
ਸਿੱਖ ਜਥੇਬੰਦੀਆਂ ਨੇ ਲਾਪਤਾ ਸਿੱਖ ਇੰਜੀਨੀਅਰ ਦਾ ਪਤਾ ਲਗਾਉਣ ਲਈ ਕੋਸ਼ਿਸ਼ਾਂ ਨੂੰ ਦੁੱਗਣਾ ਕਰਨ ਦੀ ਮੰਗ ਕੀਤੀ
ਬਾਰਾਮੂਲਾ: ਜੰਮੂ-ਕਸ਼ਮੀਰ ਪੁਲਿਸ ਨੇ ਐਤਵਾਰ ਨੂੰ ਸੜਕ ਅਤੇ ਇਮਾਰਤ (ਆਰ ਐਂਡ ਬੀ) ਦੇ ਸਹਾਇਕ ਕਾਰਜਕਾਰੀ ਇੰਜੀਨੀਅਰ (ਏ.ਈ.ਈ.) ਦਾ ਪਤਾ ਲਗਾਉਣ ਲਈ ਇਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਹੈ। ਏ.ਈ.ਈ. ਗੁਰਮੀਤ ਸਿੰਘ ਬਾਰਾਮੂਲਾ ਤੋਂ ਸ਼ੁਕਰਵਾਰ ਤੋਂ ਲਾਪਤਾ ਹੈ। ਲਾਪਤਾ ਇੰਜੀਨੀਅਰ ਘੱਟ-ਗਿਣਤੀ ਭਾਈਚਾਰੇ ਨਾਲ ਸਬੰਧਤ ਹੋਣ ਕਾਰਨ ਜੰਮੂ-ਕਸ਼ਮੀਰ ਪੁਲਿਸ ਵਲੋਂ ਉਸ ਨੂੰ ਛੇਤੀ ਤੋਂ ਛੇਤੀ ਲੱਭਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।
ਇਕ ਅਧਿਕਾਰੀ ਨੇ ਦਸਿਆ ਕਿ ਪੁਲਿਸ ਨੇ ਲਾਪਤਾ ਏ.ਈ.ਈ. ਗੁਰਮੀਤ ਸਿੰਘ ਬਾਰੇ ਕਿਸੇ ਵੀ ਸੰਭਾਵੀ ਸੁਰਾਗ ਦਾ ਪਤਾ ਲਗਾਉਣ ਲਈ ਐਸ.ਡੀ.ਆਰ.ਐਫ਼., ਟੋਹੀ ਕੁੱਤਿਆਂ ਅਤੇ ਡਰੋਨ ਨਿਗਰਾਨੀ ਨੂੰ ਸ਼ਾਮਲ ਕਰਨ ਲਈ ਇਕ ਵਿਆਪਕ ਖੋਜ ਮੁਹਿੰਮ ਸ਼ੁਰੂ ਕੀਤੀ ਹੈ।
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਬਾਰਾਮੂਲਾ ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ ਹੈੱਡਕੁਆਰਟਰ ਦੀ ਅਗਵਾਈ ’ਚ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ।
ਪੁਲਿਸ ਨੇ ਆਮ ਲੋਕਾਂ ਤੋਂ ਸਹਾਇਤਾ ਦੀ ਮੰਗ ਕਰਦੇ ਹੋਏ ਕਿਹਾ, ‘‘ਕਿਸੇ ਵੀ ਵਿਅਕਤੀ ਨੂੰ ਉਕਤ ਲਾਪਤਾ ਵਿਅਕਤੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਕਿਰਪਾ ਕਰ ਕੇ ਪੁਲਿਸ ਨੂੰ 9596767703, 9596767710 ਅਤੇ 9596767768 ’ਤੇ ਸੂਚਿਤ ਕਰ ਸਕਦਾ ਹੈ।’’
