
ਪੰਜਾਬ ਸਰਕਾਰ ਵਲੋਂ ਅਧਿਕ੍ਰਿਤ ਕੀਤੀ ਗਈ ਪ੍ਰਾਈਵੇਟ ਏਜੰਸੀ ਸਪੀਡ ਨੈੱਟਵਰਕ ਵਲੋਂ ਡੇਰਾ ਰੋਡ ਸਥਿਤ ਇਕ ਪ੍ਰਾਈਵੇਟ ਹਸਪਤਾਲ ਵਿਚ ਛਾਪੇਮਾਰੀ...
ਬਟਾਲਾ (ਪੀਟੀਆਈ) : ਪੰਜਾਬ ਸਰਕਾਰ ਵਲੋਂ ਅਧਿਕ੍ਰਿਤ ਕੀਤੀ ਗਈ ਪ੍ਰਾਈਵੇਟ ਏਜੰਸੀ ਸਪੀਡ ਨੈੱਟਵਰਕ ਵਲੋਂ ਡੇਰਾ ਰੋਡ ਸਥਿਤ ਇਕ ਪ੍ਰਾਈਵੇਟ ਹਸਪਤਾਲ ਵਿਚ ਛਾਪੇਮਾਰੀ ਕਰਦੇ ਹੋਏ 3 ਮਸ਼ੀਨਾਂ ਸੀਜ਼ ਕੀਤੀਆਂ ਗਈਆਂ ਹਨ। ਇਸ ਸਬੰਧ ਵਿਚ ਸਪੀਡ ਨੈੱਟਵਰਕ ਦੇ ਡਾਇਰੈਕਟਰ ਰਮੇਸ਼ ਦੱਤ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਹਸਪਤਾਲ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਲਿੰਗ ਨਿਰਧਾਰਣ ਟੈਸਟ ਕੀਤੇ ਜਾਂਦੇ ਹਨ, ਜੋ ਕਿ ਪੰਜਾਬ ਸਰਕਾਰ ਵਲੋਂ ਬੈਨ ਕੀਤੇ ਗਏ ਹਨ।
ਇਸ ਸਬੰਧ ਵਿਚ ਉਨ੍ਹਾਂ ਨੇ ਅਪਣੀ ਏਜੰਸੀ ਵਲੋਂ ਇਕ ਗਰਭਵਤੀ ਔਰਤ ਨੂੰ ਟੈਸਟ ਕਰਵਾਉਣ ਲਈ ਭੇਜਿਆ। ਉਨ੍ਹਾਂ ਨੇ ਕਿਹਾ ਕਿ ਇਸ ਪੂਰੇ ਕ੍ਰਮ ਵਿਚ ਲਗਭੱਗ ਇਕ ਹਫ਼ਤੇ ਦਾ ਸਮਾਂ ਲਗਾ ਅਤੇ ਉਕਤ ਹਸਪਤਾਲ ਦੇ ਡਾਕਟਰ ਇਸ ਟੈਸਟ ਲਈ 25000 ਰੁਪਏ ਮੰਗ ਰਹੇ ਸਨ, ਜਦੋਂ ਕਿ 22000 ਰੁਪਏ ਵਿਚ ਸੌਦਾ ਤੈਅ ਹੋ ਗਿਆ ਅਤੇ ਟੈਸਟ ਲਈ ਉਕਤ ਔਰਤ ਨੂੰ ਅਸੀਂ ਇਸ ਹਸਪਤਾਲ ਵਿਚ ਭੇਜ ਦਿਤਾ। ਉਨ੍ਹਾਂ ਨੇ ਕਿਹਾ ਕਿ ਬਾਅਦ ਵਿਚ ਉਨ੍ਹਾਂ ਦੀ ਟੀਮ ਨੇ ਛਾਪੇਮਾਰੀ ਕਰਦੇ ਹੋਏ ਨਕਦ ਦਿਤੇ ਗਏ 22 ਹਜ਼ਾਰ ਰੁਪਏ ਮੌਕੇ ‘ਤੇ ਬਰਾਮਦ ਕਰ ਲਏ
ਅਤੇ ਉਕਤ ਹਸਪਤਾਲ ਦੇ ਕਰਮਚਾਰੀਆਂ ਨੂੰ ਪੁੱਛਗਿਛ ਲਈ ਥਾਣਾ ਸਿਵਲ ਲਾਈਨ ਦੀ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ ਹੈ। ਉਕਤ ਮਾਮਲੇ ਵਿਚ ਸ਼ਾਮਿਲ 3 ਲੋਕਾਂ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਏਜੰਸੀ ਨੂੰ ਪੰਜਾਬ ਸਰਕਾਰ ਵਲੋਂ ਹਾਇਰ ਕੀਤਾ ਗਿਆ ਹੈ ਤਾਂ ਜੋ ਪੂਰੇ ਸੂਬੇ ਦੇ ਕਿਸੇ ਵੀ ਹਸਪਤਾਲ ਵਿਚ ਜੇਕਰ ਗ਼ੈਰ-ਕਾਨੂੰਨੀ ਢੰਗ ਨਾਲ ਲਿੰਗ ਨਿਰਧਾਰਣ ਟੈਸਟ ਕੀਤੇ ਜਾਂਦੇ ਹਨ ਤਾਂ ਉਨ੍ਹਾਂ ‘ਤੇ ਲਗਾਮ ਕਸੀ ਜਾ ਸਕੇ।
ਹੁਣ ਤੱਕ ਉਨ੍ਹਾਂ ਦੀ ਏਜੰਸੀ ਵਲੋਂ ਲਗਭੱਗ 20 ਹਸਪਤਾਲਾਂ ਵਿਚ ਅਜਿਹੀ ਰੇਡ ਸਫ਼ਲਤਾਪੂਰਵਕ ਕੀਤੀ ਜਾ ਚੁੱਕੀ ਹੈ ਅਤੇ ਜ਼ਿਲ੍ਹਾ ਗੁਰਦਾਸਪੁਰ ਵਿਚ ਇਹ ਪਹਿਲੀ ਰੇਡ ਹੈ।