
ਡੇਰਾ ਸਿਰਸਾ ਦੇ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਡੇਰੇ ਦੇ ਸਮਰਥਕਾਂ ਵੱਲੋਂ ਹਿੰਸਾ ਕਰਨ ਦੇ ਮਾਮਲੇ ਵਿਚ ਅਦਾਲਤ ਵੱਲੋਂ 17 ਲੋਕਾਂ ਨੂੰ ਬਰੀ ਕਰ ਦਿੱਤਾ...
ਚੰਡੀਗੜ੍ਹ (ਭਾਸ਼ਾ) : ਡੇਰਾ ਸਿਰਸਾ ਦੇ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਡੇਰੇ ਦੇ ਸਮਰਥਕਾਂ ਵੱਲੋਂ ਹਿੰਸਾ ਕਰਨ ਦੇ ਮਾਮਲੇ ਵਿਚ ਅਦਾਲਤ ਵੱਲੋਂ 17 ਲੋਕਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਵਧੀਕ ਜਿ਼ਲ੍ਹਾ ਤੇ ਸੈਸ਼ਨਜ਼ ਜੱਜ ਰਾਜਵਿੰਦਰ ਕੌਰ ਨੇ ਪੰਚਕੁਲਾ ਹਿੰਸਾ ਮਾਮਲੇ ਵਿਚ ਸੁਣਵਾਈ ਕਰਦੇ ਹੋਏ ਡੇਰੇ ਦੇ 17 ਸਮਰਥਕਾਂ ਨੂੰ ਭੰਨ-ਤੋੜ ਦੇ ਮਾਮਲੇ `ਚੋਂ ਬਰੀ ਕਰ ਦਿੱਤਾ ਹੈ। ਦੱਸ ਦੇਈਏ ਕਿ ਇਨ੍ਹਾਂ 17 ਲੋਕਾਂ ਖਿਲਾਫ ਫਰੀਦਕੋਟ ਪੁਲਿਸ ਨੇ ਮੁਕਦਮਾ ਦਰਜ ਕੀਤਾ ਸੀ। ਇਨ੍ਹਾਂ ਤੇ ਕੋਟਕਪੂਰਾ ਨੇੜਲੇ ਪਿੰਡ ਚਹਿਲ ਦੇ ਪੈਟਰੋਲ ਪੰਪ ਦੀ ਤੋੜ-ਭੰਨ ਕਰਨ ਦੇ ਇਲਜ਼ਾਮ ਲੱਗੇ ਸਨ।
ਭੜਕੀ ਹਿੰਸਾ
ਸੇਖੋਂ ਫਿਲਿੰਗ ਸਟੇਸ਼ਨ ਦੇ ਮਾਲਕ ਚਮਕੌਰ ਸਿੰਘ ਸੇਖੋਂ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਜ਼ਿਕਰਯੋਗ ਹੈ ਕਿ 25 ਅਗਸਤ 2017 ਨੂੰ ਅਦਾਲਤ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਦੋਸ਼ੀ ਐਲਾਨਿਆ ਸੀ, ਜਿਸ ਤੋਂ ਬਾਅਦ ਉਸਦੇ ਸਮਰਥਕਾਂ ਵੱਲੋਂ ਪੰਚਕੂਲਾ ਸਮੇਤ ਕਈ ਥਾਵਾਂ 'ਤੇ ਹਿੰਸਾ ਕੀਤੀ ਗਈ ਸੀ। ਇਸ ਹਿੰਸਾ ਦੇ ਚਲਦੇ ਪੁਲਿਸ ਨੇ ਸਖਤੀ ਵਰਤਦੇ ਹੋਏ ਕੋਟਕਪੂਰਾ ਤੋਂ 17 ਲੋਕਾਂ ਖਿਲਾਫ ਮੁਕਦਮਾ ਦਰਜ ਕੀਤਾ ਸੀ ਜਿਨ੍ਹਾਂ ਨੂੰ ਅੱਜ ਅਦਾਲਤ ਨੇ ਬਰੀ ਕਰ ਦਿੱਤਾ ਹੈ।