
ਇਤਿਹਾਸਕ ਗੁਰਦਵਾਰਾ ਨੋ ਐਂਟਰੀ ਜ਼ੋਨ ਵਿਚੋਂ ਬਾਹਰ ਕੱਢਣ ਦੀ ਮੰਗ ਤੇਜ਼
ਨਵੀਂ ਦਿੱਲੀ, 26 ਸਤੰਬਰ (ਅਮਨਦੀਪ ਸਿੰਘ) : ਦਿੱਲੀ ਦੇ ਇਤਿਹਾਸਕ ਗੁਰਦਵਾਰਾ ਸੀਸ ਗੰਜ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਦੀਆਂ ਗੱਡੀਆਂ ਨੂੰ ਟ੍ਰੈਫ਼ਿਕ ਪੁਲਿਸ ਵਲੋਂ ਭੇਜੇ ਗਏ ਤਕਰੀਬਨ ਇਕ ਕਰੋੜ ਦੇ ਚਲਾਨਾਂ ਦਾ ਮੁੱਦਾ ਭਖਦਾ ਜਾ ਰਿਹਾ ਹੈ । 22 ਅਗੱਸਤ 2021 ਨੂੰ ਹੋਈਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਮੌਕੇ ਕਾਂਗਰਸ ਤੋਂ ਲੈ ਕੇ ਭਾਜਪਾ ਵਾਇਆ ਆਮ ਆਦਮੀ ਪਾਰਟੀ ਪੱਖੀ ਸਿੱਖ ਕਹਾਉਂਦੀਆਂ ਪਾਰਟੀਆਂ ਦੇ ਪ੍ਰਧਾਨਾਂ ਨੇ ਇਹ ਮਸਲਾ ਜ਼ੋਰ ਸ਼ੋਰ ਨਾਲ ਚੁਕਿਆ ਸੀ, ਪਰ ਚੋਣਾਂ ਖ਼ਤਮ ਹੋਣ ਪਿਛੋਂ ਸਾਰੇ ਚੁੱਪ ਹੋ ਗਏ।
ਕੇਜਰੀਵਾਲ ਸਰਕਾਰ ਨੇ ਚਾਂਦਨੀ ਚੌਂਕ ਦੇ ਸੁੰਦਰੀਕਰਨ ਪ੍ਰਾਜੈਕਟ ਅਧੀਨ ਲਾਲ ਕਿਲ੍ਹੇ ਤੋਂ ਫ਼ਤਿਹਪੁਰੀ ਮਸਜਿਦ ਨੂੰ ਜਾਂਦੀ ਸੜਕ ਦਾ ਵੀ ਸੁੰਦਰੀਕਰਨ ਕੀਤਾ ਸੀ, ਜਿਥੇ ਸਵੇਰੇ 9 ਤੋਂ ਰਾਤ 9 ਵਜੇ ਤਕ ਗੱਡੀਆਂ ’ਤੇ ਦਿੱਲੀ ਟ੍ਰੈਫ਼ਿਕ ਪੁਲਿਸ ਨੇ ਪਾਬੰਦੀ ਲਾਈ ਹੋਈ ਹੈ। ਇਸ ਬਾਰੇ ਐਲ ਜੀ ਨੇ ਨੋਟੀਫ਼ੀਕੇਸ਼ਨ ਵੀ ਜਾਰੀ ਕੀਤਾ ਹੋਇਆ ਹੈ। ਇਸ ਬਾਰੇ ਮਨਜੀਤ ਸਿੰਘ ਜੀ ਕੇ ਤੇ ਹਰਵਿੰਦਰ ਸਿੰਘ ਸਰਨਾ ਨੇ 5 ਜੁਲਾਈ 2021 ਨੂੰ ਦਿੱਲੀ ਦੇ ਉਦੋਂ ਦੇ ਮੰਤਰੀ ਸਤਿੰਦਰ ਜੈਨ ਨੂੰ ‘ਨੋ ਐਂਟਰੀ ਜ਼ੋਨ’ ਹਟਾਉਣ ਬਾਰੇ ਮੰਗ ਪੱਤਰ ਵੀ ਦਿਤਾ ਸੀ।
