
ਬਜਰੰਗ ਦਲ ਨੇ ਲਾਇਆ ਧਰਮ ਪਰਿਵਰਤਨ ਦਾ ਦੋਸ਼, ਪੁਲਿਸ ਨੇ ਕੀਤਾ ਇਨਕਾਰ
ਬਦਾਇਊਂ - ਇੱਥੋਂ ਨੇੜਲੇ ਹਜ਼ਰਤਪੁਰ ਇਲਾਕੇ ਵਿੱਚ ਇੱਕ ਈਸਾਈ ਮਿਸ਼ਨਰੀ ਵਲੋਂ ਸਮੂਹਿਕ ਧਰਮ ਪਰਿਵਰਤਨ ਦੀ ਸੂਚਨਾ 'ਤੇ ਹੜਕੰਪ ਮਚ ਗਿਆ। ਮੌਕੇ ’ਤੇ ਪੁੱਜੀ ਪੁਲਿਸ ਨੇ ਇਹ ਕਹਿ ਕੇ ਪ੍ਰੋਗਰਾਮ ਬੰਦ ਕਰਵਾ ਦਿੱਤਾ ਕਿ ਇਹ ਸਮਾਗਮ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾਂ ਕਰਵਾਇਆ ਗਿਆ ਹੈ, ਹਾਲਾਂਕਿ, ਪੁਲਿਸ ਨੇ ਸਮੂਹਿਕ ਧਰਮ ਪਰਿਵਰਤਨ ਕਰਾਏ ਜਾਣ ਤੋਂ ਇਨਕਾਰ ਕੀਤਾ।
ਉਪ-ਪੁਲਿਸ ਕਪਤਾਨ ਕਰਮਵੀਰ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਹਜ਼ਰਤਪੁਰ ਥਾਣਾ ਖੇਤਰ ਦੇ ਪਿੰਡ ਭੇੜਾ 'ਚ ਸੋਮਵਾਰ ਰਾਤ ਨੂੰ ਬਿਨਾਂ ਇਜਾਜ਼ਤ ਤੋਂ ਵੱਡਾ ਪ੍ਰੋਗਰਾਮ ਆਯੋਜਿਤ ਕਰਕੇ ਧਰਮ ਪਰਿਵਰਤਨ ਕਰਵਾਉਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਜਦੋਂ ਪੁਲਿਸ ਪਿੰਡ ਪਹੁੰਚੀ ਤਾਂ ਡੀ.ਜੇ. 'ਤੇ ਭਜਨ ਵਜਾਏ ਜਾ ਰਹੇ ਸਨ। ਉਨ੍ਹਾਂ ਮੁਤਾਬਕ ਪ੍ਰਸ਼ਾਸਨ ਵੱਲੋਂ ਇਜਾਜ਼ਤ ਨਾ ਦਿੱਤੇ ਜਾਣ ਕਰਕੇ ਪ੍ਰੋਗਰਾਮ ਬੰਦ ਕਰਾ ਕੇ ਨੂੰ ਲੋਕਾਂ ਨੂੰ ਵਾਪਸ ਭੇਜ ਦਿੱਤਾ ਗਿਆ।
ਮੌਕੇ 'ਤੇ ਪਹੁੰਚੇ ਬਜਰੰਗ ਦਲ ਦੇ ਵਰਕਰਾਂ ਨੇ ਵੱਡੇ ਪੱਧਰ 'ਤੇ ਧਰਮ ਪਰਿਵਰਤਨ ਦਾ ਦੋਸ਼ ਲਗਾਇਆ, ਪਰ ਪੁਲਿਸ ਉਪ-ਕਪਤਾਨ ਸਿੰਘ ਨੇ ਇਸ ਤੋਂ ਇਨਕਾਰ ਕੀਤਾ।
ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਪੰਕਜ ਗੁਪਤਾ ਨੇ ਦੱਸਿਆ ਕਿ ਭੇੜਾ ਪਿੰਡ ਵਿੱਚ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾਂ ਮਿਸ਼ਨਰੀ ਦੇ ਪ੍ਰੋਗਰਾਮ ਲਈ ਪੰਡਾਲ ਅਤੇ ਸਟੇਜ ਬਣਾ ਕੇ ਪ੍ਰਾਰਥਨਾ ਸਥਾਨ ਬਣਾ ਦਿੱਤਾ ਗਿਆ ਸੀ, ਜਿੱਥੇ ਸਵੇਰ ਤੋਂ ਹੀ ਭੀੜ ਇਕੱਠੀ ਹੋ ਗਈ ਸੀ। ਉਨ੍ਹਾਂ ਮੁਤਾਬਕ ਇਸ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਚੇਨਈ ਅਤੇ ਦਿੱਲੀ ਤੋਂ ਪੁਜਾਰੀ ਅਤੇ ਮਿਸ਼ਨਰੀ ਟੀਮ ਵੀ ਪਹੁੰਚੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਉਨ੍ਹਾਂ ਕਿਹਾ ਕਿ ਜਦੋਂ ਪਿੰਡ ਵਿੱਚ ਈਸਾਈ ਧਰਮ ਦਾ ਕੋਈ ਵਿਅਕਤੀ ਨਹੀਂ ਰਹਿੰਦਾ ਤਾਂ ਐਨਾ ਵੱਡਾ ਪ੍ਰੋਗਰਾਮ ਕਿਉਂ ਕਰਵਾਇਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਭੇੜਾ ਪਿੰਡ ਵਿੱਚ ਇੱਕ ਹਿੰਦੂ ਪਰਿਵਾਰ ਨੇ ਧਰਮ ਪਰਿਵਰਤਨ ਕੀਤਾ ਹੈ, ਸੋਮਵਾਰ ਨੂੰ ਵੀ ਕਈ ਲੋਕ ਧਰਮ ਪਰਿਵਰਤਨ ਕਰਨ ਵਾਲੇ ਸਨ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਗੁਪਤਾ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ 'ਤੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕੀਤੀ ਹੈ, ਅਤੇ ਉਨ੍ਹਾਂ ਨੂੰ ਅਜਿਹੀਆਂ ਘਟਨਾਵਾਂ 'ਤੇ ਸਖ਼ਤੀ ਨਾਲ ਕਾਬੂ ਕਰਨ ਲਈ ਕਿਹਾ ਹੈ।