ਅੰਮ੍ਰਿਤਪਾਲ ਸਿੰਘ ਨੂੰ ਅਸੀਂ NSA (ਕੌਮੀ ਸੁਰੱਖਿਆ ਐਕਟ) ਤਹਿਤ ਜੇਲ੍ਹ ’ਚ ਪਾ ਦਿਤਾ ਹੈ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਖ਼ਤ ਸੰਦੇਸ਼ ਦਿੰਦੇ ਹੋਏ ਕਿਹਾ ਹੈ ਕਿ ਜੰਮੂ-ਕਸ਼ਮੀਰ ’ਚ ਕਿਸੇ ਵੀ ਅਤਿਵਾਦੀ ਜਾਂ ਪੱਥਰਬਾਜ਼ ਦੇ ਪਰਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲੇਗੀ।
ਸ਼ਾਹ ਨੇ ਇਹ ਵੀ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਨਾ ਸਿਰਫ ਅਤਿਵਾਦੀਆਂ ਨੂੰ ਨਿਸ਼ਾਨਾ ਬਣਾਇਆ ਹੈ ਬਲਕਿ ਅਤਿਵਾਦੀ ਢਾਂਚੇ ਨੂੰ ਵੀ ਤਬਾਹ ਕਰ ਦਿਤਾ ਹੈ ਜਿਸ ਨਾਲ ਦੇਸ਼ ਵਿਚ ਅਤਿਵਾਦੀ ਘਟਨਾਵਾਂ ਵਿਚ ਕਾਫ਼ੀ ਕਮੀ ਆਈ ਹੈ।
ਪੀ.ਟੀ.ਆਈ. ਨਾਲ ਇਕ ਇੰਟਰਵਿਊ ’ਚ ਉਨ੍ਹਾਂ ਕਿਹਾ, ‘‘ਅਸੀਂ ਕਸ਼ਮੀਰ ’ਚ ਫੈਸਲਾ ਕੀਤਾ ਹੈ ਕਿ ਜੇਕਰ ਕੋਈ ਅਤਿਵਾਦੀ ਸੰਗਠਨ ’ਚ ਸ਼ਾਮਲ ਹੁੰਦਾ ਹੈ ਤਾਂ ਉਸ ਦੇ ਪਰਵਾਰ ’ਚੋਂ ਕਿਸੇ ਨੂੰ ਵੀ ਸਰਕਾਰੀ ਨੌਕਰੀ ਨਹੀਂ ਮਿਲੇਗੀ।’’
ਸ਼ਾਹ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਪੱਥਰਬਾਜ਼ੀ ’ਚ ਸ਼ਾਮਲ ਹੈ ਤਾਂ ਉਸ ਦੇ ਪਰਵਾਰ ਦੇ ਕਿਸੇ ਵੀ ਮੈਂਬਰ ਨੂੰ ਸਰਕਾਰੀ ਨੌਕਰੀ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰ ਕਾਰਕੁੰਨ ਫੈਸਲੇ ਵਿਰੁਧ ਸੁਪਰੀਮ ਕੋਰਟ ਗਏ ਸਨ ਪਰ ਆਖਰਕਾਰ ਸਰਕਾਰ ਜਿੱਤ ਗਈ।
ਹਾਲਾਂਕਿ, ਗ੍ਰਹਿ ਮੰਤਰੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਮਾਮਲਿਆਂ ’ਚ ਅਪਵਾਦ ਕਰੇਗੀ ਜਿੱਥੇ ਕਿਸੇ ਪਰਵਾਰ ਦਾ ਕੋਈ ਵਿਅਕਤੀ ਅੱਗੇ ਆਉਂਦਾ ਹੈ ਅਤੇ ਅਧਿਕਾਰੀਆਂ ਨੂੰ ਸੂਚਿਤ ਕਰਦਾ ਹੈ ਕਿ ਉਨ੍ਹਾਂ ਦਾ ਨਜ਼ਦੀਕੀ ਰਿਸ਼ਤੇਦਾਰ ਕਿਸੇ ਅਤਿਵਾਦੀ ਸੰਗਠਨ ’ਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪਰਵਾਰਾਂ ਨੂੰ ਰਾਹਤ ਦਿਤੀ ਜਾਵੇਗੀ।