ਹੁਣ ‘ਜਾਗੋ’ ਪਾਰਟੀ ਦੇ ਮੋਢੀ ਪ੍ਰਧਾਨ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਦੇ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੂੰ ਚਿੱਠੀ ਲਿਖ ਕੇ, ਕਿਹਾ ਹੈ ਕਿ ਜੋ ਸ਼ਰਧਾਲੂ ਗੁਰਦਵਾਰਾ ਸੀਸ ਗੰਜ ਸਾਹਿਬ ਵਿਖੇ ਮੱਥਾ ਟੇਕਣ ਲਈ ਅਪਣੀ ਸਕੂਟਰ ਤੇ ਕਾਰਾਂ ’ਤੇ ਗੁਰਦਵਾਰੇ ਦੀ ਪਾਰਕਿੰਗ ਵਲ ਜਾਂਦੇ ਹਨ, ਉਨ੍ਹਾਂ ਨੂੰ ਦਿੱਲੀ ਟ੍ਰੈਫ਼ਿਕ ਪੁਲਿਸ ਵਲੋਂ ‘ਨੋ ਐਂਟਰੀ ਜ਼ੋਨ’ ਅਧੀਨ 20 ਹਜ਼ਾਰ ਰੁਪਏ ਗੱਡੀ ਦੇ ਹਿਸਾਬ ਨਾਲ ਚਲਾਨ ਭੇਜੇ ਗਏੇ ਹਨ, ਜੋ ਵੇਰਵੇ ਜਾਗੋ ਪਾਰਟੀ ਕੋਲ ਪੁੱਜੇ ਹਨ, ਉਸ ਮੁਤਾਬਕ ਇਕ ਕਰੋੜ ਦੇ ਚਲਾਨ ਹਨ, ਜੋ ਰੱਦ ਕੀਤੇ ਜਾਣ ਅਤੇ 2025 ਵਿਚ ਆਉਣ ਵਾਲੇ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਵੇਖਦੇ ਹੋਏ ‘ਨੌ ਐਂਟਰੀ ਜ਼ੋਨ’ ਨੂੰ ਹਟਾਇਆ ਜਾਵੇ।
ਉਨ੍ਹਾਂ ਲਿਖਿਆ, ‘ਲਾਲ ਕਿਲ੍ਹੇ ਦੇ ਐਨ ਸਾਹਮਣੇ (ਸੀਸ ਗੰਜ ਸਾਹਿਬ ਤੋਂ ਹੁੰਦੇ ਹੋਏ) ਫ਼ਤਿਹ ਪੁਰੀ ਨੂੰ ਜਾਣ ਵਾਲੀ ਸੜ੍ਹਕ ਨੂੰ ਟ੍ਰੈਫ਼ਿਕ ਪੁਲਿਸ ਨੇ ਸਵੇਰੇ 9 ਤੋਂ ਰਾਤ 9 ਵਜੇ ਤਕ ‘ਨੋ ਐਂਟਰੀ ਜ਼ੋਨ’ ਐਲਾਨਿਆ ਹੋਇਆ ਹੈ। ਜਦਕਿ ਦੂਜੇ ਪਾਸੇ ਕੋਡੀਆ ਪੁਲ ਤੋਂ ਗੁਰਦਵਾਰੇ ਜਾਣ ਵਾਲੀ ਸੜਕ ਨੂੰ ਜ਼ਬਰਦਸਤੀ ‘ਨੋ ਐਂਟਰੀ ਜ਼ੋਨ’ ਐਲਾਨਿਆ ਜਾ ਰਿਹਾ ਹੈ। ਅਜਿਹਾ ਇਕ ਪ੍ਰਾਈਵੇਟ ਕੰਪਨੀ ਦੇ ਕੋਡੀਆ ਪੁਲ ਵਿਖੇ ਖੁਲ੍ਹਣ ਵਾਲੇ ਮੌਲ ਦੀ ਪਾਰਕਿੰਗ ਨੂੰ ਫ਼ਾਇਦਾ ਪਹੁੰਚਾਉਣ ਦੀ ਖੇਡ ਹੈ।’
ਸ. ਜੀ.ਕੇ. ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲ੍ਹੇ ਤੋਂ ਔਰੰਗਜ਼ੇਬ ਨਾਲ ਟੱਕਰ ਲੈਣ ਲਈ ਨੌਵੇਂ ਗੁਰੂ ਜੀ ਦੀ ਵਡਿਆਈ ਕਰਦੇ ਹਨ, ਪਰ ਸ਼ਹੀਦੀ ਅਸਥਾਨ ’ਤੇ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨੂੰ ਚਲਾਨ ਭੇਜ ਕੇ, ਮਾਨਸਕ ਤੌਰ ’ਤੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।