
ਕਿਹਾ, ਮੁੰਬਈ ਹਮਲੇ ਤੋਂ ਬਾਅਦ ਭਾਰਤ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਹੋਈ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ
ਮੁੰਬਈ : ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਐਤਵਾਰ ਨੂੰ ਕਿਹਾ ਕਿ 26/11 ਦੇ ਮੁੰਬਈ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਹੋਈ ਪਰ ਜੇਕਰ ਅਜਿਹੀ ਘਟਨਾ ਦੁਬਾਰਾ ਵਾਪਰਦੀ ਹੈ ਤਾਂ ਹੁਣ ਅਜਿਹਾ ਨਹੀਂ ਹੋਵੇਗਾ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ, ‘‘ਮੁੰਬਈ ’ਚ ਜੋ ਹੋਇਆ, ਉਸ ਨੂੰ ਦੁਹਰਾਇਆ ਨਹੀਂ ਜਾਣਾ ਚਾਹੀਦਾ ਕਿ ਇੱਥੇ ਅਤਿਵਾਦੀ ਹਮਲਾ ਹੋਇਆ ਹੈ ਅਤੇ ਕੋਈ ਪ੍ਰਤੀਕਿਰਿਆ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਮੁੰਬਈ ਭਾਰਤ ਅਤੇ ਦੁਨੀਆਂ ਲਈ ਅਤਿਵਾਦ ਦੇ ਵਿਰੋਧ ਦਾ ਪ੍ਰਤੀਕ ਹੈ। ’’
ਜੈਸ਼ੰਕਰ ਨੇ ਕਿਹਾ, ‘‘ਜਦੋਂ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਮੈਂਬਰ ਸੀ ਤਾਂ ਉਹ ਅਤਿਵਾਦ ਰੋਕੂ ਕਮੇਟੀ ਦਾ ਪ੍ਰਧਾਨ ਸੀ। ਉਨ੍ਹਾਂ ਕਿਹਾ, ‘‘ਅਸੀਂ ਉਸੇ ਹੋਟਲ ’ਚ ਅਤਿਵਾਦ ਰੋਕੂ ਕਮੇਟੀ ਦੀ ਬੈਠਕ ਕੀਤੀ ਸੀ, ਜਿੱਥੇ ਅਤਿਵਾਦੀ ਹਮਲਾ ਹੋਇਆ ਸੀ। ਲੋਕ ਜਾਣਦੇ ਹਨ ਕਿ ਭਾਰਤ ਅਤਿਵਾਦ ਵਿਰੁਧ ਮਜ਼ਬੂਤੀ ਨਾਲ ਖੜਾ ਹੈ। ਅਸੀਂ ਅੱਜ ਅਤਿਵਾਦ ਨਾਲ ਲੜਨ ਦੀ ਅਗਵਾਈ ਕਰ ਰਹੇ ਹਾਂ।’’
ਉਨ੍ਹਾਂ ਕਿਹਾ, ‘‘ਜਦੋਂ ਅਸੀਂ ਅਤਿਵਾਦ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਗੱਲ ਕਰਦੇ ਹਾਂ ਤਾਂ ਇਹ ਸਪੱਸ਼ਟ ਹੈ ਕਿ ਜਦੋਂ ਕੋਈ ਕੁੱਝ ਕਰਦਾ ਹੈ ਤਾਂ ਉਸ ਦਾ ਜਵਾਬ ਦਿਤਾ ਜਾਵੇਗਾ। ਇਹ ਮਨਜ਼ੂਰ ਨਹੀਂ ਕੀਤਾ ਜਾ ਸਕਦਾ ਕਿ ਤੁਸੀਂ ਦਿਨ ’ਚ ਸੌਦੇਬਾਜ਼ੀ ਕਰ ਰਹੇ ਹੋ ਅਤੇ ਰਾਤ ਨੂੰ ਦਹਿਸ਼ਤ ’ਚ ਸ਼ਾਮਲ ਹੋ ਰਹੇ ਹੋ ਅਤੇ ਮੈਨੂੰ ਇਹ ਵਿਖਾਵਾ ਕਰਨਾ ਪਵੇ ਕਿ ਸੱਭ ਕੁੱਝ ਠੀਕ ਹੈ। ਹੁਣ ਭਾਰਤ ਇਸ ਨੂੰ ਮਨਜ਼ੂਰ ਨਹੀਂ ਕਰੇਗਾ। ਇਹੀ ਤਬਦੀਲੀ ਹੈ।’’ਜੈਸ਼ੰਕਰ ਨੇ ਕਿਹਾ, ‘‘ਅਸੀਂ ਅਤਿਵਾਦ ਨੂੰ ਉਜਾਗਰ ਕਰਾਂਗੇ ਅਤੇ ਜਿੱਥੇ ਸਾਨੂੰ ਕਾਰਵਾਈ ਕਰਨੀ ਪਵੇਗੀ, ਅਸੀਂ ਕਾਰਵਾਈ ਵੀ ਕਰਾਂਗੇ।’’