ਆਸਟਰੇਲੀਆਈ ਸਰਕਾਰ ਨੂੰ ਆਪਣੀ ਸਲਾਹ ਦੀ ਸਮੀਖਿਆ ਕਰਨ ਉਤੇ ਵਿਚਾਰ ਕਰਨ ਲਈ ਕਿਹਾ
ਨਵੀਂ ਦਿੱਲੀ: ਆਸਟਰੇਲੀਆ ਵਲੋਂ ਭਾਰਤ ’ਚ ਨਕਲੀ ਰੇਬੀਜ਼ ਟੀਕੇ ਵਿਰੁਧ ਸਲਾਹ ਜਾਰੀ ਕਰਨ ਦੇ ਕੁੱਝ ਦਿਨਾਂ ਬਾਅਦ ਜਨਤਕ ਖੇਤਰ ਦੀ ਵੈਕਸੀਨ ‘ਅਭੈਰੈਬ’ ਦੇ ਨਿਰਮਾਤਾ ਨੇ ਸਪੱਸ਼ਟ ਕੀਤਾ ਹੈ ਕਿ ਇਹ ਚਿੰਤਾ ਸਿਰਫ਼ ਜਨਵਰੀ 2025 ’ਚ ਪਛਾਣੇ ਗਏ ਇਕ ਖਾਸ ਬੈਚ ਨੂੰ ਲੈ ਕੇ ਹੈ ਅਤੇ ਸਾਰੀ ਵੈਕਸੀਨ ਵਿਰੁਧ ਕੋਈ ਚੇਤਾਵਨੀ ਨਹੀਂ ਦਿਤੀ ਗਈ ਹੈ।
ਵੈਕਸੀਨ ਨਿਰਮਾਤਾ ਇੰਡੀਅਨ ਇਮਿਊਨੋਲੋਜੀਕਲਸ ਲਿਮਟਿਡ (ਆਈ.ਆਈ.ਐਲ.) ਨੇ ਕਿਹਾ ਕਿ ਇਹ ਸਲਾਹ ਲੋਕਾਂ ਅਤੇ ਸਿਹਤ ਸੰਭਾਲ ਦੇ ਖੇਤਰ ਵਿਚ ਕੰਮ ਕਰਨ ਵਾਲਿਆਂ ਅੰਦਰ ਚਿੰਤਾ ਅਤੇ ਅਵਿਸ਼ਵਾਸ ਪੈਦਾ ਕਰ ਸਕਦੀ ਹੈ। ਇਸ ਨੇ ਆਸਟਰੇਲੀਆਈ ਸਰਕਾਰ ਨੂੰ ਅਪਣੀ ਸਲਾਹ ਦੀ ਸਮੀਖਿਆ ਕਰਨ ਉਤੇ ਵਿਚਾਰ ਕਰਨ ਲਈ ਕਿਹਾ।
ਲਗਭਗ ਇਕ ਹਫਤਾ ਪਹਿਲਾਂ, ਰੋਗ ਪ੍ਰਤੀਰੋਧਕਤਾ ਬਾਰੇ ਆਸਟਰੇਲੀਆਈ ਤਕਨੀਕੀ ਸਲਾਹ ਗਰੁੱਪ (ਏ.ਟੀ.ਏ.ਜੀ.ਆਈ.) ਨੇ ਕਿਹਾ ਸੀ ਕਿ ਜਿਨ੍ਹਾਂ ਆਸਟਰੇਲੀਆਈ ਮੁਸਾਫ਼ਰਾਂ ਨੂੰ 1 ਨਵੰਬਰ, 2023 ਤੋਂ ਬਾਅਦ ਭਾਰਤ ਵਿਚ ਐਂਟੀ-ਰੇਬੀਜ਼ ਟੀਕਾ ਅਭੈਰੈਬ ਲਗਾਇਆ ਗਿਆ ਹੈ, ਉਨ੍ਹਾਂ ਨੂੰ ਟੀਕਾਕਰਨ ਨੂੰ ਰੱਦ ਮੰਨਣਾ ਚਾਹੀਦਾ ਹੈ ਅਤੇ ਟੀਕਾਕਰਨ ਦਾ ਨਵਾਂ ਕੋਰਸ ਸ਼ੁਰੂ ਕਰਨਾ ਚਾਹੀਦਾ ਹੈ।
ਆਈ.ਆਈ.ਐਲ. ਨੇ ਏ.ਟੀ.ਏ.ਜੀ.ਆਈ. ਨੂੰ ਚਿੱਠੀ ਲਿਖ ਕੇ ਮਾਰਚ 2024 ਵਿਚ ਨਿਰਮਿਤ ਟੀਕੇ ਦੇ ਇਕ ਬੈਚ ਦੇ ਅਤਿ-ਸਾਵਧਾਨੀ ਅਤੇ ਗਲਤ ਹਵਾਲੇ ਦਾ ਖੰਡਨ ਕੀਤਾ ਹੈ, ਅਤੇ ਕਿਹਾ ਹੈ ਕਿ ਉਸ ਨੇ ਜਨਵਰੀ 2025 ਵਿਚ ਇਕ ਖਾਸ ਬੈਚ ਵਿਚ ਪੈਕੇਜਿੰਗ ਦੇ ਵਿਗਾੜ ਦੀ ਪਛਾਣ ਕੀਤੀ ਸੀ, ਭਾਰਤੀ ਰੈਗੂਲੇਟਰਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸੂਚਿਤ ਕੀਤਾ ਸੀ, ਰਸਮੀ ਸ਼ਿਕਾਇਤ ਦਰਜ ਕੀਤੀ ਸੀ, ਅਤੇ ਤੁਰਤ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਮਿਲ ਕੇ ਕੰਮ ਕੀਤਾ ਸੀ।
ਚਿੱਠੀ ਵਿਚ ਇਸ ਨੇ ਕਿਹਾ, ‘‘ਜਿਸ ਨਕਲੀ ਦਵਾਈ ਦਾ ਜ਼ਿਕਰ ਕੀਤਾ ਗਿਆ ਹੈ, ਉਸ ਵਿਚ ਅਭੈਰੈਬ, ਬੈਚ ਨੰਬਰ ਕੇ.ਏ.24014 (ਨਿਰਮਾਣ ਮਿਤੀ: ਮਾਰਚ 2024; ਮਿਆਦ ਪੁੱਗਣ ਦੀ ਮਿਤੀ: ਫ਼ਰਵਰੀ 2027) ਦੀ ਪਛਾਣ ਸਾਡੇ ਵਲੋਂ ਜਨਵਰੀ 2025 ਦੇ ਅਰੰਭ ਵਿਚ ਕੀਤੀ ਗਈ ਸੀ। ਆਈ.ਆਈ.ਐਲ. ਦੇ ਟੀਕੇ ਦੇ ਇਤਿਹਾਸ ਵਿਚ ਇਹ ਪਹਿਲੀ ਘਟਨਾ ਹੈ।’’
ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਕੌਮੀ ਰਾਜਧਾਨੀ ਖੇਤਰ ਦਿੱਲੀ ਸਰਕਾਰ ਦੇ ਡਰੱਗ ਕੰਟਰੋਲ ਵਿਭਾਗ ਨੇ 23 ਮਾਰਚ, 2025 ਨੂੰ ਇਕ ਐਡਵਾਈਜ਼ਰੀ/ਨੋਟੀਫਿਕੇਸ਼ਨ ਜਾਰੀ ਕੀਤੀ, ਜੋ ਕਿ ਸਿਰਫ਼ ਬੈਚ ਨੰ. ਕੇ.ਏ.24014 ਬਾਰੇ ਸੀ।
