
17 ਦਿਨਾਂ ਬਾਅਦ ਖੁਲ੍ਹੀ ਹਵਾ ’ਚ ਸਾਹ ਲੈਣ ਦਾ ਮੌਕਾ ਮਿਲਿਆ
Uttarakhand's Uttarkashi Tunnel Collapse Rescue Operation Update in Punjabi: ਸਿਲਕੀਆਰਾ ਸੁਰੰਗ ਦੇ ਮਲਬਾ ਡਿੱਗਣ ਕਾਰਨ ਬੰਦ ਹਿੱਸੇ ਦੇ ਦੂਜੇ ਪਾਸੇ ਫਸੇ 41 ਮਜ਼ਦੂਰਾਂ ਨੂੰ ਸੁਖ-ਸਾਂਦ ਨਾਲ ਬਾਹਰ ਕਢ ਲਿਆ ਗਿਆ ਹੈ। 17 ਦਿਨਾਂ ਤਕ ਚੱਲੇ ਰਾਹਤ ਕਾਰਜਾਂ ਤੋਂ ਬਾਅਦ ਅੱਜ ਰਾਤ 7:05 ਵਜੇ ਸੁਰੰਗ ਦੇ ਬੰਦ ਹਿੱਸੇ ’ਚ ਫੈਲੇ ਮਲਬੇ ਦੀ ਖੁਦਾਈ ਕਰ ਕੇ 800 ਮਿਲੀਮੀਟਰ ਦੀ ਪਾਈਪ ਆਰ-ਪਾਰ ਪਹੁੰਚਾਈ ਗਈ ਅਤੇ ਇਕ-ਇਕ ਕਰ ਕੇ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ। ਸਾਰੇ ਮਜ਼ਦੂਰ ਸੁਰੱਖਿਅਤ ਹਨ। ਚਾਰਧਾਮ ਯਾਤਰਾ ਮਾਰਗ ’ਤੇ ਬਣ ਰਹੀ ਸੁਰੰਗ ਦਾ ਇਕ ਹਿੱਸਾ 12 ਨਵੰਬਰ ਨੂੰ ਢਹਿ ਗਿਆ ਸੀ, ਜਿਸ ਕਾਰਨ ਉਸ ’ਚ ਕੰਮ ਕਰ ਰਹੇ 41 ਮਜ਼ਦੂਰ ਫਸ ਗਏ ਸਨ।
ਮਜ਼ਦੂਰਾਂ ਨੂੰ ਕੱਢੇ ਜਾਣ ਦੌਰਾਨ ਮੁੱਖ ਮੰਤਰੀ ਪੁਸ਼ਕਰ ਧਾਮੀ ਅਤੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਜਨਰਲ (ਸੇਵਾਮੁਕਤ) ਵੀ.ਕੇ. ਸਿੰਘ ਵੀ ਮੌਜੂਦ ਰਹੇ। ਬਾਹਰ ਨਿਕਲੇ ਮਜ਼ਦੂਰਾਂ ਨੂੰ ਮੁੱਖ ਮੰਤਰੀ ਨੇ ਅਪਣੇ ਗਲ ਨਾਲ ਲਾਇਆ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਬਚਾਅ ਕਾਰਜਾਂ ’ਚ ਲੱਗੇ ਲੋਕਾਂ ਦੀ ਹਿੰਮਤ ਦੀ ਵੀ ਉਨ੍ਹਾਂ ਭਰਪੂਰ ਤਾਰੀਫ਼ ਕੀਤੀ। ਸਾਰੇ ਮਜ਼ਦੂਰਾਂ ਨੂੰ ਸ਼ੁਰੂਆਤੀ ਸਿਹਤ ਜਾਂਚ ਸੁਰੰਗ ’ਚ ਬਣੇ ਅਸਥਾਈ ਮੈਡੀਕਲ ਕੈਂਪ ’ਚ ਕੀਤੀ ਗਈ।
ਇਸ ਤੋਂ ਪਹਿਲਾਂ ਉਤਰਾਖੰਡ ਦੇ ਸੂਚਨਾ ਵਿਭਾਗ ਦੇ ਡਾਇਰੈਕਟਰ ਜਨਰਲ ਬੰਸ਼ੀਧਰ ਤਿਵਾੜੀ ਨੇ ਦੁਪਹਿਰ 1:30 ਵਜੇ ਤੋਂ ਬਾਅਦ ਪੱਤਰਕਾਰਾਂ ਨੂੰ ਦਸਿਆ ਕਿ ਡਰਿਲਿੰਗ ਪੂਰੀ ਹੋ ਗਈ ਹੈ। ਇਹ ਜਾਣਕਾਰੀ ਮਿਲਣ ਤੋਂ ਲਗਭਗ ਅੱਧੇ ਘੰਟੇ ਬਾਅਦ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦਸਿਆ ਕਿ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਮਲਬੇ ’ਚ ਪਾਈਪਾਂ ਪਾਉਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਇਸ ’ਤੇ ਮੁੱਖ ਮੰਤਰੀ ਧਾਮੀ ਨੇ ਟਵੀਟ ਕੀਤਾ, ‘‘ਬਾਬਾ ਬੋਖਨਾਗ ਜੀ ਦੀ ਅਪਾਰ ਕਿਰਪਾ, ਕਰੋੜਾਂ ਦੇਸ਼ ਵਾਸੀਆਂ ਦੀਆਂ ਅਰਦਾਸਾਂ ਅਤੇ ਬਚਾਅ ਕਾਰਜ ’ਚ ਲੱਗੀਆਂ ਸਾਰੀਆਂ ਬਚਾਅ ਟੀਮਾਂ ਦੇ ਅਣਥੱਕ ਕੰਮ ਸਦਕਾ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਸੁਰੰਗ ’ਚ ਪਾਈਪਾਂ ਪਾਉਣ ਦਾ ਕੰਮ ਪੂਰਾ ਹੋ ਗਿਆ ਹੈ। ਜਲਦੀ ਹੀ ਸਾਰੇ ਕਾਮਿਆਂ ਨੂੰ ਬਾਹਰ ਕੱਢ ਲਿਆ ਜਾਵੇਗਾ।’’
ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਐਨ.ਡੀ.ਆਰ.ਐਫ. ਦੇ ਜਵਾਨ ਮਲਬੇ ਦੇ ਅੰਦਰ ਪਾਈਆਂ ਗਈਆਂ ਸਟੀਲ ਪਾਈਪਾਂ ਦੇ ਅੰਦਰ ਜਾਣਗੇ ਅਤੇ ਮਜ਼ਦੂਰਾਂ ਨੂੰ ਇਕ-ਇਕ ਕਰ ਕੇ ਬਾਹਰ ਕੱਢਣਗੇ। ਸੁਰੰਗ ਦੇ ਅੰਦਰ ਅੱਠ ਬਿਸਤਰਿਆਂ ਦਾ ਅਸਥਾਈ ਸਿਹਤ ਕੇਂਦਰ ਸਥਾਪਤ ਕੀਤਾ ਗਿਆ ਹੈ ਤਾਂ ਜੋ ਸੁਰੰਗ ਅੰਦਰ ਫਸੇ ਮਜ਼ਦੂਰਾਂ ਨੂੰ ਬਾਹਰ ਆਉਣ ’ਤੇ ਤੁਰਤ ਡਾਕਟਰੀ ਦੇਖਭਾਲ ਮੁਹੱਈਆ ਕਰਵਾਈ ਜਾ ਸਕੇ। ਹੁਣ ਤਕ ਕੀਤੇ ਗਏ ਅਭਿਆਸ ਅਨੁਸਾਰ, ਹਰ ਵਰਕਰ ਨੂੰ ਘੱਟ ਉਚਾਈ ਵਾਲੇ ਪਹੀਏ ਵਾਲੇ ਸਟਰੈਚਰ ’ਤੇ ਰਖਿਆ ਗਿਆ ਅਤੇ ਬਚਾਅ ਕਰਮਚਾਰੀਆਂ ਵਲੋਂ ਰੱਸੀਆਂ ਦੀ ਮਦਦ ਨਾਲ ਉਨ੍ਹਾਂ ਨੂੰ ਬਾਹਰ ਕਢਿਆ ਗਿਆ।
ਬਚਾਅ ਕਾਰਜ ਪੂਰਾ ਹੋਣ ਦੀ ਸੂਚਨਾ ਮਿਲਣ ਤੋਂ ਕਈ ਘੰਟੇ ਪਹਿਲਾਂ ਸੁਰੰਗ ਦੇ ਆਲੇ-ਦੁਆਲੇ ਦੀ ਗਤੀਵਿਧੀ ਤੇਜ਼ ਹੋ ਗਈ। ਮਜ਼ਦੂਰਾਂ ਨੂੰ ਬਾਹਰ ਆਉਂਦੇ ਹੀ ਹਸਪਤਾਲ ਲਿਜਾਣ ਲਈ ਐਂਬੂਲੈਂਸਾਂ ਸੁਰੰਗ ਦੇ ਬਾਹਰ ਖੜ੍ਹੀਆਂ ਸਨ। ਵਰਕਰਾਂ ਨੂੰ ਨੇੜਲੇ ਚਿਨਿਆਲੀਸੌਰ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ ਜਿੱਥੇ 41 ਬਿਸਤਰਿਆਂ ਦਾ ਵਖਰਾ ਵਾਰਡ ਸਥਾਪਤ ਕੀਤਾ ਗਿਆ ਹੈ। ਐਂਬੂਲੈਂਸ ਨੂੰ ਜਲਦੀ ਤੋਂ ਜਲਦੀ ਚਿਨਿਆਲੀਸੌਰ ਲਿਆਉਣ ਲਈ ਪਹਿਲਾਂ ਤੋਂ ਬਣੇ ਕੱਚੇ ਰਸਤੇ ਦੀ ਮੁਰੰਮਤ ਕੀਤੀ ਗਈ। ਸਟਰੈਚਰ ਨੂੰ ਸੁਰੰਗ ਦੇ ਅੰਦਰ ਲਿਜਾਇਆ ਗਿਆ ਹੈ।
ਬਚਾਅ ਮੁਹਿੰਮ ਦੀ ਸਫਲਤਾ ਦੀ ਸੂਚਨਾ ਮਿਲਦੇ ਹੀ ਸੁਰੰਗ ਦੇ ਬਾਹਰ ਖੜ੍ਹੇ ਮਜ਼ਦੂਰਾਂ ਨੇ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਗਾਏ। ਇਸ ਤੋਂ ਪਹਿਲਾਂ ਲਾਰਸਨ ਐਂਡ ਟੂਬਰੋ ਟੀਮ ਦੀ ਅਗਵਾਈ ਕਰ ਰਹੇ ਕ੍ਰਿਸ ਕੂਪਰ ਨੇ ਭਵਿੱਖਬਾਣੀ ਕੀਤੀ ਸੀ ਕਿ ਕਾਮਿਆਂ ਦੀ ਉਡੀਕ ਜਲਦੀ ਹੀ ਖਤਮ ਹੋ ਜਾਵੇਗੀ। ਉਨ੍ਹਾਂ ਪੱਤਰਕਾਰਾਂ ਨੂੰ ਦਸਿਆ ਸੀ ਕਿ ਵਰਕਰ ਸ਼ਾਮ 5 ਵਜੇ ਤਕ ਬਾਹਰ ਆ ਸਕਦੇ ਹਨ। ਉਨ੍ਹਾਂ ਇਹ ਵੀ ਦਸਿਆ ਕਿ ਮਜ਼ਦੂਰਾਂ ਤਕ ਪਹੁੰਚਣ ਲਈ ਬਦਲ ਵਜੋਂ ਕੀਤੀ ਜਾ ਰਹੀ ਵਰਟੀਕਲ ਡਰਿਲਿੰਗ ਨੂੰ ਬੰਦ ਕਰ ਦਿਤਾ ਗਿਆ ਹੈ।
ਸੁਰੰਗ ਦੇ ਬਾਹਰ ਅਪਣੇ 22 ਸਾਲ ਦੇ ਪੁੱਤਰ ਮਨਜੀਤ ਦੀ ਉਡੀਕ ਕਰ ਰਹੇ ਚੌਧਰੀ ਨੇ ਕਿਹਾ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਿਲਕੀਆਰਾ ’ਚ ਰਹਿ ਰਹੇ ਪਰਿਵਾਰਕ ਜੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਮਜ਼ਦੂਰਾਂ ਕੋਲ ਲਿਜਾਣ ਦਾ ਪ੍ਰਬੰਧ ਕੀਤਾ ਜਾਵੇਗਾ। ਸੁਰੰਗ ’ਚ ਫਸੇ ਇਕ ਹੋਰ ਮਜ਼ਦੂਰ ਗੱਬਰ ਸਿੰਘ ਨੇਗੀ ਦੇ ਭਰਾ ਜੈਮਲ ਸਿੰਘ ਨੇਗੀ ਨੇ ਕਿਹਾ ਕਿ ਅੱਜ ਕੁਦਰਤ ਵੀ ਖੁਸ਼ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਪਰਿਵਾਰਕ ਮੈਂਬਰਾਂ ਨੂੰ ਅਪਣਾ ਸਾਮਾਨ ਤਿਆਰ ਰੱਖਣ ਅਤੇ ਅਗਾਊਂ ਹੁਕਮਾਂ ਦੀ ਉਡੀਕ ਕਰਨ ਲਈ ਕਿਹਾ ਹੈ।
‘ਮਜ਼ਦੂਰਾਂ ਦੇ ਸਬਰ ਨੂੰ ਸਲਾਮ’
