
ਅਰਥਚਾਰੇ ਬਾਰੇ ਰਾਜ ਸਭਾ 'ਚ ਭਖਵੀਂ ਚਰਚਾ, ਡੂੰਘੇ ਆਰਥਕ ਸੰਕਟ ਵਲ ਵਧ ਰਿਹੈ ਅਰਥਚਾਰਾ : ਵਿਰੋਧੀ ਪਾਰਟੀਆਂ
ਨਵੀਂ ਦਿੱਲੀ,: ਅਰਥਚਾਰੇ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਵਿਰੋਧੀ ਪਾਰਟੀਆਂ ਵਲੋਂ ਪ੍ਰਗਟਾਈ ਗਈ ਚਿੰਤਾ ਵਿਚਕਾਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁਧਵਾਰ ਨੂੰ ਕਿਹਾ ਹੈ ਕਿ ਸਰਕਾਰ ਇਸ ਦੇ ਵੱਖੋ-ਵੱਖ ਖੇਤਰਾਂ ਸਾਹਮਣੇ ਆ ਰਹੀਆਂ ਚੁਨੌਤੀਆਂ ਤੋਂ ਜਾਣੂ ਹੈ ਅਤੇ ਉਹ ਇਨ੍ਹਾਂ ਸਮੱਸਿਆਵਾਂ ਦਾ ਸਾਕਾਰਾਤਮਕ ਹੱਲ ਲੱਭਣ ਲਈ ਵਚਨਬੱਧ ਹੈ।
Rajya sabha
ਵਿੱਤ ਮੰਤਰੀ ਨੇ ਰਾਜ ਸਭਾ 'ਚ ਦੇਸ਼ ਦੀ ਆਰਥਕ ਸਥਿਤੀ ਨੂੰ ਲੈ ਕੇ ਹੋਈ ਚਰਚਾ ਦੇ ਜਵਾਬ 'ਚ ਇਹ ਗੱਲ ਕਹੀ। ਰਾਜ ਸਭਾ 'ਚ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਅਰਥਚਾਰੇ ਨੂੰ ਗਤੀ ਦੇਣ ਵਾਲੇ ਚਾਰ ਕਾਰਕਾਂ (ਤੇਲ), ਨਿਵੇਸ਼, ਉਦਯੋਗਿਕ ਉਤਪਾਦਨ, ਕਰਜ਼ਾ ਅਤੇ ਨਿਰਯਾਤ 'ਚ ਲਗਾਤਾਰ ਆ ਰਹੀ ਕਮੀ 'ਤੇ ਚਿੰਤਾ ਪ੍ਰਗਟਾਈ ਅਤੇ ਸਰਕਾਰ ਨੂੰ ਚੌਕਸ ਕੀਤਾ ਕਿ ਉਹ ਮੌਜੂਦਾ ਆਰਥਕ ਹਾਲਾਤ ਨੂੰ ਸੁਸਤੀ ਜਾਂ ਆਮ ਗਿਰਾਵਟ ਨਾ ਮੰਨੇ ਕਿਉਂਕਿ ਸਥਿਤੀ ਗੰਭੀਰ ਸੰਕਟ ਵਲ ਵੱਧ ਰਹੀ ਹੈ।
Indian Economy
ਇਸ ਦੇ ਜਵਾਬ 'ਚ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਛੋਟੇ ਅਤੇ ਦਰਮਿਆਨੇ ਉਦਯੋਗ ਖੇਤਰ ਅਤੇ ਬੈਂਕਿਗ ਸਮੇਤ ਕਈ ਖੇਤਰਾਂ ਲਈ 32 ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਖ਼ੁਦ ਹਰ ਹਫ਼ਤੇ ਇਨ੍ਹਾਂ ਕਦਮਾਂ ਦੀ ਸਮੀਖਿਆ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਆਉਣੇ ਵੀ ਛੇਤੀ ਹੀ ਸ਼ੁਰੂ ਹੋ ਜਾਣਗੇ। ਚਰਚਾ 'ਚ ਕਈ ਮੈਂਬਰਾਂ ਨੇ ਨੋਟਬੰਦੀ ਕਰ ਕੇ ਅਰਥਚਾਰੇ, ਵਿਸ਼ੇਸ਼ ਕਰ ਕੇ ਛੋਟੇ ਵਪਾਰੀਆਂ ਨੂੰ ਕਾਫ਼ੀ ਨੁਕਸਾਨ ਪਹੁੰਚਾਉਣ ਦਾ ਦੋਸ਼ ਲਾਇਆ। ਵਿੱਤ ਮੰਤਰੀ ਨੇ ਇਨ੍ਹਾਂ ਦੋਸ਼ਾਂ ਨੂੰ ਵੀ ਖ਼ਾਰਜ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਲੇ ਅਰਥਚਾਰੇ 'ਤੇ ਹਮਲੇ ਲਈ ਨੋਟਬੰਦੀ ਦਾ ਫ਼ੈਸਲਾ ਕੀਤਾ ਸੀ।
Nirmala Sitharaman
ਉਨ੍ਹਾਂ ਕਿਹਾ ਕਿ ਸਾਡੇ ਦੇਸ਼ 'ਚ 85 ਫ਼ੀ ਸਦੀ ਲੈਣ-ਦੇਣ ਨਕਦ ਹੁੰਦਾ ਸੀ ਜਿਸ ਕਰ ਕੇ ਆਰਥਚਾਰੇ ਨੂੰ ਰਸਮੀ ਰੂਪ ਦੇਣ 'ਚ ਮੁਸ਼ਕਲ ਹੋਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਨੋਟਬੰਦੀ ਕਰ ਕੇ ਅਰਥਚਾਰੇ ਨੂੰ ਰਸਮੀ ਸਰੂਪ ਦੇਣ 'ਚ ਮਦਦ ਮਿਲੀ ਹੈ ਅਤੇ ਨਾਲ ਹੀ ਡਿਜੀਟਲੀਕਨ ਅਤੇ ਟੈਕਸ ਆਧਾਰ ਵਧਿਆ ਹੈ। ਵਿੱਤ ਮੰਤਰੀ ਦੇ ਜਵਾਬ ਪੂਰਾ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਦੇ ਜਵਾਬ 'ਤੇ ਅਸੰਤੋਸ਼ ਪ੍ਰਗਟ ਕਰਦਿਆਂ ਕਾਂਗਰਸ, ਤ੍ਰਿਣਮੂਲ ਕਾਂਗਰਸ, ਆਮ ਆਦਮੀ ਪਾਰਟੀ ਅਤੇ ਖੱਬੇ ਪੱਖੀ ਪਾਰਟੀਆਂ ਨੇ ਸਦਨ 'ਚੋਂ ਵਾਕਆਊਟ ਕਰ ਦਿਤਾ।
ਵਿੱਤ ਮੰਤਰੀ ਦੇ ਜਵਾਬ ਤੋਂ ਬਾਅਦ ਸਭਾਪਤੀ ਨੇ ਵਿਰੋਧੀ ਮੈਂਬਰਾਂ ਵਲੋਂ ਜਵਾਬ ਵਿਚਕਾਰ ਹੀ ਵਾਕਆਊਟ ਕਰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹਾ ਕਰਨਾ ਠੀਕ ਨਹੀਂ ਹੈ ਅਤੇ ਮੈਂਬਰਾਂ ਨੂੰ ਵਿੱਤ ਮੰਤਰੀ ਦਾ ਜਵਾਬ ਪੂਰਾ ਸੁਣਨਾ ਚਾਹੀਦਾ ਸੀ ਕਿਉਂਕਿ ਇਹ ਇਕ ਅਤਿਮਹੱਤਵਪੂਰਨ ਮੁੱਦਾ ਹੈ। (ਪੀਟੀਆਈ)