
ਦੋ ਨੌਜਵਾਨਾਂ ਦੇ ਕਤਲ ਦੀ ਜਾਂਚ ਲਈ ਸੀ.ਬੀ.ਆਈ. ਟੀਮ ਮਨੀਪੁਰ ਪੁੱਜੀ: ਮੁੱਖ ਮੰਤਰੀ ਬੀਰੇਨ ਸਿੰਘ
ਇੰਫਾਲ: ਮਨੀਪੁਰ ਦੇ ਪਹਾੜੀ ਖੇਤਰਾਂ ਵਿਚ ਹਥਿਆਰਬੰਦ ਬਲ (ਵਿਸ਼ੇਸ਼ ਸ਼ਕਤੀਆਂ) ਐਕਟ (ਅਫਸਪਾ) ’ਚ ਛੇ ਮਹੀਨੇ ਦਾ ਵਾਧਾ ਦਿਤਾ ਗਿਆ, ਜਦਕਿ ਇੰਫਾਲ ਵਾਦੀ ਦੇ 19 ਥਾਣਿਆਂ ਅਤੇ ਆਸਾਮ ਨਾਲ ਲਗਦੇ ਇਲਾਕੇ ਨੂੰ ਇਸ ਦੇ ਦਾਇਰੇ ਤੋਂ ਬਾਹਰ ਰਖਿਆ ਗਿਆ ਹੈ। ਇਹ ਜਾਣਕਾਰੀ ਬੁਧਵਾਰ ਨੂੰ ਇਕ ਨੋਟੀਫਿਕੇਸ਼ਨ ’ਚ ਦਿਤੀ ਗਈ।
ਇਕ ਅਧਿਕਾਰਤ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਮਨੀਪੁਰ ’ਚ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ, ਸੂਬਾ ਸਰਕਾਰ ਦਾ ਵਿਚਾਰ ਹੈ ਕਿ ਜ਼ਮੀਨੀ ਪੱਧਰ ’ਤੇ ਵਿਸਤ੍ਰਿਤ ਮੁਲਾਂਕਣ ਕਰਨਾ ਫਾਇਦੇਮੰਦ ਨਹੀਂ ਹੈ ਕਿਉਂਕਿ ਸੁਰੱਖਿਆ ਏਜੰਸੀਆਂ ਕਾਨੂੰਨ ਵਿਵਸਥਾ ਬਣਾਈ ਰੱਖਣ ’ਚ ਰੁਝੀਆਂ ਹੋਈਆਂ ਹਨ।
ਨੋਟੀਫਿਕੇਸ਼ਨ ’ਚ ਕਿਹਾ ਗਿਆ, ‘‘ਇਸ ਲਈ, ਅਫ਼ਸਪਾ ਦੀ ਧਾਰਾ 3 ਹੇਠ ਪ੍ਰਦਾਨ ਕੀਤੀਆਂ ਗਈਆਂ ਤਾਕਤਾਂ ਦੀ ਵਰਤੋਂ ਕਰਦੇ ਹੋਏ, ਮਨੀਪੁਰ ਦੇ ਰਾਜਪਾਲ ਨੇ ਇਸ ਰਾਹੀਂ 19 ਪੁਲਿਸ ਸਟੇਸ਼ਨਾਂ ਦੇ ਖੇਤਰਾਂ ’ਚ ਆਉਂਦੇ ਇਲਾਕਿਆਂ ਨੂੰ ਛੱਡ ਕੇ, ਪੂਰੇ ਮਨੀਪੁਰ ਨੂੰ 1 ਅਕਤੂਬਰ ਤੋਂ ਛੇ ਮਹੀਨਿਆਂ ਦੀ ਮਿਆਦ ਲਈ ‘ਅਸ਼ਾਂਤ ਇਲਾਕਾ’ ਐਲਾਨ ਕੀਤਾ ਹੈ।’’
ਜਿਨ੍ਹਾਂ ਇਲਾਕਿਆਂ ਨੂੰ ਅਫਸਪਾ ਦੇ ਦਾਇਰੇ ਤੋਂ ਬਾਹਰ ਰਖਿਆ ਗਿਆ ਹੈ, ਉਨ੍ਹਾਂ ’ਚ ਬਹੁਗਿਣਤੀ ਮੈਤੇਈ ਲੋਕਾਂ ਦਾ ਦਬਦਬਾ ਹੈ, ਜਿਸ ਵਿਚ ਅਸਾਮ ਦੀ ਸਿਲਚਰ ਵਾਦੀ ਨਾਲ ਲਗਦੇ ਜਿਰੀਬਾਮ ਇਲਾਕੇ ਵੀ ਸ਼ਾਮਲ ਹਨ।
ਸੀ.ਬੀ.ਆਈ. ਦੀ ਟੀਮ ਵਿਸ਼ੇਸ਼ ਡਾਇਰੈਕਟਰ ਦੀ ਅਗਵਾਈ ’ਚ ਕਰੇਗੀ ਜਾਂਚ, ਦੂਜੇ ਦਿਨ ਵੀ ਜਾਰੀ ਰਿਹਾ ਪ੍ਰਦਰਸ਼ਨ, ਆਈ.ਟੀ.ਐਲ.ਐਫ਼. ਨੇ ਵੀ ਰੈਲੀ ਕੱਢੀ