ਸ਼ਾਹ ਨੇ ਕਿਹਾ ਕਿ ਪਹਿਲਾਂ ਕਸ਼ਮੀਰ ’ਚ ਹਰ ਅਤਿਵਾਦੀ ਦੇ ਮਾਰੇ ਜਾਣ ਤੋਂ ਬਾਅਦ ਜਨਾਜ਼ਾ ਕਢਿਆ ਜਾਂਦਾ ਸੀ। ਉਨ੍ਹਾਂ ਕਿਹਾ, ‘‘ਅਸੀਂ ਇਸ ਪ੍ਰਥਾ ਨੂੰ ਬੰਦ ਕਰ ਦਿਤਾ। ਅਸੀਂ ਇਹ ਯਕੀਨੀ ਕੀਤਾ ਕਿ ਅਤਿਵਾਦੀ ਨੂੰ ਸਾਰੀਆਂ ਧਾਰਮਕ ਰਸਮਾਂ ਨਾਲ ਦਫਨਾਇਆ ਗਿਆ ਸੀ ਪਰ ਕਿਸੇ ਗੈਰ-ਆਬਾਦੀ ਵਾਲੀ ਜਗ੍ਹਾ ’ਤੇ।’’
ਕਥਿਤ ਖਾਲਿਸਤਾਨੀ ਹਮਾਇਤੀ ਅੰਮ੍ਰਿਤਪਾਲ ਸਿੰਘ ਦੇ ਮਾਮਲੇ ’ਤੇ ਸ਼ਾਹ ਨੇ ਕਿਹਾ, ‘‘ਅਸੀਂ ਉਸ ਨੂੰ ਐਨ.ਐਸ.ਏ. (ਕੌਮੀ ਸੁਰੱਖਿਆ ਐਕਟ) ਤਹਿਤ ਜੇਲ੍ਹ ’ਚ ਪਾ ਦਿਤਾ ਹੈ।’’ ਕੱਟੜਪੰਥੀ ਸਿੱਖ ਵੱਖਵਾਦੀ ਸਮੂਹ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਅਪ੍ਰੈਲ 2023 ’ਚ ਐਨ.ਐਸ.ਏ. ਤਹਿਤ ਪੰਜਾਬ ’ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਸਮੇਂ ਉਹ ਅਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਹੈ। ਅੰਮ੍ਰਿਤਪਾਲ ਸਿੰਘ ਨੇ ਹਾਲ ਹੀ ’ਚ ਜੇਲ੍ਹ ਤੋਂ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਚੋਣਾਂ ਲਈ ਅਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ।
ਜਾਣ ਵਾਲੀ ਹੈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਨੌਕਰੀ : ਅਮਿਤ ਸ਼ਾਹ
ਕੁਸ਼ੀਨਗਰ/ਬਲਿਆ/ਚੰਦੌਲੀ (ਉੱਤਰ ਪ੍ਰਦੇਸ਼): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਾਂਗਰਸ ਦੀ ਹਾਰ ਦਾ ਦੋਸ਼ ਪਾਰਟੀ ਆਗੂ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ’ਤੇ ਨਹੀਂ, ਸਗੋਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ’ਤੇ ਹੋਵੇਗਾ ਅਤੇ ਉਨ੍ਹਾਂ ਦੀ ਨੌਕਰੀ ਖਤਮ ਹੋਣ ਜਾ ਰਹੀ ਹੈ।
