
ਕੋਂਕਣ ਇਲਾਕੇ ਦੀ ਕ੍ਰਿਸ਼ੀ ਵਿਦਿਆਪੀਠ ਦੇ 34 ਸਟਾਫ਼ ਮੈਂਬਰਾਂ ਨੂੰ ਹਿਲ ਸਟੇਸ਼ਨ ਮਹਾਬਲੇਸ਼ਵਰ ਲਿਜਾ ਰਹੀ ਇਕ ਬੱਸ ਦੇ ਰਾਏਗੜ੍ਹ ਜ਼ਿਲ੍ਹੇ ਵਿਚ ਇਕ ਡੂੰਘੀ ਖੱਡ...............
ਮੁੰਬਈ : ਕੋਂਕਣ ਇਲਾਕੇ ਦੀ ਕ੍ਰਿਸ਼ੀ ਵਿਦਿਆਪੀਠ ਦੇ 34 ਸਟਾਫ਼ ਮੈਂਬਰਾਂ ਨੂੰ ਹਿਲ ਸਟੇਸ਼ਨ ਮਹਾਬਲੇਸ਼ਵਰ ਲਿਜਾ ਰਹੀ ਇਕ ਬੱਸ ਦੇ ਰਾਏਗੜ੍ਹ ਜ਼ਿਲ੍ਹੇ ਵਿਚ ਇਕ ਡੂੰਘੀ ਖੱਡ ਵਿਚ ਡਿੱਗ ਜਾਣ ਕਾਰਨ 33 ਜਣਿਆਂ ਦੀ ਮੌਤ ਹੋ ਗਈ। ਪੁਲਿਸ ਨੇ ਦਸਿਆ ਕਿ ਅੱਜ ਦੁਪਹਿਰ ਲਗਭਗ ਸਾਢੇ 12 ਵਜੇ ਇਹ ਬੱਸ ਅੰਬੇਨਲੀ ਘਾਟ ਵਿਖੇ 500 ਫੁੱਟ ਡੂੰਘੀ ਖੱਡ ਵਿਚ ਜਾ ਡਿੱਗੀ ਜਿਸ ਕਾਰਨ 33 ਯਾਤਰੀਆਂ ਦੀ ਮੌਤ ਹੋ ਗਈ। ਪੁਲਿਸ ਨੇ ਦਸਿਆ ਕਿ ਯੂਨੀਵਰਸਟੀ ਦੇ ਇਹ ਸਾਰੇ ਮੁਲਾਜ਼ਮ ਸਤਾਰਾ ਜ਼ਿਲ੍ਹੇ ਵਿਚ ਪੈਂਦੇ ਮਹਾਬਲੇਸ਼ਵਰ ਹਿਲ ਸਟੇਸ਼ਨ ਵਿਖੇ ਪਿਕਨਿਕ ਮਨਾਉਣ ਜਾ ਰਹੇ ਸਨ। ਮੌਕੇ 'ਤੇ ਕਈ ਐਂਬੂਲੈਂਸਾਂ ਅਤੇ 15 ਡਾਕਟਰਾਂ ਨੂੰ ਭੇਜਿਆ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਇਸ ਘਟਨਾ 'ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ। (ਪੀ.ਟੀ.ਆਈ.) ਮੋਦੀ ਨੇ ਕਿਹਾ ਕਿ ਉਹ ਇਸ ਘਟਨਾ ਵਿਚ ਮਾਰੇ ਗਏ ਲੋਕਾਂ ਦੇ ਪਰਵਾਰਾਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਹਨ ਅਤੇ ਅਰਦਾਸ ਕਰਦੇ ਹਨ ਕਿ ਰੱਬ ਉਨ੍ਹਾਂ ਨੂੰ ਇਸ ਦੁਖ ਦਾ ਮੁਕਾਬਲਾ ਕਰਨ ਲਈ ਬਲ ਬਖ਼ਸ਼ੇ।
ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਕਿ ਜਦ ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੂੰ ਕਾਫ਼ੀ ਦੁਖ ਹੋਇਆ। ਉਨ੍ਹਾਂ ਕਾਂਗਰਸ ਪਾਰਟੀ ਦੇ ਕਾਰਕੁਨਾਂ ਨੂੰ ਅਪੀਲ ਕੀਤੀ ਕਿ ਉਹ ਪੀੜਤ ਪਰਵਾਰਾਂ ਦੀ ਮਦਦ ਲਈ ਹਰ ਸੰਭਵ ਯਤਨ ਕਰਨ। ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਇਸ ਘਟਨਾ 'ਤੇ ਦੁਖ ਪ੍ਰਗਟ ਕਰਦਿਆਂ ਪੀੜਤ ਪਰਵਾਰਾਂ ਨਾਲ ਹਮਦਰਦੀ ਪ੍ਰਗਟਾਈ। (ਪੀ.ਟੀ.ਆਈ.)