
ਇਸ ਮਸੀਹੇ ਦਾ ਨਾਂਅ ਹੈ ਮੋਹਿੰਦਰ ਸਿੰਘ, ਇਹਨਾਂ ਦੀ ਉਮਰ 53 ਸਾਲ ਹੈ ਅਤੇ ਉਹਨਾਂ ਦੇ ਪੁੱਤਰ ਦਾ ਨਾਂਅ ਹੈ ਇੰਦਰਜੀਤ ਸਿੰਘ।
ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਰਾਸ਼ਟਰੀ ਰਾਜਧਾਨੀ ਦਿੱਲੀ ਇਕ ਵਾਰ ਫਿਰ ਸੜ ਰਹੀ ਹੈ। ਉੱਤਰ ਪੂਰਬੀ ਦਿੱਲੀ ਵਿਚ ਭੜਕੀ ਹਿੰਸਾ ਵਿਚ ਹੁਣ ਤੱਕ ਲਗਭਗ 42 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 200 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸ ਹਿੰਸਾ ਵਿਚ ਇਕ ਪਾਸੇ ਜਿੱਥੇ ਲੋਕ ਇਕ-ਦੂਜੇ ਦੇ ਖੂਨ ਦੇ ਪਿਆਸੇ ਹੋ ਰਹੇ ਸੀ ਤਾਂ ਦੂਜੇ ਪਾਸੇ ਕੁਝ ਲੋਕ ਅਜਿਹੇ ਵੀ ਹਨ ਜੋ ਕਿਸੇ ਵੀ ਤਰ੍ਹਾਂ ਲੋਕਾਂ ਦੀ ਜ਼ਿੰਦਗੀ ਬਚਾਉਣ ਵਿਚ ਜੁਟੇ ਸਨ।
Photo
ਇਹਨਾਂ ਵਿਚ ਇਕ ਮਸੀਹਾ ਅਜਿਹਾ ਸੀ, ਜਿਨ੍ਹਾਂ ਨੇ ਅਪਣੇ ਪੁੱਤਰ ਨਾਲ ਮਿਲ ਕੇ ਸਿਰਫ਼ ਇਕ ਘੰਟੇ ਵਿਚ ਕਰੀਬ 80 ਲੋਕਾਂ ਦੀਆਂ ਜਾਨਾਂ ਬਚਾਈਆਂ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਨਾ ਤਾਂ ਉਹਨਾਂ ਨੇ ਕਿਸੇ ਦੀ ਜਾਤ ਦੇਖੀ ਤੇ ਨਾ ਧਰਮ। ਉਹਨਾਂ ਅੰਦਰ ਬਸ ਇਕ ਹੀ ਜਨੂਨ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਬਚਾਉਣਾ ਹੈ।
Photo
ਇਸ ਮਸੀਹੇ ਦਾ ਨਾਂਅ ਹੈ ਮੋਹਿੰਦਰ ਸਿੰਘ, ਇਹਨਾਂ ਦੀ ਉਮਰ 53 ਸਾਲ ਹੈ ਅਤੇ ਉਹਨਾਂ ਦੇ ਪੁੱਤਰ ਦਾ ਨਾਂਅ ਹੈ ਇੰਦਰਜੀਤ ਸਿੰਘ। ਇਸ ਪਿਓ-ਪੁੱਤਰ ਨੇ ਇਨਸਾਨੀਅਤ ਦਿਖਾਉਂਦੇ ਹੋਏ ਅਪਣੀ ਜਾਨ ਦੀ ਬਾਜ਼ੀ ਲਗਾ ਕੇ ਹਿੰਸਾ ਵਿਚ ਫਸੇ ਲੋਕਾਂ ਦੀ ਜ਼ਿੰਦਗੀ ਬਚਾ ਕੇ ਮਿਸਾਲ ਕਾਇਮ ਕੀਤੀ ਹੈ। ਮੋਹਿੰਦਰ ਸਿੰਘ ਕਰਦਾਮਪੁਰ ਦੇ ਰਹਿਣ ਵਾਲੇ ਹਨ। ਉਹਨਾਂ ਨੇ ਦੱਸਿਆ ਕਿ 24 ਫਰਵਰੀ ਦੀ ਸ਼ਾਮ ਕਰੀਬ ਪੰਜ ਵਜੇ ਗੋਕੁਲਪੁਰੀ ਦਾ ਮਾਹੌਲ ਵਿਗੜਨ ਲੱਗਿਆ।
Photo
ਦੇਖਦੇ ਹੀ ਦੇਖਦੇ ਮਾਹੌਲ ਇੰਨਾ ਵਿਗੜ ਗਿਆ ਕਿ ਲੋਕਾਂ ਦੀ ਜਾਨ ਨੂੰ ਖਤਰਾ ਹੋ ਗਿਆ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਅਪਣੇ ਪੁੱਤਰ ਨਾਲ ਮਿਲ ਕੇ ਬੁਲਟ ਅਤੇ ਸਕੂਟਰੀ ‘ਤੇ ਸਿਰਫ਼ ਇਕ ਘੰਟੇ ਵਿਚ 60-80 ਲੋਕਾਂ ਨੂੰ ਇਕ ਕਿਲੋਮੀਟਰ ਦੂਰ ਕਰਦਾਮਪੁਰ ਪਹੁੰਚਾਇਆ। ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਇਕ ਵਾਰੀ ‘ਚ ਤਿੰਨ-ਤਿੰਨ, ਚਾਰ-ਚਾਰ ਲੋਕਾਂ ਨੂੰ ਬਿਠਾ ਕੇ ਪਹੁੰਚਾਇਆ।
