
ਵਕੀਲ ਦਾ ਦਾਅਵਾ, ਪ੍ਰਦਰਸ਼ਨਕਾਰੀਆਂ ਨੇ ਪੁਲਿਸ ਮੁਲਾਜ਼ਮਾਂ ਕੋਲੋਂ ਖੋਹੀਆਂ ਸੀ ਦੋ ਐਸ.ਐਲ.ਆਰਜ਼.
ਫਰੀਦਕੋਟ: ਸਾਲ 2015 ਦੇ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਬੀਤੇ ਦਿਨ ਸਿੱਟ ਵਲੋਂ ਚੌਥਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ। ਇਸ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਪ੍ਰਦਰਸ਼ਨਕਾਰੀਆਂ ਵਲੋਂ ਪੁਲਿਸ ਮੁਲਾਜ਼ਮਾਂ ਕੋਲੋਂ ਐਸ.ਐਲ.ਆਰ. ਰਾਈਫ਼ਲ ਖੋਹ ਕੇ ਫਾਈਰਿੰਗ ਕੀਤੀ ਗਈ ਸੀ। ਚਲਾਨ 'ਚ ਖ਼ਦਸ਼ਾ ਜਤਾਇਆ ਗਿਆ ਕਿ ਇਸ ਘਟਨਾ 'ਚ ਜ਼ਖਮੀ ਹੋਇਆ ਮੁੱਖ ਗਵਾਹ ਅਜੀਤ ਸਿੰਘ ਪੁਲਿਸ ਦੀ ਗੋਲੀ ਲੱਗਣ ਕਾਰਨ ਨਹੀਂ ਸਗੋਂ ਪ੍ਰਦਰਸ਼ਨਕਾਰੀ ਵਲੋਂ ਚਲਾਈ ਗੋਲੀ ਕਰਕੇ ਜ਼ਖਮੀ ਹੋਇਆ ਜਾਪਦਾ ਹੈ।
ਇਹ ਵੀ ਪੜ੍ਹੋ: ਤੇਜ਼ ਰਫ਼ਤਾਰ ਬਲੈਰੋ ਨੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਦਰੜਿਆ; ਮੌਕੇ ’ਤੇ ਮੌਤ
ਇਸ ਮਾਮਲੇ ਵਿਚ ਤਤਕਾਲੀ ਐਸ.ਐਚ.ਓ. ਗੁਰਦੀਪ ਸਿੰਘ ਪੰਧੇਰ ਦੇ ਵਕੀਲ ਅਮਿਤ ਗੁਪਤਾ ਨੇ ਦਸਿਆ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਹੁਣ ਤਕ ਜੋ ਚਲਾਨ ਸਿੱਟ ਵਲੋਂ ਅਦਾਲਤ ’ਚ ਪੇਸ਼ ਕੀਤੇ ਗਏ, ਉਨ੍ਹਾਂ ਮੁਤਾਬਕ ਘਟਨਾਕ੍ਰਮ ਵੇਲੇ ਦੋ ਪੁਲਿਸ ਮੁਲਾਜ਼ਮਾਂ ਦੀਆਂ ਰਾਈਫ਼ਲਾਂ ਪ੍ਰਦਰਸ਼ਨਕਾਰੀਆਂ ਵਲੋਂ ਖੋਹੀਆਂ ਗਈਆਂ ਸਨ ਅਤੇ ਇਸ ਮਾਮਲੇ ਦੇ ਮੁੱਖ ਗਵਾਹ ਅਜੀਤ ਸਿੰਘ ਦੇ ਪੱਟ ਵਿਚ ਲੱਗੀ ਗੋਲੀ ਮੁਕਤਸਰ ਰੋਡ ਸਾਈਡ ਪ੍ਰਦਰਸ਼ਨਕਾਰੀਆਂ ਦੀ ਦਿਸ਼ਾ ਵਲੋਂ ਚੱਲੀ ਸੀ। ਇਸ ਸਬੰਧੀ ਇਕ ਵੀਡੀਉ ਵੀ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਦੇ ਉੜੀ 'ਚ ਮੁਕਾਬਲਾ, ਤਿੰਨ ਅਤਿਵਾਦੀ ਢੇਰ: ਫੌਜ
