
ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ
ਨਵੀਂ ਦਿੱਲੀ, 29 ਜਨਵਰੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਦੋਵੇਂ ਇਕੋ ਸਿੱਕੇ ਦੇ ਦੋ ਪਹਿਲੂ ਅਤੇ ਝੂਠ ਦੇ ਸਰਦਾਰ ਹਨ।ਇੱਥੇ ਬੁਰਾੜੀ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਆਮ ਆਦਮੀ ਪਾਰਟੀ (ਆਪ) ਨੇ ਮਿਲ ਕੇ ਕਾਂਗਰਸ ਨੂੰ ਸੱਤਾ ਤੋਂ ਹਟਾ ਦਿਤਾ ਪਰ ਦਿੱਲੀ ਅਤੇ ਦੇਸ਼ ਦੇ ਲੋਕਾਂ ਲਈ ਕੁੱਝ ਨਹੀਂ ਕੀਤਾ।
ਕਥਿਤ ਸ਼ਰਾਬ ਘਪਲੇ ਦਾ ਜ਼ਿਕਰ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਜੇਕਰ ਸੱਭ ਕੁੱਝ ਠੀਕ ਹੈ ਤਾਂ ਕੇਜਰੀਵਾਲ ਜੇਲ੍ਹ ਕਿਉਂ ਗਏ, ਉਹ ਆਬਕਾਰੀ ਘਪਲੇ ’ਚ ਕਿਉਂ ਫੜੇ ਗਏ? ਤੁਸੀਂ ਦੋਵੇਂ (ਮੋਦੀ ਅਤੇ ਕੇਜਰੀਵਾਲ) ਹਰੀਸ਼ਚੰਦਰ ਦੇ ਪੁੱਤਰਾਂ ਨੇ ਮਿਲ ਕੇ ਸਾਨੂੰ ਸੱਤਾ ਤੋਂ ਬਾਹਰ ਕੱਢ ਦਿਤਾ ਪਰ ਉਸ ਤੋਂ ਬਾਅਦ ਕੁੱਝ ਨਹੀਂ ਕੀਤਾ।’’ਉਨ੍ਹਾਂ ਕਿਹਾ, ‘‘ਭਾਜਪਾ ਦੇ ਲੋਕ ਕਹਿੰਦੇ ਹਨ ਕਿ ਸਾਨੂੰ ਆਜ਼ਾਦੀ 2014 ’ਚ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੀ ਮਿਲੀ ਸੀ। ਦੇਸ਼ ਨੂੰ 15 ਅਗੱਸਤ 1947 ਨੂੰ ਆਜ਼ਾਦੀ ਮਿਲੀ ਸੀ, ਉਹ ਇਸ ’ਤੇ ਵਿਸ਼ਵਾਸ ਨਹੀਂ ਕਰਦੇ।’’
ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਅਤੇ ਕੇਜਰੀਵਾਲ ਨੇ ਮਿਲ ਕੇ ਅੰਨਾ ਹਜ਼ਾਰੇ ਦੇ ਅੰਦੋਲਨ ਦੀ ਅਗਵਾਈ ਕੀਤੀ। ਉਨ੍ਹਾਂ ਕਿਹਾ, ‘‘ਮੋਦੀ ਅਤੇ ‘ਆਪ’ ਦੋਵੇਂ ਭਰਾ ਹਨ। ਇਹ ਇਕੋ ਸਿੱਕੇ ਦੇ ਦੋ ਪਹਿਲੂ ਹਨ। ਜੇ ਤੁਸੀਂ ਇੱਥੇ ਵੇਖੋਗੇ, ਤਾਂ ਤੁਸੀਂ ਮੋਦੀ ਨੂੰ ਵੇਖੋਗੇ, ਜੇ ਤੁਸੀਂ ਦੂਜੇ ਪਾਸੇ ਮੁੜੋਗੇ, ਤਾਂ ਕੇਜਰੀਵਾਲ।’’ ਯਮੁਨਾ ਦੀ ਸਫਾਈ ਦਾ ਮੁੱਦਾ ਉਠਾਉਂਦਿਆਂ ਉਨ੍ਹਾਂ ਕਿਹਾ ਕਿ ‘ਜੇਕਰ ਤੁਸੀਂ ਪੀਣ ਯੋਗ ਪਾਣੀ ਮੁਹੱਈਆ ਨਹੀਂ ਕਰਵਾ ਸਕਦੇ ਤਾਂ ਤੁਸੀਂ ਕਿਸ ਨੇਤਾ ਹੋ?’ (ਪੀਟੀਆਈ)