
ਮੂੰਹ ’ਤੇ ਰੱਖਿਆ ਸਿਰ੍ਹਾਣਾ, ਤਾਂ ਕਿ ਚੀਕ ਦੀ ਅਵਾਜ਼ ਨਾ ਸੁਣਾਈ ਦੇਵੇ
ਕੋਰਬਾ - ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਵਿੱਚ ਇੱਕ 20 ਸਾਲਾ ਲੜਕੀ ਦੇ 51 ਵਾਰ ਪੇਚਕਸ ਮਾਰ ਕੇ ਕਥਿਤ ਤੌਰ 'ਤੇ ਉਸ ਦਾ ਕਤਲ ਕਰ ਦਿੱਤਾ, ਕਿਉਂਕਿ ਪੀੜਤਾ ਨੇ ਮੁਲਜ਼ਮ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਸ਼ਹਿਰ ਦੇ ਪੁਲਿਸ ਸੁਪਰਡੈਂਟ (ਕੋਰਬਾ) ਵਿਸ਼ਵਦੀਪਕ ਤ੍ਰਿਪਾਠੀ ਨੇ ਦੱਸਿਆ ਕਿ ਇਹ ਘਟਨਾ ਸਾਊਥ ਈਸਟਰਨ ਕੋਲਫ਼ੀਲਡਜ਼ ਲਿਮਟਿਡ (ਐਸ.ਈ.ਸੀ.ਐਲ.) ਦੀ ਰਿਹਾਇਸ਼ੀ ਕਲੋਨੀ ਵਿੱਚ ਵਾਪਰੀ।
ਪੁਲਿਸ ਮੁਤਾਬਕ ਜਦੋਂ ਦੋਸ਼ੀ ਪੀੜਤਾ ਦੇ ਘਰ ਪਹੁੰਚਿਆ ਤਾਂ ਉਹ ਘਰ 'ਚ ਇਕੱਲੀ ਸੀ। ਹਮਲੇ ਦੌਰਾਨ ਮੁਲਜ਼ਮ ਨੇ ਲੜਕੀ ਦੇ ਮੂੰਹ ’ਤੇ ਸਿਰ੍ਹਾਣਾ ਰੱਖਿਆ ਤਾਂ ਜੋ ਕੋਈ ਉਸ ਦੀਆਂ ਚੀਕਾਂ ਨਾ ਸੁਣ ਸਕੇ ਅਤੇ ਉਸ ’ਤੇ ਪੇਚਕਸ ਨਾਲ 51 ਵਾਰ ਕੀਤੇ।
ਅਧਿਕਾਰੀ ਨੇ ਦੱਸਿਆ ਕਿ ਜਦੋਂ ਪੀੜਤਾ ਦਾ ਭਰਾ ਘਰ ਪਰਤਿਆ ਤਾਂ ਉਸ ਨੂੰ ਆਪਣੀ ਭੈਣ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ।
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਸ਼ਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਮੁਲਜ਼ਮ ਦੀ ਪੀੜਤ ਲੜਕੀ ਨਾਲ ਤਿੰਨ ਸਾਲ ਪਹਿਲਾਂ ਉਸ ਸਮੇਂ ਦੋਸਤੀ ਹੋਈ ਸੀ, ਜਦੋਂ ਉਹ ਇੱਕ ਯਾਤਰੀ ਬੱਸ ਵਿਚ ਕੰਡਕਟਰ ਵਜੋਂ ਕੰਮ ਕਰਦਾ ਸੀ ਅਤੇ ਲੜਕੀ ਉਸ ਵਿੱਚ ਸਫ਼ਰ ਕਰਦੀ ਸੀ।
ਮੁਲਜ਼ਮ ਬਾਅਦ ਵਿੱਚ ਕੰਮ ਲਈ ਗੁਜਰਾਤ ਦੇ ਅਹਿਮਦਾਬਾਦ ਚਲਾ ਗਿਆ ਅਤੇ ਦੋਵੇਂ ਫ਼ੋਨ ਉੱਤੇ ਸੰਪਰਕ ਵਿੱਚ ਸਨ। ਅਧਿਕਾਰੀ ਨੇ ਦੱਸਿਆ ਕਿ ਜਦੋਂ ਔਰਤ ਨੇ ਉਸ ਨਾਲ ਫੋਨ 'ਤੇ ਗੱਲ ਕਰਨੀ ਬੰਦ ਕਰ ਦਿੱਤੀ ਤਾਂ ਦੋਸ਼ੀ ਨੇ ਉਸ ਦੇ ਮਾਤਾ-ਪਿਤਾ ਨੂੰ ਵੀ ਧਮਕੀਆਂ ਦਿੱਤੀਆਂ।
ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਫ਼ਰਾਰ ਮੁਲਜ਼ਮ ਦੀ ਭਾਲ ਲਈ ਪੁਲੀਸ ਦੀਆਂ ਚਾਰ ਟੀਮਾਂ ਬਣਾਈਆਂ ਗਈਆਂ ਹਨ।