
Bihar and Nepal Earthquake : ਜਾਨੀ ਮਾਲੀ ਨੁਕਸਾਨ ਤੋਂ ਰਿਹਾ ਬਚਾਅ
ਬਿਹਾਰ ਅਤੇ ਨੇਪਾਲ 'ਚ ਕਈ ਥਾਵਾਂ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਾਤ 2:36 ਵਜੇ ਆਏ ਇਸ ਭੂਚਾਲ ਦੀ ਤੀਬਰਤਾ 5.5 ਸੀ। ਇਸ ਤੋਂ ਇਲਾਵਾ ਪਾਕਿਸਤਾਨ ਵਿਚ ਵੀ ਧਰਤੀ ਹਿੱਲੀ ਹੈ। ਉੱਥੇ ਇਸ ਦੀ ਤੀਬਰਤਾ 4.5 ਮਾਪੀ ਗਈ ਹੈ। ਫ਼ਿਲਹਾਲ ਤਿੰਨਾਂ ਥਾਵਾਂ 'ਤੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਭੂਚਾਲ ਨੇਪਾਲ ਦੇ ਲੋਬੂਚੇ ਤੋਂ 84 ਕਿਲੋਮੀਟਰ ਉੱਤਰ-ਉੱਤਰ-ਪੱਛਮ ਵਿਚ ਆਇਆ, ਜਿਸ ਦੀ ਡੂੰਘਾਈ 10 ਕਿਲੋਮੀਟਰ ਸੀ। ਨੇਪਾਲ ਵਿੱਚ ਭੂਚਾਲ ਆਮ ਹੈ। ਨੇਪਾਲ ਦੁਨੀਆ ਦੇ ਉਸ ਖ਼ਤਰਨਾਕ ਜ਼ੋਨ ਵਿੱਚ ਹੈ, ਜਿਸ ਨੂੰ ਸਭ ਤੋਂ ਵੱਧ ਸਰਗਰਮ ਟੈਕਟੋਨਿਕ ਜ਼ੋਨ ਕਿਹਾ ਜਾਂਦਾ ਹੈ।
ਨੇਪਾਲ ਵਿੱਚ ਕਈ ਵਾਰ ਭੂਚਾਲ ਦੀ ਗਤੀਵਿਧੀ ਦਰਜ ਕੀਤੀ ਜਾ ਚੁੱਕੀ ਹੈ। ਇਹੀ ਕਾਰਨ ਹੈ ਕਿ ਇਹ ਭੂਚਾਲ ਵਰਗੀਆਂ ਕੁਦਰਤੀ ਆਫ਼ਤਾਂ ਲਈ ਸਭ ਤੋਂ ਵੱਧ ਖ਼ਤਰਾ ਵਾਲਾ ਖੇਤਰ ਹੈ। ਨੇਪਾਲ 'ਚ ਸਥਿਤੀ ਖ਼ਰਾਬ ਹੋਣ 'ਤੇ ਸਮੇਂ-ਸਮੇਂ 'ਤੇ ਅਲਰਟ ਜਾਰੀ ਕੀਤਾ ਜਾਂਦਾ ਹੈ ਅਤੇ ਕਈ ਰਿਪੋਰਟਾਂ 'ਚ ਇਸ ਨੂੰ ਖ਼ਤਰੇ ਵਾਲੇ ਖੇਤਰ ਦੱਸਿਆ ਗਿਆ ਹੈ।
ਇਸ ਦੇ ਨਾਲ ਹੀ ਪਾਕਿਸਤਾਨ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਵੇਰੇ 5:14 'ਤੇ ਆਏ ਇਸ ਭੂਚਾਲ ਦੀ ਤੀਬਰਤਾ 4.5 ਸੀ। ਇੱਥੇ ਵੀ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।