
ਕਿਹਾ - ਕਸ਼ਮੀਰ ਵਿਚ ਨਫ਼ਰਤ ਫੈਲਾਉਣ ਦੇ ਯਤਨ ਕਰਨ ਵਾਲੇ ਕਾਮਯਾਬ ਨਹੀਂ ਹੋਣਗੇ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ਦੇ ਲੋਕਾਂ ਦੇ ਵਿਕਾਸ ਦੀ ਮੁੱਖਧਾਰਾ ਨਾਲ ਜੁੜਨ ਲਈ ਬੇਤਾਬ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਕਾਸ ਦੀ ਸ਼ਕਤੀ ਬੰਬ-ਬੰਦੂਕ ਦੀ ਸ਼ਕਤੀ 'ਤੇ ਹਮੇਸ਼ਾ ਭਾਰੀ ਪੈਂਦੀ ਹੈ ਅਤੇ ਜਿਹੜੇ ਲੋਕ ਵਿਕਾਸ ਦੀ ਰਾਹ ਵਿਚ ਨਫ਼ਰਤ ਫੈਲਾਉਣਾ ਚਾਹੁੰਦੇ ਹਨ, ਅੜਿੱਕਾ ਡਾਹੁਣਾ ਚਾਹੁੰਦੇ ਹਨ, ਉਹ ਕਦੇ ਅਪਣੇ ਨਾਪਾਕ ਇਰਾਦਿਆਂ ਵਿਚ ਕਾਮਯਾਬ ਨਹੀਂ ਹੋ ਸਕਦੇ।
Stone-pelting in Jammu and Kashmir
ਆਕਾਸ਼ਵਾਣੀ 'ਤੇ ਪ੍ਰਸਾਰਤ 'ਮਨ ਕੀ ਬਾਤ' ਪ੍ਰੋਗਰਾਮ ਵਿਚ ਜੂਨ ਮਹੀਨੇ ਵਿਚ ਜੰਮੂ ਕਸ਼ਮੀਰ ਵਿਚ ਕਰਵਾਈ ਗਈ 'ਪਿੰਡ ਵਲ ਮੁੜ ਚਲੋ' ਜਿਹੀ ਪੇਂਡੂ ਸਸ਼ਕਤੀਕਰਨ ਪਹਿਲ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਕੋਈ ਸਰਕਾਰੀ ਖ਼ਾਨਾਪੂਰਤੀ ਨਹੀਂ ਸੀ ਕਿ ਅਧਿਕਾਰੀ ਦਿਨ ਭਰ ਪਿੰਡ ਵਿਚ ਘੁੰਮ ਕੇ ਵਾਪਸ ਆ ਜਾਣ ਸਗੋਂ ਇਸ ਵਾਰ ਅਧਿਕਾਰੀਆਂ ਨੇ ਦੋ ਦਿਨ ਅਤੇ ਇਕ ਰਾਤ ਪੰਚਾਇਤ ਵਿਚ ਹੀ ਬਿਤਾਈ। ਸਾਰੀਆਂ ਥਾਵਾਂ ਪੇਂਡੂਆਂ ਨੇ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਸੀਨੀਅਰ ਅਧਿਕਾਰੀ 4500 ਤੋਂ ਵਧੇਰੇ ਪੰਚਾਇਤਾਂ ਵਿਚ ਪੇਂਡੂਆਂ ਦੇ ਦਰ 'ਤੇ ਪੁੱਜੇ।
Grenade attack in Sopore of Jammu and Kashmir
ਉਨ੍ਹਾਂ ਕਿਹਾ, 'ਇਹ ਸਪੱਸ਼ਟ ਹੈ ਕਿ ਜਿਹੜੇ ਲੋਕ ਵਿਕਾਸ ਦੇ ਰਾਹ ਵਿਚ ਨਫ਼ਰਤ ਫੈਲਾਉਣਾ ਚਾਹੁੰਦੇ ਹਨ, ਉਹ ਅਪਣੇ ਨਾਪਾਕ ਇਰਾਦਿਆਂ ਵਿਚ ਕਾਮਯਾਬ ਨਹੀਂ ਹੋ ਸਕਦੇ।' ਉਨ੍ਹਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਇਕ ਜੁਲਾਈ ਤੋਂ ਸ਼ੁਰੂ ਹੋਣ ਮਗਰੋਂ ਤਿੰਨ ਲੱਖ ਤੋਂ ਵੱਧ ਤੀਰਥਯਾਤਰੀ ਅਮਰਨਾਥ ਯਾਤਰਾ ਪੂਰੀ ਕਰ ਚੁੱਕੇ ਹਨ ਅਤੇ ਤੀਰਥਯਾਤਰੀਆਂ ਦਾ ਅੰਕੜਾ ਸਾਲ 2015 ਵਿਚ 60 ਦਿਨਾਂ ਵਿਚ ਤੀਰਥਯਾਤਰਾ ਕਰਨ ਵਾਲੇ ਕੁਲ ਤੀਰਥਯਾਤਰੀਆਂ ਨੂੰ ਪਿੱਛੇ ਛੱਡ ਚੁੱਕਾ ਹੈ।
PM Modi
ਉਨ੍ਹਾਂ ਲੋਕਾਂ ਨੂੰ 15 ਅਗੱਸਤ ਨੂੰ ਖ਼ਾਸ ਤਿਉਹਾਰ ਵਜੋਂ ਮਨਾਉਣ ਲਈ ਕਿਹਾ। ਹੜ੍ਹਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ, ਰਾਜ ਸਰਕਾਰਾਂ ਨਾਲ ਮਿਲ ਕੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਤਾਕਿ ਲੋਕਾਂ ਨੂੰ ਤੁਰਤ ਰਾਹਤ ਪਹੁੰਚਾਈ ਜਾ ਸਕੇ। ਉਨ੍ਹਾਂ ਕਿਹਾ ਕਿ ਜਲ ਬੱਚਤ ਦੇ ਮੁੱਦੇ ਨੇ ਦੇਸ਼ ਵਿਚ ਹਲਚਲ ਪੈਦਾ ਕੀਤੀ ਹੋਈ ਹੈ।