
ਖਾਣ ਵਾਲੇ ਪਏ ਬਿਮਾਰ, ਏਅਰਲਾਈਨ ਨੇ ਪ੍ਰਗਟਾਈ ਚਿੰਤਾ
Air India : ਏਅਰ ਇੰਡੀਆ ਦੇ ਇਕ ਮੁਸਾਫ਼ਰ ਨੇ ਨਿਊਯਾਰਕ ਜਾ ਰਹੀ ਇਕ ਉਡਾਣ ’ਚ ਦਿਤੇ ਗਏ ਆਮਲੇਟ ’ਚ 'ਕਾਕਰੋਚ' ਮਿਲਣ ਦੀ ਸ਼ਿਕਾਇਤ ਕੀਤੀ ਹੈ। ਏਅਰ ਇੰਡੀਆ ਨੇ ਕਿਹਾ ਕਿ ਉਸ ਨੇ ਅਗਲੇਰੀ ਜਾਂਚ ਲਈ ਕੈਟਰਿੰਗ ਸੇਵਾ ਪ੍ਰਦਾਤਾ ਕੋਲ ਮਾਮਲਾ ਉਠਾਇਆ ਹੈ।
ਇਸ ਘਟਨਾ ’ਤੇ ਚਿੰਤਾ ਜ਼ਾਹਰ ਕਰਦਿਆਂ ਏਅਰ ਇੰਡੀਆ ਦੇ ਇਕ ਬੁਲਾਰੇ ਨੇ ਇਕ ਬਿਆਨ ’ਚ ਕਿਹਾ, ‘‘ਅਸੀਂ ਸੋਸ਼ਲ ਮੀਡੀਆ ’ਤੇ ਇਕ ਮੁਸਾਫ਼ਰ ਵਲੋਂ ਪੋਸਟ ਕੀਤੀ ਗਈ ਜਾਣਕਾਰੀ ਤੋਂ ਜਾਣੂ ਹਾਂ, ਜਿਸ ’ਚ ਕਿਹਾ ਗਿਆ ਹੈ ਕਿ 17 ਸਤੰਬਰ 2024 ਨੂੰ ਦਿੱਲੀ ਤੋਂ ਜੇ.ਐਫ.ਕੇ. ਜਾ ਰਹੀ ਏ.ਆਈ. 101 ਉਡਾਣ ’ਚ ਉਸ ਨੂੰ ਦਿਤੇ ਗਏ ਖਾਣੇ ’ਚ 'ਕਾਕਰੋਚ' ਮਿਲਿਆ ਸੀ।’’
ਮੁਸਾਫ਼ਰ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਦਿੱਲੀ ਤੋਂ ਨਿਊਯਾਰਕ ਜਾਣ ਵਾਲੀ ਫਲਾਈਟ ’ਚ ਪਰੋਸੇ ਗਏ ਆਮਲੇਟ ’ਚ 'ਕਾਕਰੋਚ' ਮਿਲਿਆ ਸੀ। ਮੁਸਾਫ਼ਰ ਨੇ ਕਿਹਾ, ‘‘ਜਦੋਂ ਸਾਨੂੰ ਪਤਾ ਲੱਗਿਆ ਤਾਂ ਮੇਰੇ ਦੋ ਸਾਲ ਦੇ ਬੱਚੇ ਨੇ ਅੱਧੇ ਤੋਂ ਵੱਧ ਆਮਲੇਟ ਖਾ ਲਿਆ ਸੀ। ਇਸ ਦੇ ਨਤੀਜੇ ਵਜੋਂ ਉਹ ਬਿਮਾਰ ਹੋ ਗਿਆ।’’
ਮੁਸਾਫ਼ਰ ਨੇ ਉਡਾਣ ਦੌਰਾਨ ਪਰੋਸੇ ਗਏ ਭੋਜਨ ਪਦਾਰਥਾਂ ਦੀ ਇਕ ਛੋਟੀ ਜਿਹੀ ਵੀਡੀਉ ਅਤੇ ਤਸਵੀਰ ਵੀ ਸਾਂਝੀ ਕੀਤੀ। ਉਨ੍ਹਾਂ ਨੇ ਇਸ ਪੋਸਟ ’ਚ ਏਅਰ ਇੰਡੀਆ, ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮਮੋਹਨ ਨਾਇਡੂ ਨੂੰ ਟੈਗ ਕੀਤਾ ਹੈ।
ਏਅਰ ਇੰਡੀਆ ਦੇ ਇਕ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਏਅਰਲਾਈਨ ਇਸ ਮਾਮਲੇ ਵਿਚ ਮੁਸਾਫ਼ਰਾਂ ਨੂੰ ਹੋਈ ਅਸੁਵਿਧਾ ਨੂੰ ਲੈ ਕੇ ਚਿੰਤਤ ਹੈ ਅਤੇ ਉਸ ਨੇ ਇਹ ਮਾਮਲਾ ਕੈਟਰਿੰਗ ਸੇਵਾ ਪ੍ਰਦਾਤਾ ਕੋਲ ਉਠਾਇਆ ਹੈ। ਬੁਲਾਰੇ ਨੇ ਕਿਹਾ, ‘‘ਅਸੀਂ ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਲੋੜੀਂਦੀ ਕਾਰਵਾਈ ਕਰਾਂਗੇ।