ਇਹ ਜਾਣ ਕੇ ਰਾਹਤ ਅਤੇ ਖੁਸ਼ੀ ਹੋਈ ਕਿ ਉਤਰਾਖੰਡ ਵਿਚ ਸੁਰੰਗ ’ਚ ਫਸੇ ਸਾਰੇ ਮਜ਼ਦੂਰਾਂ ਨੂੰ ਬਚਾ ਲਿਆ ਗਿਆ ਹੈ। ਦੇਸ਼ ਮਜ਼ਦੂਰਾਂ ਦੇ ਸਬਰ ਨੂੰ ਸਲਾਮ ਕਰਦਾ ਹੈ, ਅਪਣੇ ਲਈ ਨਿੱਜੀ ਜੋਖਮ ਲੈ ਕੇ ਵੀ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਉਨ੍ਹਾਂ ਦਾ ਧੰਨਵਾਦੀ ਹੈ। -ਰਾਸ਼ਟਰਪਤੀ ਦ੍ਰੌਪਦੀ ਮੁਰਮੂ
ਉੱਤਰਕਾਸ਼ੀ ’ਚ ਸਾਡੇ ਮਜ਼ਦੂਰ ਭਰਾਵਾਂ ਨੂੰ ਬਚਾਉਣ ਦੀ ਮੁਹਿੰਮ ਦੀ ਸਫਲਤਾ ਸਾਰਿਆਂ ਨੂੰ ਭਾਵੁਕ ਕਰਨ ਵਾਲੀ ਹੈ। ਮੈਂ ਇਸ ਬਚਾਅ ਕਾਰਜ ’ਚ ਸ਼ਾਮਲ ਸਾਰੇ ਲੋਕਾਂ ਦੇ ਜਜ਼ਬੇ ਨੂੰ ਵੀ ਸਲਾਮ ਕਰਦਾ ਹਾਂ। ਉਨ੍ਹਾਂ ਦੀ ਬਹਾਦਰੀ ਅਤੇ ਦ੍ਰਿੜ ਇਰਾਦੇ ਨੇ ਸਾਡੇ ਮਜ਼ਦੂਰ ਭਰਾਵਾਂ ਨੂੰ ਨਵੀਂ ਜ਼ਿੰਦਗੀ ਦਿਤੀ ਹੈ। ਇਸ ਮਿਸ਼ਨ ’ਚ ਸ਼ਾਮਲ ਹਰ ਕਿਸੇ ਨੇ ਮਨੁੱਖਤਾ ਅਤੇ ਟੀਮ ਵਰਕ ਦੀ ਇਕ ਸ਼ਾਨਦਾਰ ਮਿਸਾਲ ਕਾਇਮ ਕੀਤੀ ਹੈ। -ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਮੈਨੂੰ ਰਾਹਤ ਅਤੇ ਖੁਸ਼ੀ ਹੈ ਕਿ ਸਿਲਕੀਆਰਾ ਸੁਰੰਗ ਤੋਂ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਰਾਹਤ ਅਤੇ ਬਚਾਅ ਕਾਰਜਾਂ ’ਚ ਸ਼ਾਮਲ ਸਾਰੀਆਂ ਏਜੰਸੀਆਂ ਦਾ ਧੰਨਵਾਦ, ਇਹ ਇਕ ਤਾਲਮੇਲ ਮੁਹਿੰਮ ਸੀ ਜੋ ਬਹੁਤ ਕੁਸ਼ਲਤਾ ਨਾਲ ਚਲਾਈ ਗਈ ਸੀ। -ਕੇਂਦਰੀ ਮੰਤਰੀ ਨਿਤਿਨ ਗਡਕਰੀ
ਇਹ ਦੇਸ਼ ਲਈ ਬਹੁਤ ਚੰਗੀ ਖ਼ਬਰ ਹੈ ਕਿ ਉੱਤਰਕਾਸ਼ੀ ’ਚ ਸੁਰੰਗ ਅੰਦਰ ਫਸੇ ਸਾਡੇ ਸਾਰੇ 41 ਮਜ਼ਦੂਰ ਭਰਾਵਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਮੈਂ ਉਨ੍ਹਾਂ ਸਾਰੇ ਲੋਕਾਂ, ਏਜੰਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਸਾਥੀ ਨਾਗਰਿਕਾਂ ਦੀ ਜਾਨ ਬਚਾਉਣ ਲਈ ਅਣਥੱਕ ਮਿਹਨਤ ਕੀਤੀ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
(For more news apart from Ludhiana News Today, stay tuned to Rozana Spokesman)