾਲ ਕਿਲ੍ਹਾ ’ਤੇ ਹਿੰਸਾ ਨੂੰ ਅਚਾਨਕ ਹੋਈ ਹਿੰਸਾ ਨਹੀਂ ਕਿਹਾ ਜਾ ਸਕਦਾ ਇਹ ਪਹਿਲਾਂ ਤੋਂ ਤੈਅ ਪਲਾਨ ਸੀ। ਉੱਥੇ ਹੀ ਦਿੱਲੀ ਪੁਲਸ ਨੇ ਚਾਰਜਸ਼ੀਟ ’ਚ ਦੱਸਿਆ ਕਿ ਕਿਸਾਨ ਲਾਲ ਕਿਲ੍ਹੇ ’ਤੇ ਕਬਜ਼ਾ ਕਰ ਕੇ ਇਸ ਨੂੰ ਕਿਸਾਨ ਅੰਦੋਲਨ ਦਾ ਨਵਾਂ ਟਿਕਾਣਾ ਬਣਾਉਣਾ ਚਾਹੁੰਦੇ ਸਨ। ਦਿੱਲੀ ਪੁਲਿਸ ਦੀ ਇਸ ਚਾਰਜਸ਼ੀਟ ’ਤੇ ਕੋਰਟ ਸ਼ੁੱਕਰਵਾਰ ਯਾਨੀ ਕਿ 28 ਮਈ ਨੂੰ ਸੁਣਵਾਈ ਸ਼ੁਰੂ ਕਰ ਸਕਦਾ ਹੈ।