ਆਈ.ਆਈ.ਐਲ. ਨੇ ਚਿੱਠੀ ਵਿਚ ਦਸਿਆ ਕਿ ਇਹ ਸਲਾਹ ਜਨਤਕ ਤੌਰ ਉਤੇ ਉਪਲਬਧ ਸੀ ਅਤੇ ਬਾਅਦ ਵਿਚ ਤੁਹਾਡੇ ਦਫਤਰ ਵਲੋਂ ਭਾਰਤ ਆਉਣ ਵਾਲੇ ਆਸਟਰੇਲੀਆਈ ਮੁਸਾਫ਼ਰਾਂ ਲਈ ਮਾਰਗਦਰਸ਼ਨ ਜਾਰੀ ਕਰਦੇ ਸਮੇਂ ਇਸ ਦਾ ਹਵਾਲਾ ਦਿਤਾ ਗਿਆ ਸੀ। ਆਈ.ਆਈ.ਐਲ. ਨੇ ਕਿਹਾ, ‘‘ਅਸੀਂ ਤੁਹਾਨੂੰ ਦਸਣਾ ਚਾਹੁੰਦੇ ਹਾਂ ਕਿ ਅਭੈਰੈਬ ਦੇ ਸਾਡੇ ਵਲੋਂ ਨਿਰਮਿਤ ਬੈਚ ਨੰਬਰ ਕੇ.ਏ.24014 ਨੂੰ ਸਾਡੇ ਅਧਿਕਾਰਤ ਵੰਡ ਚੈਨਲਾਂ ਵਲੋਂ ਭਾਰਤ ਦੇ ਵੱਖ-ਵੱਖ ਖੇਤਰਾਂ ਵਿਚ ਵੰਡਿਆ ਗਿਆ ਸੀ, ਅਤੇ ਇਸ ਬੈਚ ਦੇ ਸਬੰਧ ਵਿਚ ਕੋਈ ਮਾਰਕੀਟ ਸ਼ਿਕਾਇਤਾਂ ਦੀ ਰੀਪੋਰਟ ਨਹੀਂ ਕੀਤੀ ਗਈ ਸੀ।’’
ਟੀਕਾ ਨਿਰਮਾਤਾ ਨੇ ਸਪੱਸ਼ਟ ਕੀਤਾ ਹੈ ਕਿ ਇਹ ਇਕ ‘ਟਾਵੀਂ ਘਟਨਾ’ ਸੀ, ਅਤੇ ‘ਜਾਅਲੀ ਬੈਚ ਹੁਣ ਵਿਕਰੀ ਲਈ ਉਪਲਬਧ ਨਹੀਂ ਹੈ।’ ਆਈ.ਆਈ.ਐਲ. ਨੇ ਏ.ਟੀ.ਏ.ਜੀ.ਆਈ. ਨੂੰ ਚਿੱਠੀ ਵਿਚ ਕਿਹਾ ਗਿਆ ਹੈ, ‘‘ਅਸੀਂ ਨਿਮਰਤਾ ਨਾਲ ਤੁਹਾਡੇ ਚੰਗੇ ਦਫਤਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਿਹਤ ਸੰਭਾਲ ਪ੍ਰੈਕਟੀਸ਼ਨਰਾਂ ਵਲੋਂ ਵਿਆਖਿਆਵਾਂ ਵਿਚ ਸੰਭਾਵੀ ਪੇਚੀਦਗੀਆਂ ਨੂੰ ਰੋਕਣ ਅਤੇ ਟੀਕਿਆਂ ਵਿਚ ਲੋਕਾਂ ਦੇ ਵਿਸ਼ਵਾਸ ਉਤੇ ਕਿਸੇ ਵੀ ਨਕਾਰਾਤਮਕ ਪ੍ਰਭਾਵ ਨੂੰ ਘਟਾਉਣ ਦੇ ਹਿੱਤ ’ਚ, ਖ਼ਾਸਕਰ ਆਮ ਲੋਕਾਂ ਦੀ ਤਕਨੀਕੀ ਵੇਰਵਿਆਂ ਬਾਰੇ ਸੀਮਤ ਜਾਗਰੂਕਤਾ ਦੇ ਮੱਦੇਨਜ਼ਰ, ਸਲਾਹਕਾਰ ਨੋਟੀਫਿਕੇਸ਼ਨ ਦੀ ਸਮੀਖਿਆ ਕਰਨ ਉਤੇ ਤੁਰਤ ਵਿਚਾਰ ਕਰਨ।’’
