
ਪਾਕਿਸਤਾਨੀ ਹਵਾਈ ਫ਼ੌਜ ਵਿਰੁਧ ਭਾਰਤੀ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਦੋਸ਼ ਲਾਉਂਦਿਆਂ ਭਾਰਤ ਨੇ ਕਿਹਾ ਕਿ ਇਸ ਹਮਲੇ.........
ਨਵੀਂ ਦਿੱਲੀ : ਪਾਕਿਸਤਾਨੀ ਹਵਾਈ ਫ਼ੌਜ ਵਿਰੁਧ ਭਾਰਤੀ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਦੋਸ਼ ਲਾਉਂਦਿਆਂ ਭਾਰਤ ਨੇ ਕਿਹਾ ਕਿ ਇਸ ਹਮਲੇ ਨੂੰ ਸਫ਼ਲਤਾ ਨਾਲ ਨਾਕਾਮ ਕਰ ਦਿਤਾ ਗਿਆ ਪਰ ਹਵਾਈ ਮੁਕਾਬਲੇ ਵਿਚ ਇਕ ਮਿਗ ਲੜਾਕੂ ਜਹਾਜ਼ ਡਿੱਗ ਗਿਆ ਅਤੇ ਇਕ ਪਾਇਲਟ 'ਕਾਰਵਾਈ ਵਿਚ ਲਾਪਤਾ' ਹੋ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਕਿ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਸੱਭ ਤੋਂ ਵੱਡੇ ਕੈਂਪ ਨੂੰ ਭਾਰਤ ਦੁਆਰਾ ਤਬਾਹ ਕੀਤੇ ਜਾਣ ਮਗਰੋਂ ਪਾਕਿਸਤਾਨ ਨੇ ਭਾਰਤ ਦੇ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਅੱਜ ਅਪਣੀ ਹਵਾਈ ਫ਼ੌਜ ਨੂੰ ਵਰਤਿਆ
ਪਰ ਉਸ ਦੇ ਯਤਨਾਂ ਨੂੰ ਸਫ਼ਲਤਾ ਨਾਲ ਨਾਕਾਮ ਕਰ ਦਿਤਾ ਗਿਆ ਹਾਲਾਂਕਿ ਇਸ ਮੁਹਿੰਮ ਵਿਚ ਇਕ ਭਾਰਤੀ ਜਹਾਜ਼ ਚਾਲਕ 'ਲਾਪਤਾ' ਹੋ ਗਿਆ। ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਏਅਰ ਵਾਈਸ ਮਾਰਸ਼ਲ ਆਰ ਜੀਕੇ ਕਪੂਰ ਨਾਲ ਸੰਖੇਪ ਪੱਤਰਕਾਰ ਸੰਮੇਲਨ ਵਿਚ ਇਹ ਵੀ ਕਿਹਾ ਕਿ ਭਾਰਤੀ ਪਾਇਲਟ ਨੂੰ ਫੜਨ ਦੇ ਪਾਕਿਸਤਾਨ ਦੇ ਦਾਅਵੇ ਦੀ ਪੜਤਾਲ ਕੀਤੀ ਜਾ ਰਹੀ ਹੈ। ਕੁਮਾਰ ਨੇ ਕਿਹਾ, 'ਪਾਕਿਸਤਾਨ ਨੇ ਅੱਜ ਸਵੇਰੇ ਭਾਰਤੀ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਸਾਡੀ ਉੱਚ ਪੱਧਰ ਦੀ ਚੌਕਸੀ ਅਤੇ ਤਿਆਰੀ ਸਦਕਾ ਪਾਕਿਸਤਾਨ ਦੇ ਯਤਨ ਸਫ਼ਲ ਨਹੀਂ ਹੋ ਸਕੇ।'
ਉਨ੍ਹਾਂ ਕਿਹਾ ਕਿ ਪਾਕਿਸਤਾਨੀ ਹਵਾਈ ਫ਼ੌਜ ਦੇ ਜਹਾਜ਼ ਵੇਖਦਿਆਂ ਹੀ ਭਾਰਤੀ ਹਵਾਈ ਫ਼ੌਜ ਨੇ ਕਾਰਵਾਈ ਕੀਤੀ। ਕੁਮਾਰ ਨੇ ਕਿਹਾ, 'ਹਵਾ ਵਿਚ ਹੋਈ ਝੜਪ ਵਿਚ ਭਾਰਤੀ ਹਵਾਈ ਫ਼ੌਜ ਦੇ ਮਿਗ 21 ਬਾਈਸਨ ਨੇ ਪਾਕਿਸਤਾਨੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ ਨੂੰ ਡੇਗ ਦਿਤਾ। ਜ਼ਮੀਨੀ ਬਲਾਂ ਨੇ ਪਾਕਿਸਤਾਨੀ ਜਹਾਜ਼ ਨੂੰ ਆਸਮਾਨ ਤੋਂ ਪਾਕਿਸਤਾਨ ਵਲ ਡਿਗਦਿਆਂ ਵੇਖਿਆ।' ਉਨ੍ਹਾਂ ਕਿਹਾ ਕਿ ਇਸ ਝੜਪ ਵਿਚ ਅਸੀਂ ਇਕ ਮਿਗ 21 ਗਵਾ ਦਿਤਾ। ਕਾਰਾਵਾਈ ਵਿਚ ਪਾਇਲਟ ਲਾਪਤਾ ਹੈ। ਅਸੀਂ ਤੱਥਾਂ ਦੀ ਪੜਤਾਲ ਕਰ ਰਹੇ ਹਾਂ।' ਦੋਹਾਂ ਅਧਿਕਾਰੀਆਂ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਨਹੀਂ ਦਿਤਾ। (ਏਜੰਸੀ)
ਭਾਰਤੀ ਖੇਤਰ ਵਿਚ ਵੜੇ ਪਾਕਿਸਤਾਨੀ ਜੈਟ, ਭਾਰਤ ਨੇ ਖਦੇੜੇ: ਪਾਕਿਸਤਾਨੀ ਜੈਟ ਨੇ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ੇਰਾ ਸੈਕਟਰ ਵਿਚ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕੀਤੀ ਪਰ ਭਾਰਤੀ ਜਹਾਜ਼ਾਂ ਨੇ ਉਸ ਨੂੰ ਪਿੱਛੇ ਖਦੇੜ ਦਿਤਾ। ਰਖਿਆ ਅਧਿਕਾਰੀ ਨੇ ਦਸਿਆ ਕਿ ਬੁਧਵਾਰ ਸਵੇਰੇ ਨੌਸ਼ੇਰਾ ਸੈਕਟਰ ਵਿਚ ਭਾਰਤੀ ਹਵਾਈ ਖੇਤਰ ਵਿਚ ਜੈਟ ਵੜੇ ਪਰ ਉਨ੍ਹਾਂ ਨੂੰ ਭਾਰਤੀ ਜਹਾਜ਼ਾਂ ਨੇ ਤੁਰਤ ਉਥੋਂ ਖਦੇੜ ਦਿਤਾ।