ਪਾਕਿਸਤਾਨ ਅਤੇ ਬਲੋਚਿਸਤਾਨ ਤੋਂ ਆ ਰਹੀਆਂ ਗਰਮ ਹਵਾਵਾਂ ਕਾਰਨ ਵਧੀ ਗਰਮੀ
ਜੈਪੁਰ: ਦੇਸ਼ ਭਰ ’ਚ ਇਸ ਹਫ਼ਤੇ ਦੀਵਾਲੀ ਮਨਾਈ ਜਾਵੇਗੀ ਪਰ ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ ’ਚ ਗਰਮੀ ਦਾ ਦੌਰ ਜਾਰੀ ਹੈ ਅਤੇ ਵੱਧ ਤੋਂ ਵੱਧ ਤਾਪਮਾਨ 35 ਤੋਂ 40.5 ਡਿਗਰੀ ਸੈਲਸੀਅਸ ਦੇ ਵਿਚਕਾਰ ਬਣਿਆ ਹੋਇਆ ਹੈ। ਮੌਸਮ ਵਿਗਿਆਨ ਕੇਂਦਰ ਮੁਤਾਬਕ ਅਜਿਹਾ ਪਾਕਿਸਤਾਨ ਅਤੇ ਬਲੋਚਿਸਤਾਨ ਤੋਂ ਆ ਰਹੀਆਂ ਗਰਮ ਹਵਾਵਾਂ ਕਾਰਨ ਹੋਇਆ ਹੈ।
ਮੌਸਮ ਵਿਗਿਆਨ ਕੇਂਦਰ ਜੈਪੁਰ ਮੁਤਾਬਕ ਅਕਤੂਬਰ ਦਾ ਮਹੀਨਾ ਖਤਮ ਹੋਣ ਵਾਲਾ ਹੈ ਪਰ ਸੂਬੇ ਦੇ ਕਈ ਸ਼ਹਿਰਾਂ ’ਚ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ 2 ਤੋਂ 7 ਡਿਗਰੀ ਸੈਲਸੀਅਸ ਵੱਧ ਹੈ। ਇਸ ਦੇ ਅਨੁਸਾਰ ਐਤਵਾਰ ਨੂੰ ਸਰਹੱਦੀ ਬਾੜਮੇਰ ’ਚ ਵੱਧ ਤੋਂ ਵੱਧ ਤਾਪਮਾਨ 40.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬੀਕਾਨੇਰ ’ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੈਸਲਮੇਰ, ਜੋਧਪੁਰ, ਜਾਲੋਰ, ਫਲੋਦੀ ’ਚ ਤਾਪਮਾਨ 39 ਤੋਂ 40 ਡਿਗਰੀ ਸੈਲਸੀਅਸ ਦੇ ਵਿਚਕਾਰ ਸੀ।
ਮੌਸਮ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਇਸ ਗਰਮੀ ਦਾ ਕਾਰਨ ਪਛਮੀ ਹਵਾ ਹੈ। ਆਮ ਤੌਰ ’ਤੇ ਅੱਧ ਅਕਤੂਬਰ ਤੋਂ ਬਾਅਦ ਰਾਜਸਥਾਨ ’ਚ ਹਵਾ ਦੀ ਦਿਸ਼ਾ ਉੱਤਰ-ਪਛਮੀ ਹੋ ਜਾਂਦੀ ਹੈ, ਜਿਸ ਕਾਰਨ ਰਾਜਸਥਾਨ, ਪੰਜਾਬ, ਹਰਿਆਣਾ ਅਤੇ ਦਿੱਲੀ ’ਚ ਹਲਕੀ ਠੰਢ ਸ਼ੁਰੂ ਹੋ ਜਾਂਦੀ ਹੈ। ਇਸ ਸਮੇਂ ਰਾਜਸਥਾਨ ਦੇ ਪਛਮੀ ਹਿੱਸਿਆਂ ’ਚ ਪਾਕਿਸਤਾਨ ਬਲੋਚਿਸਤਾਨ ਤੋਂ ਹਵਾ ਆ ਰਹੀ ਹੈ ਜੋ ਮੁਕਾਬਲਤਨ ਗਰਮ ਹੈ।
ਅਜਮੇਰ, ਜੈਪੁਰ, ਜੋਧਪੁਰ ਅਤੇ ਬੀਕਾਨੇਰ ’ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ ਜਦਕਿ ਕੋਟਾ ਅਤੇ ਉਦੈਪੁਰ ’ਚ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ। ਹਾਲਾਂਕਿ, ਰਾਜ ’ਚ ਘੱਟੋ ਘੱਟ ਤਾਪਮਾਨ ਘਟਣਾ ਸ਼ੁਰੂ ਹੋ ਗਿਆ ਹੈ।