ਸ਼ਾਹ ਕੁਸ਼ੀਨਗਰ, ਸਲੇਮਪੁਰ ਅਤੇ ਚੰਦੌਲੀ ਲੋਕ ਸਭਾ ਸੀਟਾਂ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰਾਂ ਦੇ ਸਮਰਥਨ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਗ੍ਰਹਿ ਮੰਤਰੀ ਨੇ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਇਸ ਲੋਕ ਸਭਾ ਚੋਣਾਂ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਬਣਨਗੇ ਅਤੇ ਕਾਂਗਰਸੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਨੂੰ ਜ਼ਿੰਮੇਵਾਰ ਠਹਿਰਾਉਣਗੇ।
ਉਨ੍ਹਾਂ ਕਿਹਾ, ‘‘4 ਜੂਨ ਨੂੰ ਮੋਦੀ ਜੀ ਦੀ ਭਾਜਪਾ ਦੀ ਜਿੱਤ ਯਕੀਨੀ ਹੈ। 4 ਤਰੀਕ ਦੀ ਦੁਪਹਿਰ ਨੂੰ ਤੁਸੀਂ ਦੇਖੋਗੇ ਕਿ ਰਾਹੁਲ ਬਾਬਾ ਦੇ ਲੋਕ ਪ੍ਰੈਸ ਕਾਨਫਰੰਸ ਕਰਨਗੇ ਕਿ ਅਸੀਂ ਈ.ਵੀ.ਐਮ. ਕਾਰਨ ਹਾਰ ਗਏ। ਹਾਰ ਦਾ ਦੋਸ਼ ਭੈਣਾਂ-ਭਰਾਵਾਂ (ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ) ’ਤੇ ਨਹੀਂ ਪਵੇਗਾ। ਇਹ ਦੋਸ਼ ਖੜਗੇ ਸਾਹਿਬ ’ਤੇ ਪਵੇਗਾ ਅਤੇ ਉਹ ਅਪਣੀ ਨੌਕਰੀ ਗੁਆਉਣ ਜਾ ਰਹੇ ਹਨ।’’
ਸ਼ਾਹ ਨੇ ਦਾਅਵਾ ਕੀਤਾ, ‘‘ਛੇ ਪੜਾਵਾਂ ਦੀਆਂ ਚੋਣਾਂ ਖਤਮ ਹੋ ਗਈਆਂ ਹਨ। ਮੇਰੇ ਕੋਲ ਪੰਜ ਪੜਾਵਾਂ ਦਾ ਅੰਕੜਾ ਹੈ। ਪੰਜ ਪੜਾਵਾਂ ’ਚ ਮੋਦੀ ਨੇ 310 ਸੀਟਾਂ ਜਿੱਤੀਆਂ ਹਨ। ਛੇਵਾਂ ਪੜਾਅ ਖਤਮ ਹੋ ਗਿਆ ਹੈ। ਹੁਣ ਇਹ ਸੱਤਵਾਂ ਹੋਣ ਜਾ ਰਿਹਾ ਹੈ। ਤੁਹਾਨੂੰ 400 ਦਾ ਅੰਕੜਾ ਪਾਰ ਕਰਨਾ ਪਵੇਗਾ।’’
ਸ਼ਾਹ ਨੇ ਦੋਸ਼ ਲਾਇਆ ਕਿ ਜੇਕਰ ਲੋਕ ਗਲਤੀ ਨਾਲ ਵੀ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਨੂੰ ਜਿੱਤਾ ਦੇਂਦੇ ਹਨ ਤਾਂ ਪੱਛੜੇ, ਬੇਹੱਦ ਪੱਛੜੇ ਅਤੇ ਦੱਬੇ-ਕੁਚਲੇ ਵਰਗਾਂ ਦਾ ਰਾਖਵਾਂਕਰਨ ਖੋਹ ਕੇ ਮੁਸਲਮਾਨਾਂ ਨੂੰ ਦੇ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਸਲਿਮ ਰਾਖਵਾਂਕਰਨ ਸੰਵਿਧਾਨਕ ਨਹੀਂ ਹੈ। ਕੁਸ਼ੀਨਗਰ, ਬਲਿਆ ਅਤੇ ਚੰਦੌਲੀ ਲੋਕ ਸਭਾ ਸੀਟਾਂ ’ਤੇ ਸੱਤਵੇਂ ਅਤੇ ਆਖਰੀ ਪੜਾਅ ’ਚ 1 ਜੂਨ ਨੂੰ ਵੋਟਾਂ ਪੈਣਗੀਆਂ।