ਇੰਫਾਲ: ਮਨੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਬੁਧਵਾਰ ਨੂੰ ਦਸਿਆ ਕਿ ਵਿਸ਼ੇਸ਼ ਡਾਇਰੈਕਟਰ ਅਜੈ ਭਟਨਾਗਰ ਦੀ ਅਗਵਾਈ ਹੇਠ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੇ ਅਧਿਕਾਰੀਆਂ ਦੀ ਟੀਮ ਇੱਥੇ ਪਹੁੰਚ ਗਈ ਹੈ ਅਤੇ ਜੁਲਾਈ ’ਚ ਲਾਪਤਾ ਹੋਏ ਦੋ ਨੌਜਵਾਨਾਂ ਦੇ ਕਤਲ ਕੇਸ ਦੀ ਜਾਂਚ ਸ਼ੁਰੂ ਕਰ ਦਿਤੀ ਹੈ।
ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਭਰੋਸਾ ਦਿਤਾ ਹੈ ਕਿ ਦੋਹਾਂ ਨੌਜੁਆਨਾਂ ਨੂੰ ਅਗਵਾ ਕਰ ਕੇ ਕਤਲ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਕੇ ਸਜ਼ਾ ਦਿਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ, ‘‘ਇੰਫਾਲ ’ਚ ਉਤਰਨ ਤੋਂ ਬਾਅਦ ਸੀ.ਬੀ.ਆਈ. ਟੀਮ ਨੇ ਜਾਂਚ ਸ਼ੁਰੂ ਕਰ ਦਿਤੀ ਹੈ।’’
ਉਨ੍ਹਾਂ ਨੇ ਇਸ ਬਾਰੇ ਕੋਈ ਵੇਰਵਾ ਸਾਂਝਾ ਨਹੀਂ ਕੀਤਾ ਕਿ ਸੀ.ਬੀ.ਆਈ. ਟੀਮ ਨੇ ਜਾਂਚ ਲਈ ਕਿਹੜੇ ਸਥਾਨਾਂ ਦਾ ਦੌਰਾ ਕੀਤਾ। ਜੁਲਾਈ ਤੋਂ ਲਾਪਤਾ ਦੋ ਨੌਜਵਾਨਾਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਸੋਮਵਾਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਵਿਦਿਆਰਥੀਆਂ ਨੇ ਮੰਗਲਵਾਰ ਨੂੰ ਵਿਰੋਧ ਪ੍ਰਦਰਸ਼ਨ ਕੀਤਾ ਸੀ।
ਬੁਧਵਾਰ ਨੂੰ ਵੀ ਸੁਰਖਿਆ ਬਲਾਂ ਨੇ ਮਨੀਪੁਰ ਦੀ ਰਾਜਧਾਨੀ ਇੰਫਾਲ ’ਚ ਮੁੱਖ ਮੰਤਰੀ ਸਕੱਤਰੇਤ ਤੋਂ ਲਗਭਗ 200 ਮੀਟਰ ਦੂਰ ਮੋਇਰੰਗਖੋਮ ਵਿਖੇ ਪੱਥਰਬਾਜ਼ੀ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਕਈ ਅੱਥਰੂ ਗੈਸ ਦੇ ਗੋਲੇ ਛੱਡੇ, ਜਿਸ ਨਾਲ ਕਈ ਵਿਦਿਆਰਥੀ ਜ਼ਖਮੀ ਹੋ ਗਏ। ਵਿਦਿਆਰਥੀ ਦੋ ਨੌਜਵਾਨਾਂ ਦੇ ਅਗਵਾ ਅਤੇ ਕਤਲ ਵਿਰੁਧ ਇੰਫਾਲ ਦੇ ਹਾਉ ਗਰਾਊਂਡ ਤੋਂ ਸ਼ੁਰੂ ਹੋਈ ਰੈਲੀ ’ਚ ਹਿੱਸਾ ਲੈ ਰਹੇ ਸਨ।
ਅਧਿਕਾਰੀਆਂ ਨੇ ਦਸਿਆ ਕਿ ‘ਸਾਨੂੰ ਨਿਆਂ ਚਾਹੀਦਾ ਹੈ’ ਵਰਗੇ ਨਾਅਰੇ ਲਗਾ ਰਹੇ ਵਿਦਿਆਰਥੀ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੇ ਬੰਗਲੇ ਵੱਲ ਵਧ ਰਹੇ ਸਨ। ਰੈਲੀ ਦੀ ਅਗਵਾਈ ਕਰ ਰਹੇ ਵਿਦਿਆਰਥੀ ਆਗੂ ਲੈਂਥੇਂਗਬਾ ਨੇ ਪੱਤਰਕਾਰਾਂ ਨੂੰ ਕਿਹਾ, ‘‘ਸਾਡੀ ਮੰਗ ਹੈ ਕਿ ਦੋ ਵਿਦਿਆਰਥੀਆਂ ਦੇ ਕਾਤਲਾਂ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਸਕਾਰ ਲਈ ਬਰਾਮਦ ਕੀਤਾ ਜਾਵੇ।’’ ਅਸੀਂ ਅਪਣੀਆਂ ਸ਼ਿਕਾਇਤਾਂ ਦੇ ਹੱਲ ਲਈ ਮੁੱਖ ਮੰਤਰੀ ਨੂੰ ਵੀ ਮਿਲਣਾ ਚਾਹੁੰਦੇ ਹਾਂ। ਅਸੀਂ ਅਪਣੀ ਪੜ੍ਹਾਈ ਕਿਵੇਂ ਜਾਰੀ ਰੱਖ ਸਕਦੇ ਹਾਂ ਜਦੋਂ ਸਾਡੇ ਦੋਸਤਾਂ ਅਤੇ ਜਮਾਤੀਆਂ ਦਾ ਬੇਰਹਿਮੀ ਨਾਲ ਕਤਲ ਕੀਤਾ ਜਾ ਰਿਹਾ ਹੈ?’’
ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਇਹ ਕਹਿ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਕਿ ‘ਵਿਦਿਆਰਥੀ ਨੁਮਾਇੰਦਿਆਂ ਲਈ ਮੁੱਖ ਮੰਤਰੀ ਅਤੇ ਰਾਜਪਾਲ ਦੋਵਾਂ ਨੂੰ ਮਿਲਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।’ ਅਧਿਕਾਰੀਆਂ ਨੇ ਦਸਿਆ ਕਿ ਸਥਿਤੀ ਅਚਾਨਕ ਵਿਗੜ ਗਈ ਅਤੇ ਕੁਝ ਵਿਦਿਆਰਥੀਆਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿਤਾ, ਜਿਸ ਤੋਂ ਬਾਅਦ ਰੈਪਿਡ ਐਕਸ਼ਨ ਫੋਰਸ (ਆਰ.ਏ.ਐਫ.) ਸਮੇਤ ਸੁਰੱਖਿਆ ਬਲਾਂ ਨੂੰ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਕਈ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ।
ਇਸ ਤੋਂ ਇਕ ਦਿਨ ਪਹਿਲਾਂ ਆਰ.ਏ.ਐਫ. ਦੇ ਜਵਾਨਾਂ ਅਤੇ ਸਥਾਨਕ ਲੋਕਾਂ ਵਿਚਾਲੇ ਝੜਪ ’ਚ 45 ਪ੍ਰਦਰਸ਼ਨਕਾਰੀ, ਜਿਨ੍ਹਾਂ ’ਚ ਜ਼ਿਆਦਾਤਰ ਵਿਦਿਆਰਥੀ ਸਨ, ਜ਼ਖ਼ਮੀ ਹੋ ਗਏ ਸਨ।
ਇਸ ਤੋਂ ਇਲਾਵਾ ਕੁਕੀ ਭਾਈਚਾਰੇ ਦੀ ਸਿਖਰਲੀ ਸੰਸਥਾ ‘ਇੰਡੀਜੀਨਸ ਟ੍ਰਾਈਬਲ ਲੀਡਰਜ਼ ਫੋਰਮ’ (ਆਈ.ਟੀ.ਐੱਲ.ਐੱਫ.) ਦੀ ਮਹਿਲਾ ਵਿੰਗ ਨੇ ਮਨੀਪੁਰ ’ਚ ਲਗਭਗ ਪੰਜ ਮਹੀਨਿਆਂ ਤੋਂ ਜਾਰੀ ਜਾਤ ਅਧਾਰਤ ਹਿੰਸਾ ਦੌਰਾਨ ਆਦਿਵਾਸੀ ਔਰਤਾਂ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਜਾਂਚ ਦੇ ਹੁਕਮ ਦਿਵਾਉਣ ’ਚ ਦੇਰ ਵਿਰੁਧ ਚੁਰਾਚੰਦਪੁਰ ’ਚ ਪ੍ਰਦਰਸ਼ਨ ਕੀਤਾ ਗਿਆ।