276 ਮੁਸਾਫ਼ਰਾਂ ਨੂੰ ਲੈ ਕੇ ਜਾ ਰਹੇ ਏਅਰਬੱਸ ਏ340 ਜਹਾਜ਼ ਨੂੰ ਮਨੁੱਖੀ ਤਸਕਰੀ ਦੇ ਸ਼ੱਕ ’ਚ ਫਰਾਂਸ ’ਚ ਚਾਰ ਦਿਨਾਂ ਲਈ ਰੋਕ ਦਿਤਾ ਗਿਆ ਸੀ।
Flight from France: ਗੁਜਰਾਤ ਪੁਲਿਸ ਨੇ ‘ਏਜੰਟਾਂ’ ਨਾਲ ਜੁੜੇ ਸ਼ੱਕੀ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਟੀਮਾਂ ਦਾ ਗਠਨ ਕੀਤਾ ਹੈ ਅਤੇ ਫਰਾਂਸ ਤੋਂ ਮੁੰਬਈ ਪਹੁੰਚੇ ਜਹਾਜ਼ ਦੇ ਮੁਸਾਫ਼ਰਾਂ ਨਾਲ ਤਾਲਮੇਲ ਕਰੇਗੀ। ਉਨ੍ਹਾਂ ਦਸਿਆ ਕਿ ਜਹਾਜ਼ ’ਚ ਸਵਾਰ ਕਈ ਯਾਤਰੀ ਗੁਜਰਾਤ ਦੇ ਰਹਿਣ ਵਾਲੇ ਹਨ। 276 ਮੁਸਾਫ਼ਰਾਂ ਨੂੰ ਲੈ ਕੇ ਜਾ ਰਹੇ ਏਅਰਬੱਸ ਏ340 ਜਹਾਜ਼ ਨੂੰ ਮਨੁੱਖੀ ਤਸਕਰੀ ਦੇ ਸ਼ੱਕ ’ਚ ਫਰਾਂਸ ’ਚ ਚਾਰ ਦਿਨਾਂ ਲਈ ਰੋਕ ਦਿਤਾ ਗਿਆ ਸੀ। ਇਹ ਮੰਗਲਵਾਰ ਤੜਕੇ ਮੁੰਬਈ ਪਹੁੰਚਿਆ।
ਸੀ.ਆਈ.ਡੀ. (ਕ੍ਰਾਈਮ) ਦੇ ਪੁਲਿਸ ਸੁਪਰਡੈਂਟ ਸੰਜੇ ਖਰਾਤ ਨੇ ਕਿਹਾ, ‘‘ਸੀ.ਆਈ.ਡੀ. ਕ੍ਰਾਈਮ ਉਨ੍ਹਾਂ ਏਜੰਟਾਂ ਵਿਰੁਧ ਕਾਰਵਾਈ ਕਰਨਾ ਚਾਹੁੰਦੀ ਹੈ ਜਿਨ੍ਹਾਂ ਨੇ ਪੀੜਤਾਂ ਨੂੰ ਅਮਰੀਕਾ ਅਤੇ ਹੋਰ ਦੇਸ਼ਾਂ (ਗੈਰ-ਕਾਨੂੰਨੀ) ’ਚ ਦਾਖਲ ਹੋਣ ’ਚ ਮਦਦ ਕਰਨ ਦਾ ਵਾਅਦਾ ਕੀਤਾ ਸੀ। ਅਸੀਂ ਚਾਰ ਟੀਮਾਂ ਦਾ ਗਠਨ ਕੀਤਾ ਹੈ ਜੋ ਪੀੜਤਾਂ ਤੋਂ ਇਨ੍ਹਾਂ ਏਜੰਟਾਂ ਵਲੋਂ ਕੀਤੇ ਵਾਅਦਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨਗੀਆਂ।’’
