
ਜਨਰਲ ਬਿਪਨ ਰਾਵਤ ਦੇ ਬਿਆਨ 'ਚ ਕੁੱਝ ਵੀ ਸਿਆਸੀ ਨਹੀਂ ਸੀ
ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਸਬੰਧੀ ਫ਼ੌਜ ਮੁਖੀ ਜਨਰਲ ਬਿਪਨ ਰਾਵਤ ਨੇ ਬੀਤੇ ਦਿਨੀਂ ਇਕ ਬਿਆਨ ਦਿਤਾ ਸੀ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਨੇਤਾ ਉਹ ਨਹੀਂ ਜੋ ਹਿੰਸਾ ਕਰਨ ਵਾਲਿਆਂ ਦਾ ਸਾਥ ਦਿੰਦੇ ਹਨ। ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਕਈ ਆਗੂਆਂ ਨੇ ਫ਼ੌਜ ਮੁਖੀ ਦੇ ਬਿਆਨ 'ਤੇ ਕਿੰਤੂ-ਪ੍ਰੰਤੂ ਕੀਤਾ ਸੀ।
Photo
ਇਸੇ ਦੌਰਾਨ ਸਾਬਕਾ ਫ਼ੌਜ ਮੁਖੀ ਤੇ ਕੇਂਦਰੀ ਮੰਤਰੀ ਵੀਕੇ ਸਿੰਘ, ਜਨਰਲ ਬਿਪਨ ਰਾਵਤ ਦੇ ਹੱਕ 'ਚ ਨਿਤਰ ਆਏ ਹਨ। ਉਨ੍ਹਾਂ ਫੌਜ ਮੁਖੀ ਦਾ ਪੱਖ ਪੂਰਦਿਆਂ ਵਿਰੋਧੀ ਧਿਰ 'ਤੇ ਹਰ ਚੀਜ਼ ਨੂੰ ਲੈ ਕੇ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਵਿਰੋਧ ਪ੍ਰਦਰਸ਼ਨ ਕਰਦੇ ਸਮੇਂ ਸ਼ਾਂਤੀ ਬਣਾਈ ਰੱਖਣ ਲਈ ਕਹਿਣ 'ਚ ਕੁੱਝ ਵੀ ਰਾਜਨੀਤਕ ਨਹੀਂ ਸੀ। ਉਨ੍ਹਾਂ ਕਿਹਾ ਕਿ ਜਨਰਲ ਬਿਪਨ ਰਾਵਤ ਨੇ ਤਾਂ ਸਿਰਫ਼ ਨੌਜਵਾਨਾਂ ਨੂੰ ਸਹੀ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਸ 'ਚ ਰਾਜਨੀਤੀ ਵਰਗੀ ਕੋਈ ਸ਼ੈਅ ਨਹੀਂ ਸੀ।
Photo
ਕਾਬਲੇਗੌਰ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹੋ ਰਹੇ ਰੋਸ ਪ੍ਰਦਰਸ਼ਨਾਂ ਨੇ ਕਈ ਜਗ੍ਹਾ ਹਿੰਸਕ ਰੂਪ ਅਖ਼ਤਿਆਰ ਕਰ ਲਿਆ ਸੀ। ਇਸ ਦੌਰਾਨ ਵੱਡੀ ਪੱਧਰ 'ਤੇ ਹਿੰਸਾ ਤੇ ਭੰਨਤੋੜ ਦੀਆਂ ਘਟਨਾਵਾਂ ਹੋਈਆਂ ਸਨ।
Photo
ਇਸ ਤੋਂ ਬਾਅਦ ਇਕ ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਫ਼ੌਜ ਮੁਖੀ ਨੇ ਕਿਹਾ ਸੀ ਕਿ ਨੇਤਾ ਉਹ ਨਹੀਂ ਹੈ ਜੋ ਹਿੰਸਾ ਕਰਨ ਵਾਲੇ ਲੋਕਾਂ ਦਾ ਸਾਥ ਦਿੰਦੇ ਹਨ। ਵਿਦਿਆਰਥੀ ਯੂਨੀਵਰਸਿਟੀਆਂ ਵਿਚੋਂ ਨਿਕਲ ਕੇ ਹਿੰਸਾ 'ਤੇ ਉਤਰ ਆਏ ਹਨ ਪਰ ਹਿੰਸਾ ਭੜਕਾਉਣਾ ਅਗਵਾਈ ਕਰਨਾ ਨਹੀਂ ਹੁੰਦਾ।