
“50% ਤੋਂ ਘੱਟ ਕਿਸਾਨਾਂ ਨੂੰ ਮਿਲਿਆ ਕਰਜ਼ਾ ਮੁਆਫ਼ੀ ਦਾ ਲਾਹਾ”....
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਕਰਜ਼ਾ ਮੁਆਫੀ ਦੇ ਤੀਜੇ ਪੜਾਅ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਪਰ ਕਰਜ਼ਾ ਮੁਆਫ਼ੀ ਦੇ ਬਾਵਜੂਦ ਵੀ ਕਿਸਾਨਾਂ ਖੁਦਕੁਸ਼ੀਆਂ ਦੇ ਅੰਕੜੇ ਬੇਹੱਦ ਚਿੰਤਾਜਨਕ ਹਨ। ਕਰਜ਼ਾ ਮੁਆਫੀ ਤੋਂ ਬਾਅਦ ਵੀ ਇੱਕ ਸਾਲ ’ਚ 430 ਕਿਸਾਨਾਂ ਵੱਲੋਂ ਕਰਜ਼ੇ ਦੀ ਮਾਰ ਹੇਠ ਖੁਦਕੁਸ਼ੀਆਂ ਕੀਤੀਆਂ ਗਈਆਂ ਹਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਇਸ ਸਬੰਧੀ ਅੰਕੜੇ ਇੱਕਤਰ ਕੀਤੇ ਗਏ ਹਨ। ਇਹ ਅੰਕੜੇ ਮਾਲ ਵਿਭਾਗ, ਪੁਲਿਸ ਰਿਕਾਰਡ ਅਤੇ ਮੀਡੀਆ ਦੀਆਂ ਖ਼ਬਰਾਂ ’ਤੇ ਅਧਾਰਿਤ ਹਨ। ਅੰਕੜਿਆਂ ਮੁਤਾਬਕ ਸਭ ਤੋਂ ਵੱਧ ਖੁਦਕੁਸ਼ੀਆਂ ਪੰਜਾਬ ਦੇ ਮਾਲਵਾ ਖਿੱਤੇ ’ਚ ਹੋਈਆਂ ਹਨ। ਮਾਨਸਾ, ਸੰਗਰੂਰ, ਬਠਿੰਡਾ ਤੇ ਬਰਨਾਲਾ ’ਚ ਇਹ ਅੰਕੜਾ ਕਾਫੀ ਗੰਭੀਰ ਹਨ।
Suicide
ਜਾਣਕਾਰੀ ਮੁਤਾਬਕ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਸਿਰ 1 ਲੱਖ ਤੋਂ ਲੈ ਕੇ 20 ਲੱਖ ਤਕ ਦਾ ਕਰਜ਼ਾ ਸੀ। ਬੀ.ਕੇ.ਯੂ. ਉਗਰਾਹਾਂ ਮੁਤਾਬਕ ਸਾਲ 2017 ’ਚ ਕਿਸਾਨ ਖੁਦਕੁਸ਼ੀਆਂ ਦੀ ਗਿਣਤੀ 900 ਦੇ ਕਰੀਬ ਰਹੀ। ਉਹਨਾਂ ਮੁਤਾਬਕ ਕਰਜ਼ਾ ਮੁਆਫ਼ੀ ਦਾ ਲਾਹਾ 50 ਫੀਸਦੀ ਤੋਂ ਵੀ ਘੱਟ ਲੋਕਾਂ ਨੂੰ ਹੋਇਐ। ਪਿਛਲੇ ਸਾਲਾਂ ’ਤੇ ਨਜ਼ਰ ਮਾਰੀਏ ਤਾਂ ਤਿੰਨ ਯੂਨੀਵਰਸਿਟੀਆਂ ਲੁਧਿਆਣਾ ਦੀ ਪੀ.ਏ.ਯੂ, ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਅੰਕੜਿਆਂ ਮੁਤਾਬਕ ਸਾਲ 2000 ਤੋਂ 2015 ਤਕ ਦੇ ਸਮੇਂ ਦੌਰਾਨ ਕਰੀਬ 16,606 ਕਿਸਾਨ ਅਤੇ ਖੇਤੀ ਮਜ਼ਦੂਰ ਖੁਦਕੁਸ਼ੀ ਕਰ ਚੁੱਕੇ ਹਨ।