ਅਭੈਰੈਬ ਦਾ ਨਿਰਮਾਣ 2000 ਤੋਂ ਆਈ.ਆਈ.ਐਲ. ਵਲੋਂ ਕੀਤਾ ਜਾ ਰਿਹਾ ਹੈ, ਜਿਸ ਵਿਚ ਭਾਰਤ ਅਤੇ 40 ਦੇਸ਼ਾਂ ਵਿਚ 21 ਕਰੋੜ ਤੋਂ ਵੱਧ ਖੁਰਾਕਾਂ ਦੀ ਸਪਲਾਈ ਕੀਤੀ ਗਈ ਹੈ, ਅਤੇ ਭਾਰਤ ਵਿਚ 40 ਫ਼ੀ ਸਦੀ ਮਾਰਕੀਟ ਹਿੱਸੇਦਾਰੀ ਜਾਰੀ ਰੱਖੀ ਹੋਈ ਹੈ।
ਸਿਹਤ ਸੰਭਾਲ ਪੇਸ਼ੇਵਰਾਂ ਅਤੇ ਜਨਤਾ ਨੂੰ ਉਤਪਾਦ ਦੀ ਪ੍ਰਭਾਵਸ਼ੀਲਤਾ ਬਾਰੇ ਭਰੋਸਾ ਦਿਵਾਉਂਦੇ ਹੋਏ, ਆਈ.ਆਈ.ਐਲ. ਨੇ ਜ਼ੋਰ ਦੇ ਕੇ ਕਿਹਾ ਕਿ ‘‘ਭਾਰਤ ਵਿਚ ਨਿਰਮਿਤ ਟੀਕੇ ਦੇ ਹਰ ਬੈਚ ਦੀ ਵਿਕਰੀ ਜਾਂ ਪ੍ਰਸ਼ਾਸਨ ਲਈ ਉਪਲਬਧ ਹੋਣ ਤੋਂ ਪਹਿਲਾਂ ਕੇਂਦਰੀ ਡਰੱਗਜ਼ ਲੈਬਾਰਟਰੀ (ਭਾਰਤ ਸਰਕਾਰ) ਵਲੋਂ ਜਾਂਚ ਕੀਤੀ ਜਾਂਦੀ ਹੈ ਅਤੇ ਜਾਰੀ ਕੀਤੀ ਜਾਂਦੀ ਹੈ।’’
ਇਸ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰੀ ਅਦਾਰਿਆਂ ਅਤੇ ਅਧਿਕਾਰਤ ਡਿਸਟ੍ਰੀਬਿਊਟਰਾਂ ਰਾਹੀਂ ਕੀਤੀ ਗਈ ਸਪਲਾਈ ਸੁਰੱਖਿਅਤ ਅਤੇ ਮਿਆਰੀ ਗੁਣਵੱਤਾ ਵਾਲੀ ਹੈ। ਆਈ.ਆਈ.ਐਲ. ਦੇ ਵਾਈਸ ਪ੍ਰੈਜ਼ੀਡੈਂਟ ਅਤੇ ਕੁਆਲਿਟੀ ਮੈਨੇਜਮੈਂਟ ਦੇ ਮੁਖੀ ਸੁਨੀਲ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਹਿੱਸੇਦਾਰਾਂ ਨੂੰ ਭਰੋਸਾ ਦਿਵਾਉਣਾ ਹੈ ਕਿ ਕੰਪਨੀ ਦੀ ਫਾਰਮਾਕੋਵਿਜੀਲੈਂਸ ਅਤੇ ਕੁਆਲਟੀ ਸਿਸਟਮ ਮਜ਼ਬੂਤ ਹੈ, ਅਤੇ ਜਨਤਾ ਆਈ.ਆਈ.ਐਲ. ਅਤੇ ਇਸ ਦੇ ਅਧਿਕਾਰਤ ਚੈਨਲਾਂ ਵਲੋਂ ਸਿੱਧੇ ਤੌਰ ਉਤੇ ਸਪਲਾਈ ਕੀਤੇ ਟੀਕਿਆਂ ਉਤੇ ਭਰੋਸਾ ਰੱਖ ਸਕਦੀ ਹੈ।
