ਹਮਲੇ ਦੀ ਜ਼ਿੰਮੇਵਾਰ ਭਾਜਪਾ, ਸਬਰੀਮਾਲਾ ਮੰਦਰ ਦੇ ਮੁੱਖ ਪੁਜਾਰੀ ਪ੍ਰਵਾਰ ਅਤੇ ਪੰਡਾਲਮ ਸ਼ਾਹੀ ਪ੍ਰਵਾਰ ਹੈ : ਸੰਦੀਪਾਨੰਦ ਗਿਰੀ.....
ਤਿਰੁਵਨੰਤਪੁਰਮ : ਸਬਰੀਮਾਲਾ ਮੰਦਰ ਵਿਚ ਹਰ ਉਮਰ ਵਰਗ ਦੀਆਂ ਔਰਤਾਂ ਦੇ ਦਾਖ਼ਲੇ ਦੀ ਇਜਾਜ਼ਤ ਦੇਣ ਵਾਲੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਤਾਰੀਫ਼ ਕਰਨ ਵਾਲੇ ਸਵਾਮੀ ਸੰਦੀਪਾਨੰਦ ਗਿਰੀ ਦੇ ਸਾਲਗ੍ਰਾਮਮ ਆਸ਼ਰਮ 'ਤੇ ਸਨਿਚਰਵਾਰ ਸਵੇਰੇ ਹਮਲਾ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਹਮਲਾ ਤੜਕੇ 2 ਵਜੇ ਕਰੀਬ ਹੋਇਆ ਜਿਸ 'ਚ ਦੋ ਕਾਰਾਂ ਅਤੇ ਇਕ ਸਕੂਟਰ ਨੂੰ ਅੱਗ ਲਾ ਦਿਤੀ ਅਤੇ ਨਾਲ ਹੀ ਹਮਲਾਵਰ ਆਸ਼ਰਮ 'ਚ ਇਕ ਫੁੱਲਾਂ ਦਾ ਹਾਰ ਵੀ ਛੱਡ ਗਏ। ਹਮਲੇ ਸਮੇਂ ਗਿਰੀ ਆਸ਼ਰਮ ਅੰਦਰ ਹੀ ਮੌਜੂਦ ਸਨ।
ਸਵਾਮੀ ਸੰਦੀਪਾਨੰਦ ਗਿਰੀ ਨੇ ਸੁਪਰੀਮ ਕੋਰਟ ਦੇ ਉਸ ਫ਼ੈਸਲੇ ਦਾ ਸਵਾਗਤ ਕੀਤਾ ਸੀ ਜਿਸ ਵਿਚ 10 ਤੋਂ 50 ਸਾਲ ਦੀਆਂ ਔਰਤਾਂ ਨੂੰ ਸਬਰੀਮਾਲਾ 'ਚ ਭਗਵਾਨ ਅਯੱਪਾ ਦੇ ਮੰਦਰ 'ਚ ਪ੍ਰਾਰਥਨਾ ਕਰਨ ਦੀ ਇਜਾਜ਼ਤ ਦਿਤੀ ਗਈ ਹੈ। ਇਸ ਦੌਰਾਨ ਆਸ਼ਰਮ ਦਾ ਦੌਰਾ ਕਰਨ ਆਏ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਦੋਸ਼ੀ ਕੋਈ ਵੀ ਹੋਵੇ, ਉਨ੍ਹਾਂ ਵਿਰੁਧ ਸਖ਼ਤ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਹਮਲਾਵਰਾਂ ਦਾ ਮਕਸਦ ਆਸ਼ਰਮ ਨੂੰ ਨਹੀਂ ਸਗੋਂ ਸਵਾਮੀ ਜੀ ਨੂੰ ਨੁਕਸਾਨ ਪਹੁੰਚਾਉਣਾ ਸੀ।
ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਅਤੇ ਹਮਲੇ ਦੀ ਨਿੰਦਾ ਕਰਦਿਆਂ ਹਮਲਾਵਰਾਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਸੀ.ਪੀ.ਐਮ. ਦੇ ਸੂਬਾ ਸਕੱਤਰ ਕੇ.ਬਾਲਾਕ੍ਰਿਸ਼ਨ ਨੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਪਿੱਛੇ ਆਰ.ਐਸ.ਐਸ. ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਧਰਮਨਿਰਪੱਖ ਆਵਾਜ਼ ਨੂੰ 'ਸ਼ਾਂਤ' ਰੱਖਣ ਲਈ ਸੰਘ ਪ੍ਰਵਾਰ ਕਿਸੇ ਵੀ ਹੱਦ ਤਕ ਜਾ ਸਕਦਾ ਹੈ।
ਹਮਲੇ 'ਤੇ ਪ੍ਰਤੀਕ੍ਰਿਆ ਦਿੰਦਿਆਂ ਸੰਦੀਪਾਨੰਦ ਗਿਰੀ ਨੇ ਦੋਸ਼ ਲਾਇਆ ਕਿ ਹਮਲੇ ਦੀ ਪੂਰੀ ਜ਼ਿੰਮੇਵਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੂਬਾ ਇਕਾਈ ਦੇ ਪ੍ਰਧਾਨ ਪੀ.ਐਸ. ਸ਼੍ਰੀਧਰਨ ਪਿਲਾਈ ਅਤੇ ਸਬਰੀਮਾਲਾ ਮੰਦਰ ਦੇ ਮੁੱਖ ਪੁਜਾਰੀਆਂ ਦੇ ਪ੍ਰਵਾਰ ਸਤਾਜਮੋਨ ਮਦੋਮ ਅਤੇ ਪੰਡਾਲਮ ਸ਼ਾਹੀ ਪ੍ਰਵਾਰ ਉਤੇ ਹੈ।
ਡੀ.ਜੀ.ਪੀ. ਲੋਕਨਾਥ ਬੋਹਰਾ ਨੇ ਕਿਹਾ ਕਿ ਦੋਸ਼ੀਆਂ ਵਿਰੁਧ ਮਾਮਲਾ ਦਰਜ ਕਰਨ ਲਈ ਸਖ਼ਤ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਉਹ ਸੂਬੇ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਬਰਦਾਸ਼ਤ ਨਹੀਂ ਕਰਨਗੇ। ਹਾਲਾਂਕਿ ਭਾਜਪਾ ਦੇ ਜ਼ਿਲ੍ਹਾ ਅਧਿਕਾਰੀ ਨੇ ਹਮਲੇ 'ਚ ਕਿਸੇ ਤਰ੍ਹਾਂ ਦੀ ਭੂਮਿਕਾ ਤੋਂ ਇਨਕਾਰ ਕੀਤਾ ਅਤੇ ਘਟਨਾ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਭਗਵੀਂ ਪਾਰਟੀ ਨੇ ਇਹ ਵੀ ਦੋਸ਼ ਲਾਏ ਹਨ ਕਿ ਇਸ ਹਮਲੇ ਪਿੱਛੇ ਸੀ.ਪੀ.ਐਮ. ਹੈ ਅਤੇ ਸਬਰੀਮਾਲਾ 'ਚ ਹੋ ਰਹੇ ਵਿਰੋਧ ਪ੍ਰਦਰਸ਼ਨ ਤੋਂ ਧਿਆਨ ਹਟਾਉਣ ਲਈ ਇਹ ਸੱਭ ਕੀਤਾ ਗਿਆ ਹੈ। (ਪੀਟੀਆਈ)
                    
                