ਦਿੱਲੀ ਦੀ ਇਕ ਅਦਾਲਤ ਨੇ ਆਈਐਸਆਈਐਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ 10 ਲੋਕਾਂ ਨੂੰ ਵੀਰਵਾਰ ਨੂੰ 12 ਦਿਨ ਦੀ ਐਨਆਈਏ ਹਿਰਾਸਤ ਵਿਚ ਭੇਜ ਦਿਤਾ...
ਨਵੀਂ ਦਿੱਲੀ : (ਪੀਟੀਆਈ) ਦਿੱਲੀ ਦੀ ਇਕ ਅਦਾਲਤ ਨੇ ਆਈਐਸਆਈਐਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ 10 ਲੋਕਾਂ ਨੂੰ ਵੀਰਵਾਰ ਨੂੰ 12 ਦਿਨ ਦੀ ਐਨਆਈਏ ਹਿਰਾਸਤ ਵਿਚ ਭੇਜ ਦਿਤਾ। ਖਬਰਾਂ ਦੇ ਮੁਤਾਬਕ, ਐਨਆਈਏ ਨੇ ਆਈਐਸਆਈਐਸ ਵਲੋਂ ਪ੍ਰੇਰਿਤ ਇਕ ਅਤਿਵਾਦੀ ਮਾਡਿਊਲ ਦੇ ਮੈਂਬਰ ਹੋਣ ਦੇ ਸ਼ੱਕ ਵਿਚ ਬੁੱਧਵਾਰ ਨੂੰ ਇਹਨਾਂ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹਨਾਂ ਲੋਕਾਂ ਉਤੇ ਰਾਜਨੀਤਿਕ ਹਸਤੀਆਂ ਅਤੇ ਦਿੱਲੀ ਵਿਚ ਸਰਕਾਰੀ ਅਦਾਰੇ ਸਮੇਤ ਉੱਤਰ ਭਾਰਤ ਦੇ ਕਈ ਹੋਰ ਹਿੱਸਿਆਂ ਵਿਚ ਹਮਲੇ ਦੀ ਸਾਜਿਸ਼ ਰਚਣ ਦਾ ਇਲਜ਼ਾਮ ਹੈ।
ਇਹਨਾਂ ਆਰੋਪੀਆਂ ਨੂੰ ਸਖਤ ਸੁਰੱਖਿਆ ਵਿਚ ਅਤੇ ਢਕੇ ਹੋਏ ਚਿਹਰਿਆਂ ਦੇ ਨਾਲ ਅਡੀਸ਼ਨਲ ਸੈਸ਼ਨ ਜੱਜ ਅਜੇ ਪੰਡਿਤ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜੱਜ ਨੇ ਮਾਮਲੇ ਵਿਚ ਬੰਦ ਕਮਰੇ ਵਿਚ ਸੁਣਵਾਈ ਦਾ ਆਦੇਸ਼ ਦਿਤਾ। ਐਨਆਈਏ ਨੇ ਰਾਸ਼ਟਰੀ ਰਾਜਧਾਨੀ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿਸਿਆਂ ਤੋਂ ਗ੍ਰਿਫ਼ਤਾਰ ਕੀਤੇ ਗਏ 10 ਆਰੋਪੀਆਂ ਨੂੰ ਪੁੱਛਗਿਛ ਲਈ 15 ਦਿਨ ਦੀ ਹਿਰਾਸਤ ਵਿਚ ਦਿੱਤੇ ਜਾਣ ਦੀ ਬੇਨਤੀ ਕੀਤੀ ਸੀ।
ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ ਮੁਫ਼ਤੀ ਮੁਹੰਮਦ ਸੁਹੈਲ ਉਰਫ਼ ਹਜਰਤ (29), ਅਨਾਸ ਯੁਨੂਸ (24), ਰਾਸ਼ਿਦ ਜ਼ਫ਼ਰ ਰਕ ਉਰਫ਼ ਜਫ਼ਰ (23), ਸਈਦ ਉਰਫ਼ ਸੈਇਯਦ (28), ਸਈਯਦ ਦਾ ਭਰਾ ਰਈਸ ਅਹਿਮਦ, ਜ਼ੁਬੈਰ ਮਲਿਕ (20), ਜ਼ੁਬੈਰ ਦਾ ਭਰਾ ਜੈਦ (22), ਸਾਕਿਬ ਇਫ਼ਤੇਕਾਰ (26), ਮੁਹੰਮਦ ਇਰਸ਼ਾਦ ਲਗਭੱਗ 20 ਸਾਲ ਅਤੇ ਮੁਹੰਮਦ ਆਜ਼ਮ (35) ਸ਼ਾਮਿਲ ਹਨ।