Suicide Kissan
ਹਾਲਾਂਕਿ ਪੰਜਾਬ ਸਰਕਾਰ ਵੱਲੋਂ ਕਰਜ਼ਾ ਮੁਆਫ਼ੀ ਦੇ ਪਹਿਲੇ ਪੜਾਅ ਤਹਿਤ 3.17 ਲੱਖ ਕਿਸਾਨਾਂ ਦਾ 1,815 ਕਰੋੜ ਕਰਜ਼ਾ ਮੁਆਫ਼ ਕੀਤਾ ਸੀ। ਦੂਜੇ ਪੜਾਅ ’ਚ 1.03 ਲੱਖ ਕਿਸਾਨਾਂ ਦਾ 1,689 ਕਰੋੜ ਕਰਜ਼ਾ ਮੁਆਫ ਕੀਤਾ ਗਿਆ ਅਤੇ ਹੁਣ ਤੀਜੇ ਪੜਾਅ ਤਹਿਤ 1.42 ਲੱਖ ਕਿਸਾਨਾਂ ਦਾ 1,009 ਕਰੋੜ ਕਰਜ਼ਾ ਮੁਆਫ਼ ਕਰਨ ਦਾ ਟੀਚਾ ਹੈ ਪਰ ਇਹ ਕਰਜ਼ਾ ਮੁਆਫੀ ਮੁਕੰਮਲ ਕਰਜ਼ਾ ਮੁਆਫ਼ੀ ਕਰਨ ਦੇ ਐਲਾਨ ਅੱਗੇ ਕਾਫੀ ਮੱਧਮ ਪੈ ਜਾਂਦੀ ਹੈ। ਪੰਜਾਬ ਸਰਕਾਰ ਕੋਸ਼ਿਸ਼ਾਂ ਤਾਂ ਕਰ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਇਹ ਮੰਨਦੇ ਨੇ ਕਿ ਉਹਨਾਂ ਵੱਲੋਂ ਮੁਆਫ ਕੀਤਾ ਜਾ ਰਿਹਾ ਕਰਜ਼ਾ ਕਾਫੀ ਘੱਟ ਹੈ।
Suicide
ਪਰ ਵਿੱਤੀ ਸੰਕਟ ਦੇ ਬਾਵਜੂਦ ਉਹ ਆਪਣੇ ਵਾਅਦੇ ਵਫ਼ਾ ਕਰਨ ਦੀ ਕੋਸ਼ਿਸ਼ ਲਈ ਵਚਨਬੱਧ ਹੈ। ਸੱਚ ਤਾਂ ਇਹ ਹੈ ਕਿ ਸੂਬੇ ਦੀ ਕਿਸਾਨੀ ਨਿਗਾਰ ਵੱਲ ਜਾ ਰਹੀ ਹੈ, ਅੱਜ ਵੀ ਸਹੀ ਮੰਡੀਕਰਨ ਨਾ ਹੋਣ ਕਾਰਨ ਕਿਸਾਨ ਮੰਡੀਆਂ ’ਚ ਰੁੱਲ ਰਹੇ ਹਨ ਅਤੇ ਕਿਸਾਨਾਂ ਦੇ ਪੁੱਤ ਜ਼ਮੀਨਾ ਵੇਚ ਕੇ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ। ਇੱਕ ਖੇਤੀ ਪ੍ਰਦਾਨ ਸੂਬੇ ’ਚ ਜੇਕਰ ਇਸ ਕਦਰ ਖੁਦਕੁਸ਼ੀਆਂ ਹੋ ਰਹੀਆਂ ਨੇ ਤਾਂ ਇਸ ਸੂਬੇ ਦੇ ਸੁਨ੍ਹੇਰੇ ਭਵਿੱਖ ਦੀ ਕਾਮਨਾ ਕਰਨਾ ਸੂਰਜ ਦੇ ਪੂਰਬ ਦੀ ਥਾਂ ਪੱਛਮ ’ਚੋਂ ਉੱਗਣ ਦੀ ਕਾਮਨਾ ਕਰਨ ਦੇ ਬਰਾਬਰ ਹੈ।