
ਸਰਕਾਰ ਇਸ ਮਾਮਲੇ ਦੀ ਸੁਣਵਾਈ ਰਾਜ ਤੋਂ ਬਾਹਰ ਕਰਵਾਉਣ ਦੀ ਬੇਨਤੀ ਕਰੇਗੀ
ਨਵੀਂ ਦਿੱਲੀ- ਮਨੀਪੁਰ ਵਿਚ ਭੀੜ ਵੱਲੋਂ 2 ਮਹਿਲਾਵਾਂ ਨੂੰ ਨਗਨ ਅਵਸਥਾ ਵਿਚ ਘੁਮਾਉਣ ਦੀ ਘਟਨਾ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਕਰੇਗੀ। ਸਰਕਾਰ ਇਸ ਮਾਮਲੇ ਦੀ ਸੁਣਵਾਈ ਰਾਜ ਤੋਂ ਬਾਹਰ ਕਰਵਾਉਣ ਦੀ ਬੇਨਤੀ ਕਰੇਗੀ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗੁਆਂਢੀ ਰਾਜ ਅਸਾਮ ਦੀ ਅਦਾਲਤ ਵਿਚ ਮੁਕੱਦਮਾ ਚਲਾਉਣ ਦੀ ਬੇਨਤੀ ਕੀਤੀ ਜਾਵੇਗੀ।
ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਮੇਈਟੀ ਅਤੇ ਕੁਕੀ ਭਾਈਚਾਰਿਆਂ ਦੇ ਸੰਪਰਕ ਵਿਚ ਹੈ ਅਤੇ ਮਨੀਪੁਰ ਵਿਚ ਸ਼ਾਂਤੀ ਬਹਾਲ ਕਰਨ ਲਈ ਗੱਲਬਾਤ ਇੱਕ ਉੱਨਤ ਪੜਾਅ 'ਤੇ ਹੈ। ਮਨੀਪੁਰ ਵਿਚ ਲਗਭਗ ਤਿੰਨ ਮਹੀਨਿਆਂ ਤੋਂ ਚੱਲ ਰਹੀ ਨਸਲੀ ਹਿੰਸਾ ਕਾਰਨ ਹੁਣ ਤੱਕ 160 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 4 ਮਈ ਨੂੰ ਔਰਤਾਂ ਨਾਲ ਛੇੜਛਾੜ ਦੀ ਘਟਨਾ ਨੇ ਇਸ ਮਹੀਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇਸ਼ ਭਰ ਵਿਚ ਰੋਸ ਪੈਦਾ ਕਰ ਦਿੱਤਾ ਸੀ।