ਵਕੀਲ ਅਮਿਤ ਗੁਪਤਾ ਨੇ ਕਿਹਾ ਕਿ ਸਿੱਟ ਵਲੋਂ ਅਦਾਲਤ ’ਚ ਸੀਡੀ ਰਾਹੀਂ ਉਸ ਵੀਡੀਉ ਨੂੰ ਵੀ ਪੇਸ਼ ਕੀਤਾ ਗਿਆ ਹੈ ਜਿਸ ਵਿਚ ਦੋ ਪੁਲਿਸ ਮੁਲਾਜ਼ਮਾਂ ਤੋਂ ਰਾਈਫਲ ਖੋਹ ਕੇ ਇਕ ਪ੍ਰਦਰਸ਼ਕਾਰੀ ਫਰੀਦਕੋਟ ਰੋਡ ਅਤੇ ਦੂਜਾ ਮੁਕਤਸਰ ਰੋਡ ਵੱਲ ਭੱਜਿਆ ਦਿਖਾਈ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਮੰਗ ਕਰਦੇ ਆ ਰਹੇ ਹਾਂ ਕਿ ਪ੍ਰਦਰਸ਼ਨਕਾਰੀਆਂ ਦੇ ਆਗੂਆਂ ਤੋਂ ਜਾਂਚ ਦੌਰਾਨ ਕਿਸੇ ਕਿਸਮ ਦੇ ਕੋਈ ਤੱਥ ਇਕੱਠੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਅਦਾਲਤ ਦੇ ਹੁਕਮਾਂ ਅਨੁਸਾਰ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਦੁਕਾਨਦਾਰ ਤੋਂ ਪੈਸੇ ਖੋਹਣ ਵਾਲੇ 2 ਗ੍ਰਿਫ਼ਤਾਰ, ਸਾਮਾਨ ਖਰੀਦਣ ਦੇ ਬਹਾਨੇ ਦੁਕਾਨ 'ਤੇ ਆਏ ਸੀ ਮੁਲਜ਼ਮ
2015 ’ਚ ਵਾਪਰੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਹੁਣ ਤਕ ਚਾਰ ਚਲਾਨ ਪੇਸ਼ ਕਰ ਚੁਕੀ ਹੈ। ਪਹਿਲਾ ਚਲਾਨ ਕਰੀਬ 7000 ਪੰਨਿਆਂ ਦਾ, ਦੂਜਾ ਚਲਾਨ 2400 ਪੰਨਿਆਂ ਦਾ, ਤੀਜਾ ਚਲਾਨ 2500 ਪੰਨਿਆਂ ਦਾ ਅਤੇ 15 ਸਤੰਬਰ ਪੇਸ਼ ਕੀਤਾ ਗਿਆ ਚੌਥਾ ਚਲਾਨ 22 ਪੰਨਿਆਂ ਦਾ ਹੈ, ਚੌਥੇ ਚਲਾਨ ਵਿਚ ਧਾਰਾ 118 ਤੇ 119 ਲਗਾਈ ਗਈ ਹੈ। ਇਸ ਮਾਮਲੇ ਵਿਚ ਜਾਂਚ ਕਮੇਟੀ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਕਈ ਹੋਰ ਪੁਲਿਸ ਅਧਿਕਾਰੀ ਮੁਲਜ਼ਮ ਬਣਾਏ ਗਏ ਸਨ।
ਇਹ ਵੀ ਪੜ੍ਹੋ: ਜਾਨ੍ਹਵੀ ਕੰਡੂਲਾ ਮੌਤ ਮਾਮਲਾ: ਅਧਿਕਾਰੀ ਦੀਆਂ ਟਿਪਣੀਆਂ ਦਾ ਗ਼ਲਤ ਅਰਥ ਕਢਿਆ ਗਿਆ: ਸਿਆਟਲ ਪੁਲਿਸ
ਹੁਣ ਇਸ ਮਾਮਲੇ ’ਚ ਮੁਲਜ਼ਮ ਬਣਾਏ ਗਏ ਤਤਕਾਲੀ ਐਸ.ਐਚ.ਓ. ਗੁਰਦੀਪ ਸਿੰਘ ਪੰਧੇਰ ਅਤੇ ਕੁੱਝ ਹੋਰ ਪੁਲਿਸ ਮੁਲਾਜ਼ਮਾਂ ਵਲੋਂ ਅਦਾਲਤ ਚ ਅਰਜ਼ੀ ਲਗਾ ਕੇ ਪ੍ਰਦਰਸ਼ਨਕਾਰੀਆਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਦਾ ਇਲਜ਼ਾਮ ਹੈ ਕਿ ਇਸ ਮੌਕੇ ਪ੍ਰਦਰਸ਼ਨਕਾਰੀਆਂ ਵਲੋਂ ਪੁਲਿਸ ਮੁਲਾਜ਼ਮਾਂ ਉਤੇ ਹਮਲਾ ਕੀਤਾ ਗਿਆ ਸੀ, ਸਿੱਟ ਵਲੋਂ ਉਸ ਸਬੰਧੀ ਕਿਸੇ ਕਿਸਮ ਦੇ ਤੱਥ ਅਪਣੀ ਜਾਂਚ ਵਿਚ ਪੇਸ਼ ਨਹੀਂ ਕੀਤੇ ਗਏ।