
ਹਰ ਭਾਰਤੀ ‘ਜਨ-ਗਣ-ਮਨ’ ਦੀ ਅਵਾਜ਼ ਸੁਣ ਕੇ ਮਾਣ ਮਹਿਸੂਸ ਕਰਦਾ ਹੈ।
ਨਵੀਂ ਦਿੱਲੀ: ਹਰ ਭਾਰਤੀ ‘ਜਨ-ਗਣ-ਮਨ’ ਦੀ ਅਵਾਜ਼ ਸੁਣ ਕੇ ਮਾਣ ਮਹਿਸੂਸ ਕਰਦਾ ਹੈ। ਭਾਰਤ ਦੇ ਰਾਸ਼ਟਰੀ ਗਾਨ ਦਾ 27 ਦਸੰਬਰ ਨਾਲ ਖ਼ਾਸ ਰਿਸ਼ਤਾ ਹੈ। ਇਹੀ ਨਹੀਂ 27 ਦਸੰਬਰ ਦੀ ਤਰੀਕ ਨਾਲ ਬਹੁਤ ਸਾਰੀਆਂ ਵੱਡੀਆਂ ਘਟਨਾਵਾਂ ਜੁੜੀਆਂ ਹਨ। ਰਾਸ਼ਟਰੀ ਗਾਨ ਨੂੰ ਨੋਬਲ ਪੁਰਸਕਾਰ ਵਿਜੇਤਾ ਰਬਿੰਦਰਨਾਥ ਟੈਗੋਰ ਵੱਲੋਂ ਲਿਖਿਆ ਗਿਆ ਹੈ।
ਇਸ ਨੂੰ ਸਭ ਤੋਂ ਪਹਿਲੀ ਵਾਰ ਜਨਤਕ ਸਟੇਜ ‘ਤੇ ਉਹਨਾਂ ਦੀ ਭਾਣਜੀ ਸਰਲਾ ਵੱਲੋਂ ਗਾਇਆ ਗਿਆ ਸੀ। ਇਸ ਦੀ ਰਚਨਾ ਬੰਗਾਲੀ ਭਾਸ਼ਾ ਵਿਚ ਕੀਤੀ ਗਈ ਸੀ, ਜਿਸ ਦਾ ਬਾਅਦ ਵਿਚ ਆਬਿਦ ਅਲੀ ਵੱਲੋਂ ਹਿੰਦੀ ਅਤੇ ਉਰਦੂ ਵਿਚ ਅਨੁਵਾਦ ਕੀਤਾ ਗਿਆ ਸੀ। ਹਾਲਾਂਕਿ 27 ਦਸੰਬਰ 1911 ਨੂੰ ਭਾਰਤੀ ਰਾਸ਼ਟਰੀ ਕਾਂਗਰਸ ਦੇ ਕੋਲਕਾਤਾ ਸੈਸ਼ਨ ਦੌਰਾਨ ਪਹਿਲੀ ਵਾਰ ਰਾਸ਼ਟਰੀ ਗਾਨ ਬੰਗਾਲੀ ਅਤੇ ਹਿੰਦੀ ਭਾਸ਼ਾ ਵਿਚ ਹੀ ਗਾਇਆ ਗਿਆ ਸੀ।
ਉਸ ਸਮੇਂ ਸਕੂਲ ਦੇ ਕੁਝ ਬੱਚਿਆਂ ਨੇ ਕਾਂਗਰਸ ਪ੍ਰਧਾਨ ਬਿਸ਼ਨ ਨਾਰਾਇਣ ਆਦਿ ਆਗੂਆਂ ਸਾਹਮਣੇ ਇਸ ਨੂੰ ਗਾਇਆ ਸੀ। ਇਹ ਗੱਲ ਸ਼ਾਇਦ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ ਕਿ ਰਾਸ਼ਟਰੀ ਗਾਨ ਦਾ ਅੰਗਰੇਜ਼ੀ ਵਰਜ਼ਨ ਵੀ ਹੈ, ਜਿਸ ਨੂੰ ‘ਦ ਮਾਰਨਿੰਗ ਸਾਂਗ ਆਫ ਇੰਡੀਆ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਰਬਿੰਦਰਨਾਥ ਟੈਗੋਰ ਨੇ ਹੀ 1919 ਵਿਚ ਰਾਸ਼ਟਰੀ ਗਾਨ ਦਾ ਅੰਗਰੇਜ਼ੀ ਅਨੁਵਾਦ ਕੀਤਾ ਸੀ।
ਰਾਸ਼ਟਰੀ ਗਾਨ ਗਾਉਣ ਲਈ ਕਾਨੂੰਨ ਬਣਾਏ ਗਏ ਹਨ ਤਾਂ ਜੋ ਇਸ ਦੇ ਲਈ ਲੋਕਾਂ ਦਾ ਸਨਮਾਨ ਬਰਕਰਾਰ ਰਹੇ। ਰਾਸ਼ਟਰੀ ਗਾਨ ਦਾ ਕੁੱਲ਼ ਸਮਾਂ 52 ਸੈਕਿੰਡ ਹੁੰਦਾ ਹੈ। ਇਸ ਨੂੰ 49 ਸੈਕਿੰਡ ਤੋਂ ਲੈ ਕੇ 52 ਸੈਕਿੰਡ ਦੇ ਵਿਚ ਹੀ ਗਾਉਣਾ ਚਾਹੀਦਾ ਹੈ। ਰਾਸ਼ਟਰੀ ਗਾਨ ਗਾਉਂਦੇ ਸਮੇਂ ਸਿੱਧੇ ਖੜ੍ਹੇ ਹੋਣਾ ਚਾਹੀਦਾ ਹੈ।