
ਭਾਜਪਾ ਨੇ ਖੜਗੇ ’ਤੇ ਹਿੰਦੂਆਂ ਦੀਆਂ ਭਾਵਨਾਵਾਂ ਦਾ ਅਪਮਾਨ ਕਰਨ ਦਾ ਦੋਸ਼ ਲਾਇਆ
ਮੁੰਬਈ : ਮਹਾਰਾਸ਼ਟਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਯਾਗਰਾਜ ਦੇ ਸੰਗਮ ’ਚ ਭਾਜਪਾ ਨੇਤਾਵਾਂ ਦੇ ਪਵਿੱਤਰ ਕੁੰਭ ਇਸ਼ਨਾਨ ਕਰਨ ਬਾਰੇ ਸੰਵੇਦਨਸ਼ੀਲ ਟਿਪਣੀ ਕਰ ਕੇ ਹਿੰਦੂਆਂ ਦੀਆਂ ਭਾਵਨਾਵਾਂ ਦਾ ਅਪਮਾਨ ਕੀਤਾ ਹੈ।
ਸੂਬੇ ਦੇ ਮਾਲ ਮੰਤਰੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਕਾਂਗਰਸ ਨੇ ਲਗਾਤਾਰ ਹਿੰਦੂ ਵਿਸ਼ਵਾਸਾਂ ਅਤੇ ਪਰੰਪਰਾਵਾਂ ਦਾ ਅਪਮਾਨ ਕੀਤਾ ਹੈ।
ਖੜਗੇ ਨੇ ਸੋਮਵਾਰ ਨੂੰ ਵਿਅੰਗਾਤਮਕ ਢੰਗ ਨਾਲ ਕਿਹਾ ਸੀ ਕਿ ਕੈਮਰੇ ਦੇ ਸਾਹਮਣੇ ਡੁਬਕੀ ਲਗਾਉਣ ਲਈ ਭਾਜਪਾ ਦੇ ਆਗੂਆਂ ਵਿਚਾਲੇ ਮੁਕਾਬਲਾ ਚਲ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਸੀ ਕਿ ਕੀ ਗੰਗਾ ’ਚ ਡੁਬਕੀ ਲਗਾਉਣ ਨਾਲ ਗਰੀਬੀ ਖਤਮ ਹੋ ਜਾਵੇਗੀ? ਖੜਗੇ ਨੇ ਮੱਧ ਪ੍ਰਦੇਸ਼ ਦੇ ਮਹੂ ਕਸਬੇ ’ਚ ‘ਜੈ ਬਾਪੂ ਜੈ ਭੀਮ ਜੈ ਸੰਵਿਧਾਨ’ ਰੈਲੀ ਨੂੰ ਸੰਬੋਧਨ ਕਰਦਿਆਂ ਨਾਲ ਹੀ ਇਹ ਵੀ ਕਿਹਾ ਸੀ ਕਿ ‘ਜੇਕਰ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ।’ ਖੜਗੇ ਨੇ ਇਹ ਟਿਪਣੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮਹਾਕੁੰਭ ਸੰਗਮ ਇਸ਼ਨਾਨ ਦੌਰਾਨ ਕੀਤੀ।
ਬਾਵਨਕੁਲੇ ਨੇ ਅਪਣੀ ਪੋਸਟ ’ਚ ਖੜਗੇ ਦੀ ਟਿਪਣੀ ਨੂੰ ‘ਸੰਵੇਦਨਸ਼ੀਲ ਅਤੇ ਅਪਮਾਨਜਨਕ’ ਕਰਾਰ ਦਿਤਾ। ਉਨ੍ਹਾਂ ਕਿਹਾ, ‘‘ਕਰੋੜਾਂ ਹਿੰਦੂ ਸ਼ਰਧਾ ਅਤੇ ਵਿਸ਼ਵਾਸ ਨਾਲ ਕੁੰਭ ਮੇਲੇ ’ਚ ਹਿੱਸਾ ਲੈਂਦੇ ਹਨ। ਇਸ ਪਵਿੱਤਰ ਘਟਨਾ ਦਾ ਮਜ਼ਾਕ ਉਡਾ ਕੇ ਖੜਗੇ ਨੇ ਗੰਗਾ ਦੀ ਪਵਿੱਤਰਤਾ ਅਤੇ ਕਰੋੜਾਂ ਹਿੰਦੂਆਂ ਦੀਆਂ ਭਾਵਨਾਵਾਂ ਦਾ ਅਪਮਾਨ ਕੀਤਾ ਹੈ।’’ ਬਾਵਨਕੁਲੇ ਨੇ ਖੜਗੇ ਦੇ ਬਿਆਨ ’ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਕਿ ਗੰਗਾ ’ਚ ਇਸ਼ਨਾਨ ਕਰਨ ਨਾਲ ਗਰੀਬੀ ਖਤਮ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਬਿਆਨ ਨਾ ਸਿਰਫ ਬੇਤੁਕਾ ਹੈ ਬਲਕਿ ਬਹੁਤ ਹਮਲਾਵਰ ਵੀ ਹੈ। ਬਾਵਨਕੁਲੇ ਨੇ ਕਾਂਗਰਸ ’ਤੇ ਤੁਸ਼ਟੀਕਰਨ ਦੀ ਰਾਜਨੀਤੀ ਕਰਨ ਦਾ ਵੀ ਦੋਸ਼ ਲਾਇਆ। (ਪੀਟੀਆਈ)