ਉਨ੍ਹਾਂ ਕਿਹਾ ਕਿ ਫਰਾਂਸ ਤੋਂ ਪਰਤੇ ਚਾਰਟਰਡ ਜਹਾਜ਼ ਵਿਚ ਸਵਾਰ ਜ਼ਿਆਦਾਤਰ ਮੁਸਾਫ਼ਰ ਗੁਜਰਾਤ ਦੇ ਬਨਾਸਕਾਂਠਾ, ਪਾਟਨ, ਮਹਿਸਾਣਾ ਅਤੇ ਆਨੰਦ ਜ਼ਿਲ੍ਹਿਆਂ ਦੇ ਸਨ। ਉਨ੍ਹਾਂ ਕਿਹਾ, ‘‘ਮੁੰਬਈ ਤੋਂ ਗੁਜਰਾਤ ਪਹੁੰਚਣ ’ਤੇ ਪੁਲਿਸ ਮੁਸਾਫ਼ਰਾਂ ਨਾਲ ਤਾਲਮੇਲ ਕਰੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ’ਚ ਸ਼ਾਮਲ ਏਜੰਟਾਂ ਅਤੇ ਏਜੰਸੀਆਂ ਕੀ ਉਨ੍ਹਾਂ ਨੂੰ ਅਮਰੀਕਾ ਅਤੇ ਹੋਰ ਦੇਸ਼ਾਂ ’ਚ ਜਾਣ ਲਈ ਮੁਹੱਈਆ ਕਰਵਾਏ ਗਏ ਦਸਤਾਵੇਜ਼ ਜਾਅਲੀ ਸਨ।’’
ਅਧਿਕਾਰੀ ਨੇ ਕਿਹਾ ਕਿ ਉਹ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੇ ਕਿ ਕਿੰਨੇ ਲੋਕਾਂ ਨੂੰ ਇਸ ਤਰੀਕੇ ਨਾਲ ਵਿਦੇਸ਼ ਭੇਜਿਆ ਗਿਆ ਹੈ ਅਤੇ ਕੌਣ ਇਸ ਤਰੀਕੇ ਨਾਲ ਯਾਤਰਾ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਸੀ.ਆਈ.ਡੀ. ਨੂੰ ਹੁਣ ਤਕ ਇਸ ਘਟਨਾ ’ਚ ਸ਼ਾਮਲ ਏਜੰਟਾਂ ਬਾਰੇ ‘ਕੱਚੀ ਜਾਣਕਾਰੀ’ ਮਿਲੀ ਹੈ ਅਤੇ ਸਬੰਧਤ ਮੁਸਾਫ਼ਰਾਂ ਤੋਂ ਪੁੱਛ-ਪੜਤਾਲ ਕਰਨ ਤੋਂ ਬਾਅਦ ਹੀ ਹੋਰ ਜਾਣਕਾਰੀ ਮਿਲ ਸਕੇਗੀ। ਖਰਾਤ ਨੇ ਕਿਹਾ ਕਿ ਗੈਰ-ਕਾਨੂੰਨੀ ਇਮੀਗ੍ਰੇਸ਼ਨ ’ਚ ਸ਼ਾਮਲ ਵੱਖੋ-ਵੱਖ ਏਜੰਟ ਮਿਲ ਕੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿੰਡ ਅਤੇ ਜ਼ਿਲ੍ਹਾ ਪੱਧਰ ’ਤੇ ਕੰਮ ਕਰਨ ਵਾਲੇ ਏਜੰਟ ਛੋਟੇ ਖਿਡਾਰੀ ਹੁੰਦੇ ਹਨ ਜੋ ਕੌਮਾਂਤਰੀ ਪੱਧਰ ’ਤੇ ਕੰਮ ਕਰਨ ਵਾਲੇ ਸਰਗਨਾ ਦੇ ਇਸ਼ਾਰਿਆਂ ’ਤੇ ਕੰਮ ਕਰਦੇ ਹਨ।
