
ਭਾਰਤ ਦੀ ਤਰੱਕੀ ਦੀ ਪ੍ਰਸ਼ੰਸਾ ਕਰਦੇ ਹੋਏ ਪੁਤਿਨ ਨੇ ਕਿਹਾ ਕਿ ਭਾਰਤ ਨੇ ਇਕ ਆਧੁਨਿਕ ਦੇਸ਼ ਵਿਚ ਆਪਣੇ ਵਿਕਾਸ ਵਿਚ ਬਹੁਤ ਤਰੱਕੀ ਦਿਖਾਈ ਹੈ
ਨਵੀਂ ਦਿੱਲੀ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਮਾਸਕੋ 'ਚ ਪ੍ਰਧਾਨ ਮੰਤਰੀ ਮੋਦੀ ਦੀ ਸੁਤੰਤਰ ਵਿਦੇਸ਼ ਨੀਤੀ ਦੀ ਤਾਰੀਫ ਕਰਦੇ ਹੋਏ ਉਹਨਾਂ ਨੂੰ ਦੇਸ਼ ਭਗਤ ਦੱਸਿਆ ਹੈ। ਪੁਤਿਨ ਨੇ ਕਿਹਾ, ''ਅਸੀਂ ਦਹਾਕਿਆਂ ਦੇ ਮਜ਼ਬੂਤ ਸਬੰਧਾਂ ਦੇ ਆਧਾਰ 'ਤੇ ਭਾਰਤ ਨਾਲ ਵਿਸ਼ੇਸ਼ ਸਬੰਧ ਬਣਾਈ ਰੱਖ ਰਹੇ ਹਾਂ। ਸਾਨੂੰ ਭਾਰਤ ਨਾਲ ਕਦੇ ਕੋਈ ਸਮੱਸਿਆ ਨਹੀਂ ਆਈ। ਅਸੀਂ ਹਮੇਸ਼ਾ ਇਕ ਦੂਜੇ ਦਾ ਸਾਥ ਦਿੱਤਾ ਹੈ। ਸਾਡੇ ਰਿਸ਼ਤੇ ਅਜੇ ਵੀ ਅਜਿਹੇ ਹੀ ਹਨ ਅਤੇ ਭਵਿੱਖ ਵਿਚ ਵੀ ਅਜਿਹੇ ਹੀ ਰਹਿਣਗੇ”।
1947 ਵਿਚ ਆਜ਼ਾਦੀ ਤੋਂ ਬਾਅਦ ਭਾਰਤ ਦੀ ਤਰੱਕੀ ਦੀ ਪ੍ਰਸ਼ੰਸਾ ਕਰਦੇ ਹੋਏ ਪੁਤਿਨ ਨੇ ਕਿਹਾ, "ਭਾਰਤ ਨੇ ਇਕ ਆਧੁਨਿਕ ਦੇਸ਼ ਵਿਚ ਆਪਣੇ ਵਿਕਾਸ ਵਿਚ ਬਹੁਤ ਤਰੱਕੀ ਦਿਖਾਈ ਹੈ। ਲਗਭਗ 1.5 ਬਿਲੀਅਨ ਲੋਕਾਂ ਦੀ ਆਬਾਦੀ ਅਤੇ ਵਿਕਾਸ ਦੇ ਸਪੱਸ਼ਟ ਨਤੀਜਿਆਂ ਕਾਰਨ ਭਾਰਤ ਸਾਰਿਆਂ ਦੁਆਰਾ ਸਤਿਕਾਰਿਆ ਅਤੇ ਪਸੰਦ ਕੀਤਾ ਜਾਂਦਾ ਹੈ।
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਪਿਛਲੇ ਕੁਝ ਸਾਲਾਂ ਵਿਚ ਬਹੁਤ ਕੁਝ ਕੀਤਾ ਗਿਆ ਹੈ। ਸਪੱਸ਼ਟ ਹੈ ਕਿ ਉਹ ਦੇਸ਼ ਭਗਤ ਨੇਤਾ ਹਨ। ਉਹਨਾਂ ਦਾ 'ਮੇਕ ਇਨ ਇੰਡੀਆ' ਦਾ ਵਿਚਾਰ ਆਰਥਿਕ ਅਤੇ ਨੈਤਿਕ ਨਜ਼ਰੀਏ ਤੋਂ ਮਹੱਤਵਪੂਰਨ ਹੈ। ਭਾਰਤ ਨੇ ਵਿਕਾਸ ਦੇ ਰਾਹ 'ਤੇ ਬਹੁਤ ਤਰੱਕੀ ਕੀਤੀ ਹੈ। ਭਵਿੱਖ ਭਾਰਤ ਦਾ ਹੈ ਅਤੇ ਇਹ ਇਸ ਤੱਥ 'ਤੇ ਮਾਣ ਕਰ ਸਕਦਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ।
ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਦੀ ਤਾਰੀਫ ਕਰਦੇ ਹੋਏ ਪੁਤਿਨ ਨੇ ਕਿਹਾ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੇ ਉਹਨਾਂ ਚੋਣਵੇਂ ਲੋਕਾਂ 'ਚੋਂ ਇਕ ਹਨ ਜੋ ਆਪਣੇ ਦੇਸ਼ ਦੇ ਹਿੱਤ 'ਚ ਆਜ਼ਾਦ ਅਤੇ ਨਿਰਪੱਖ ਵਿਦੇਸ਼ ਨੀਤੀ ਬਣਾ ਸਕਦੇ ਹਨ ਅਤੇ ਇਸ ਦਾ ਪਾਲਣ ਕਰ ਸਕਦੇ ਹਨ, ਭਾਵੇਂ ਉਸ ਨੂੰ ਸੀਮਤ ਕਰਨ ਦੀ ਕਿਨੀ ਹੀ ਕੋਸ਼ਿਸ਼ ਕਿਉਂ ਨਾ ਹੋਵੇ। ਉਹ ਭਾਰਤੀ ਲੋਕਾਂ ਲਈ ਸਹੀ ਅਤੇ ਜ਼ਰੂਰੀ ਦਿਸ਼ਾ ਵੱਲ ਵਧ ਰਹੇ ਹਨ। ਅਤੇ ਮੈਨੂੰ ਭਰੋਸਾ ਹੈ ਕਿ ਭਾਰਤ ਦਾ ਭਵਿੱਖ ਉੱਜਵਲ ਹੈ ਅਤੇ ਵਿਸ਼ਵ ਮੁੱਦਿਆਂ ਵਿਚ ਇਸ ਦੀ ਸ਼ਮੂਲੀਅਤ ਵਧਦੀ ਰਹੇਗੀ।"