ਇਸ ਤੋਂ ਪਹਿਲਾਂ ਲਾਪਤਾ ਇੰਜੀਨੀਅਰ ਦੇ ਪਰਿਵਾਰ ਵਾਲਿਆਂ ਨੇ ਸਥਾਨਕ ਪੁਲਿਸ ਸਟੇਸ਼ਨ ’ਚ ਗੁਮਸ਼ੁਦਗੀ ਦੀ ਰੀਪੋਰਟ ਦਰਜ ਕਰਵਾਈ ਸੀ ਅਤੇ ਉਸ ਤੋਂ ਬਾਅਦ ਇੰਜੀਨੀਅਰ ਦਾ ਪਤਾ ਲਗਾਉਣ ਲਈ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਉਹ ਬਾਰਾਮੂਲਾ ਕਸਬੇ ’ਚ ਕੁਝ ਸਰਕਾਰੀ ਮੀਟਿੰਗਾਂ ’ਚ ਸ਼ਾਮਲ ਹੋਣ ਵਾਲੇ ਸਨ। ਨਾ ਤਾਂ ਉਹ ਕਿਸੇ ਮੀਟਿੰਗ ਪੁੱਜੇ ਅਤੇ ਨਾ ਹੀ ਸ਼ਾਮ ਨੂੰ ਘਰ ਪਰਤੇ। ਲਾਪਤਾ ਇੰਜੀਨੀਅਰ ਦਾ ਮੋਬਾਈਲ ਫੋਨ ਵੀ ਸ਼ੁਕਰਵਾਰ ਤੋਂ ਬੰਦ ਹੈ। ਉਹ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਦੇ ਕੰਠ ਬਾਗ ਇਲਾਕੇ ਦਾ ਰਹਿਣ ਵਾਲਾ ਹੈ।
ਇੰਜੀਨੀਅਰ ਗੁਰਮੀਤ ਸਿੰਘ ਦੇ ਲਾਪਤਾ ਹੋਣ 'ਤੇ ਚਿੰਤਾ ਜ਼ਾਹਰ ਕਰਦਿਆਂ, ਆਲ ਪਾਰਟੀਜ਼ ਸਿੱਖ ਕੋਆਰਡੀਨੇਸ਼ਨ ਕਮੇਟੀ (ਏ.ਪੀ.ਐੱਸ.ਸੀ.ਸੀ.) ਨੇ ਐਲ.ਜੀ. ਪ੍ਰਸ਼ਾਸਨ ਨੂੰ ਲਾਪਤਾ ਸਿੱਖ ਇੰਜੀਨੀਅਰ ਦਾ ਪਤਾ ਲਗਾਉਣ ਲਈ ਅਪਣੀਆਂ ਕੋਸ਼ਿਸ਼ਾਂ ਨੂੰ ਦੁੱਗਣਾ ਕਰਨ ਲਈ ਕਿਹਾ ਹੈ।
ਏ.ਪੀ.ਐਸ.ਸੀ.ਸੀ. ਦੇ ਚੇਅਰਮੈਨ ਜਗਮੋਹਨ ਸਿੰਘ ਰੈਨਾ ਨੇ ਇਕ ਬਿਆਨ ’ਚ ਕਿਹਾ ਕਿ ਇੰਜੀਨੀਅਰ ਗੁਰਮੀਤ ਦੇ ਲਾਪਤਾ ਹੋਣ ਦਾ ਅੱਜ ਤੀਜਾ ਦਿਨ ਹੋਣ ਕਾਰਨ ਉਸ ਦੇ ਪਰਿਵਾਰਕ ਮੈਂਬਰ ਚਿੰਤਤ ਹਨ। ਉਨ੍ਹਾਂ ਅਫ਼ਸੋਸ ਜਤਾਇਆ ਕਿ ਲਾਪਤਾ ਸਿੱਖ ਇੰਜਨੀਅਰ ਨੂੰ ਲੱਭਣ ਲਈ ਪ੍ਰਸ਼ਾਸਨ ਵਲੋਂ ਢਿੱਲ ਵਰਤੀ ਜਾ ਰਹੀ ਹੈ।