ਉਨ੍ਹਾਂ ਕਿਹਾ ਕਿ ਗੁਜਰਾਤ ਪੁਲਿਸ ਜਾਂਚ ਕਰੇਗੀ ਅਤੇ ਸਪੱਸ਼ਟ ਤਸਵੀਰ ਹਾਸਲ ਕਰੇਗੀ ਕਿ ਉਹ ਕਿਵੇਂ ਕੰਮ ਕਰਦੇ ਹਨ। ਐਸ.ਪੀ. ਨੇ ਕਿਹਾ, ‘‘ਵੱਖ-ਵੱਖ ਏਜੰਸੀਆਂ ਪਰਵਾਸ ਕਰਨ ਦੀ ਇੱਛਾ ਰੱਖਣ ਵਾਲੇ ਵਿਅਕਤੀਆਂ ਦੀਆਂ ਜ਼ਰੂਰਤਾਂ ਦੇ ਅਧਾਰ ’ਤੇ ਵੱਖ-ਵੱਖ ਢੰਗਾਂ ਦੀ ਵਰਤੋਂ ਕਰਦੀਆਂ ਹਨ ਜਿਵੇਂ ਕਿ ਕੀ ਉਨ੍ਹਾਂ ਨੂੰ ਜਾਅਲੀ ਦਸਤਾਵੇਜ਼ਾਂ ਆਦਿ ਦੀ ਜ਼ਰੂਰਤ ਹੈ ਅਤੇ ਉਸ ਅਨੁਸਾਰ ਰੇਟ ਨਿਰਧਾਰਤ ਕੀਤੇ ਜਾਂਦੇ ਹਨ।’’ ਰੋਮਾਨੀਆ ਦੀ ਚਾਰਟਰ ਕੰਪਨੀ ਲੀਜੈਂਡ ਏਅਰਲਾਈਨਜ਼ ਵਲੋਂ ਸੰਚਾਲਿਤ ਅਤੇ ਨਿਕਾਰਾਗੁਆ ਜਾ ਰਹੀ ਚਾਰਟਰਡ ਉਡਾਣ ਵੀਰਵਾਰ ਨੂੰ ਦੁਬਈ ਤੋਂ ਰਸਤੇ ਵਿਚ ਤਕਨੀਕੀ ਰੁਕਣ ਲਈ ਪੈਰਿਸ ਨੇੜੇ ਵੇਤਰੀ ਪਹੁੰਚੀ ਜਦੋਂ ਫਰਾਂਸ ਦੀ ਪੁਲਿਸ ਨੇ ਇਸ ਨੂੰ ਅੱਗੇ ਵਧਣ ਤੋਂ ਰੋਕ ਦਿਤਾ।
ਫਰਾਂਸ ਦੇ ਅਧਿਕਾਰੀਆਂ ਨੇ ਯਾਤਰਾ ਦੀਆਂ ਸ਼ਰਤਾਂ ਅਤੇ ਉਦੇਸ਼ ਦੀ ਨਿਆਂਇਕ ਜਾਂਚ ਸ਼ੁਰੂ ਕੀਤੀ, ਜਿਸ ਵਿਚ ਸੰਗਠਤ ਅਪਰਾਧ ਵਿਚ ਮਾਹਰ ਇਕ ਇਕਾਈ ਸ਼ੱਕੀ ਮਨੁੱਖੀ ਤਸਕਰੀ ਦੀ ਜਾਂਚ ਕਰ ਰਹੀ ਹੈ। ਇਕ ਅਧਿਕਾਰੀ ਨੇ ਦਸਿਆ ਕਿ ਮੁੰਬਈ ’ਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ 276 ਮੁਸਾਫ਼ਰਾਂ ’ਚੋਂ ਕੁੱਝ ਤੋਂ ਪੁੱਛ-ਪੜਤਾਲ ਕੀਤੀ ਅਤੇ ਕਿਸੇ ਵੀ ਯਾਤਰੀ ਨੂੰ ਹਿਰਾਸਤ ’ਚ ਨਹੀਂ ਲਿਆ ਗਿਆ ਅਤੇ ਉਨ੍ਹਾਂ ਨੂੰ ਮੰਗਲਵਾਰ ਸਵੇਰੇ 11:30 ਵਜੇ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਆਗਿਆ ਦਿਤੀ ਗਈ।
(For more Punjabi news apart from Gujarat Police will coordinate with passengers returning from France, stay tuned to Rozana Spokesman)