
ਔਰਤ ਨਾਲ ਵੀ ਕੀਤੀ ਮਾਰਕੁੱਟ, ਜ਼ਖ਼ਮੀ
ਲਖਨਊ : ਪਛਮੀ ਉੱਤਰ ਪ੍ਰਦੇਸ਼ ਦੇ ਸੰਭਲ 'ਚ ਬੱਚਾ ਚੋਰੀ ਕਰਨ ਦੀ ਕੋਸ਼ਿਸ਼ ਕਰਨ ਦੀ ਅਫ਼ਵਾਹ ਫ਼ੈਲਣ ਤੋਂ ਬਾਅਦ ਇਕ ਵਿਅਕਤੀ ਦੀ ਭੀੜ ਵੱਲੋਂ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਅਤੇ ਉਸ ਦੇ ਭਰਾ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਇਸੇ ਤਰ੍ਹਾਂ ਦੀ ਘਟਨਾ ਰਾਜਧਾਨੀ ਲਖਨਊ ਦੇ ਨਾਲ ਲੱਗਦੇ ਗਾਜਿਆਬਾਦ 'ਚ ਵਾਪਰੀ, ਜਿੱਥੇ ਇਕ ਬਜ਼ੁਰਗ ਔਰਤ ਨੂੰ ਬੱਚਾ ਚੋਰੀ ਕਰਨ ਦੇ ਦੋਸ਼ 'ਚ ਬੁਰੀ ਤਰ੍ਹਾਂ ਕੁੱਟਿਆ ਗਿਆ। ਘਟਨਾ ਸਮੇਂ ਔਰਤ ਆਪਣੇ ਪੋਤੇ ਨਾਲ ਬਾਜ਼ਾਰ ਗਈ ਸੀ।
Mob Lynching
ਪਹਿਲੀ ਘਟਨਾ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ 'ਚ ਵਾਪਰੀ। ਦੋ ਭਰਾ ਰਾਜੂ ਅਤੇ ਰਾਮ ਅਵਤਾਰ ਆਪਣੇ 7 ਸਾਲਾ ਬੀਮਾਰ ਭਤੀਜੇ ਨੂੰ ਮੋਟਰਸਾਈਕਲ 'ਤੇ ਡਾਕਟਰ ਕੋਲ ਲਿਜਾ ਰਹੇ ਸਨ। ਉਦੋਂ ਚੰਦੌਲੀ ਇਲਾਕੇ 'ਚ ਕੁਝ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਦੋਸ਼ ਲਗਾਇਆ ਕਿ ਉਹ ਬੱਚੇ ਨੂੰ ਅਗ਼ਵਾ ਕਰ ਕੇ ਲਿਜਾ ਰਹੇ ਹਨ। ਇਸ ਘਟਨਾ ਦੀ ਇਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ 'ਚ ਵੇਖਿਆ ਜਾ ਸਕਦਾ ਹੈ ਕਿ ਦੋਵੇਂ ਭਰਾ ਜ਼ਮੀਨ 'ਤੇ ਡਿੱਗੇ ਪਏ ਹਨ ਅਤੇ ਉਨ੍ਹਾਂ ਨੂੰ ਭੀੜ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਹੈ। ਉਹ ਭੀੜ ਨੂੰ ਆਪਣੇ ਬੇਗੁਨਾਹ ਹੋਣ ਦੀ ਗੱਲ ਕਹਿ ਰਹੇ ਹਨ, ਪਰ ਡਾਂਗਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਲੈਸ ਭੀੜ ਨੇ ਉਨ੍ਹਾਂ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ। ਇਸ ਤੋਂ ਬਾਅਦ ਪੁਲਿਸ ਦੋਵੇਂ ਭਰਾਵਾਂ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਰਾਜੂ ਨੂੰ ਮ੍ਰਿਤਕ ਐਲਾਨ ਦਿੱਤਾ।
Mob lynching
ਦੂਜੀ ਘਟਨਾ ਉੱਤਰ ਪ੍ਰਦੇਸ਼ ਦੇ ਗਾਜਿਆਬਾਦ ਦੇ ਲੋਨੀ ਇਲਾਕੇ 'ਚ ਵਾਪਰੀ। ਪੀੜਤ ਔਰਤ ਆਪਣੇ ਪੋਤੇ ਨੂੰ ਚੱਪਲਾਂ ਦਿਵਾਉਣ ਲਈ ਬਾਜ਼ਾਰ ਲਿਜਾ ਰਹੀ ਸੀ। ਉਦੋਂ ਕੁਝ ਲੋਕਾਂ ਨੇ ਅਫ਼ਵਾਹ ਫੈਲਾ ਦਿੱਤੀ ਕਿ ਉਹ ਬੱਚਾ ਚੋਰੀ ਕਰ ਕੇ ਲਿਜਾ ਰਹੀ ਹੈ। ਇਸ ਦੌਰਾਨ ਭੀੜ ਵੱਲੋਂ ਔਰਤ ਨਾਲ ਮਾਰਕੁੱਟ ਕੀਤੀ ਗਈ। ਕੁਝ ਲੋਕਾਂ ਵੱਲੋਂ ਔਰਤ ਨੂੰ ਭੀੜ ਤੋਂ ਬਚਾਇਆ ਗਿਆ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਬਜ਼ੁਰਗ ਔਰਤ ਅਤੇ ਬੱਚੇ ਨੂੰ ਥਾਣੇ ਲੈ ਗਈ, ਜਿਥੇ ਪਤਾ ਲੱਗਾ ਕਿ ਉਹ ਦੋਵੇਂ ਦਾਦੀ-ਪੋਤਾ ਹਨ।