Photo
ਇਸ ਦੌਰਾਨ ਉਹਨਾਂ ਨੇ ਕਰੀਬ 20 ਗੇੜੇ ਲਗਾਏ। ਮੋਹਿੰਦਰ ਸਿੰਘ ਅਤੇ ਉਹਨਾਂ ਦੇ ਪੁੱਤਰ ਵੱਲੋਂ ਬਚਾਏ ਗਏ ਇਹਨਾਂ ਲੋਕਾਂ ਵਿਚ ਔਰਤਾਂ, ਬੱਚੇ ਅਤੇ ਮਰਦ ਸ਼ਾਮਲ ਸਨ। ਮੋਹਿੰਦਰ ਸਿੰਘ ਨੇ ਦੱਸਿਆ ਕਿ ਗੋਕੁਲਪੁਰੀ ਇਲਾਕੇ ਵਿਚ ਇਸ ਦੌਰਾਨ ਕਈ ਮੁਸਲਮਾਨਾਂ ਦੀਆਂ ਦੁਕਾਨਾਂ ਅਤੇ ਘਰਾਂ ਨੂੰ ਸਾੜਿਆ ਗਿਆ। ਇਸ ਦੇ ਨਾਲ ਹੀ ਮਸਜਿਦਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਗੱਲਬਾਤ ਦੌਰਾਨ ਮੌਹਿੰਦਰ ਸਿੰਘ ਨੇ ਸਿੱਖ ਕਤਲੇਆਮ ਦਾ ਵੀ ਜ਼ਿਕਰ ਕੀਤਾ।
Photo
ਉਹਨਾਂ ਨੇ ਦੱਸਿਆ ਕਿ 1984 ਸਿੱਖ ਕਤਲੇਆਮ ਸਮੇਂ ਉਹਨਾਂ ਦੀ ਉਮਰ ਮਹਿਜ 13 ਸਾਲ ਦੀ ਸੀ ਅਤੇ ਜਦੋਂ ਦਿੱਲੀ ਵਿਚ ਇਹ ਹਿੰਸਾ ਵਾਪਰੀ ਤਾਂ ਉਹਨਾਂ ਨੂੰ 1984 ਯਾਦ ਆ ਗਈ। ਉਹਨਾਂ ਦੱਸਿਆ ਕਿ 24 ਫਰਵਰੀ ਤੋਂ ਬਾਅਦ ਉਹਨਾਂ ਨੇ 27 ਫਰਵਰੀ ਨੂੰ ਅਪਣੀ ਦੁਕਾਨ ਖੋਲ੍ਹੀ। ਉਹਨਾਂ ਦੱਸਿਆ ਕਿ ਦੰਗਿਆਂ ਤੋਂ ਪਹਿਲਾਂ ਕੁਝ ਲੋਕ ਉੱਥੇ ਪਹੁੰਚੇ ਅਤੇ ਉਹਨਾਂ ਨੇ ਪੀਐਮ ਮੋਦੀ ਦਾ ਨਾਂਅ ਲਿਆ ਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ।
Photo
ਇਸ ਤੋਂ ਬਾਅਦ ਹਾਲਾਤ ਕਾਫੀ ਵਿਗੜ ਗਏ। ਮੋਹਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਸਾਡੀ ਭਾਈਚਾਰਕ ਸਾਂਝ ਅਤੇ ਸਾਡਾ ਸੱਭਿਆਚਾਰ ਹੈ। ਉਹਨਾਂ ਨੇ ਕਿਹਾ ਤੁਸੀਂ ਇਹ ਤਾਂ ਸੁਣਿਆ ਹੀ ਹੋਵੇਗਾ- ‘ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ’।
Photo
ਉਹਨਾਂ ਕਿਹਾ ਕਿ ਸਰਬੱਤ ਦਾ ਭਲਾ ਮਤਲਬ ਸਾਰਿਆਂ ਦਾ ਭਲਾ। ਉਹਨਾਂ ਕਿਹਾ ਸਾਡੇ ਗੁਰੂਆਂ ਦਾ ਇਹੀ ਸੰਦੇਸ਼ ਹੈ ਕਿ ਮਾਨਵਤਾ ਦੀ ਸੇਵਾ ਕਰੋ। ਮੋਹਿੰਦਰ ਸਿੰਘ ਵੱਲੋਂ ਕੀਤੀ ਗਈ ਇਸ ਸੇਵਾ ਤੋਂ ਇਹ ਸਾਬਿਤ ਹੁੰਦਾ ਹੈ, ਸਿੱਖ ਭਾਵੇਂ ਕਿਤੇ ਵੀ ਜਾ ਵਸਣ, ਉਹ ਬਾਬੇ ਨਾਨਕ ਦੀਆਂ ਸਿੱਖਿਆਵਾਂ ਅਤੇ ਸਿਧਾਂਤਾਂ ਤੋਂ ਸੇਧ ਲੈ ਰਹੇ ਹਨ ਤੇ ਸਰਬੱਤ ਦਾ ਭਲਾ ਕਰ ਰਹੇ ਹਨ।