
ਗੁਜਰਾਤ ਦੇ ਧਨੇਰਾ ਸ਼ਹਿਰ ਵਿਚ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਕਾਰ 'ਤੇ ਹਮਲਾ ਕਰਨ ਦੇ ਦੋਸ਼ 'ਚ ਪੁਲਿਸ ਨੇ ਅੱਜ ਭਾਜਪਾ ਦੇ ਯੂਥ ਆਗੂ ਨੂੰ ਗ੍ਰਿਫ਼ਤਾਰ ਕਰ ਲਿਆ..
ਅਹਿਮਦਾਬਾਦ/ਨਵੀਂ ਦਿੱਲੀ, 5 ਅਗੱਸਤ : ਗੁਜਰਾਤ ਦੇ ਧਨੇਰਾ ਸ਼ਹਿਰ ਵਿਚ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਕਾਰ 'ਤੇ ਹਮਲਾ ਕਰਨ ਦੇ ਦੋਸ਼ 'ਚ ਪੁਲਿਸ ਨੇ ਅੱਜ ਭਾਜਪਾ ਦੇ ਯੂਥ ਆਗੂ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਧਨੇਰਾ ਦੇ ਭਾਜਪਾ ਪ੍ਰਧਾਨ ਨੂੰ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ।
ਬਨਾਸਕਾਂਡਾ ਜ਼ਿਲ੍ਹੇ ਦੇ ਐਸ.ਪੀ. ਨੀਰਜ ਬਡਗੂਜਰ ਨੇ ਮੁਲਜ਼ਮ ਦੀ ਪਛਾਣ ਜੈਏਸ਼ ਦਰਜੀ ਉਰਫ਼ ਅਨਿਲ ਰਾਠੌੜ ਵਜੋਂ ਕੀਤੀ ਹੈ। ਦੂਜੇ ਪਾਸੇ ਕਾਂਗਰਸ ਨੇ ਗੁਜਰਾਤ ਵਿਚ ਰਾਹੁਲ ਗਾਂਧੀ 'ਤੇ ਹੋਏ 'ਕਾਤਲਾਨਾ ਹਮਲੇ' ਪਿੱਛੇ ਭਾਜਪਾ ਅਤੇ ਆਰ.ਐਸ.ਐਸ. ਦਾ ਹੱਥ ਹੋਣ ਦਾ ਦੋਸ਼ ਲਾਉਂਦਿਆ ਕਿਹਾ ਕਿ ਇਕ ਸੋਚੀ-ਸਮਝੀ ਸਾਜ਼ਸ਼ ਤਹਿਤ ਅਜਿਹਾ ਕੀਤਾ ਗਿਆ।
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੇ ਕਾਫ਼ਲੇ 'ਤੇ ਭਾਜਪਾ ਅਤੇ ਆਰ.ਐਸ.ਐਸ. ਦੇ ਵਰਕਰਾਂ ਨੇ ਹਮਲਾ ਕੀਤਾ ਅਤੇ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਕੰਮ ਕਰਨ ਦਾ ਤਰੀਕਾ ਹੈ। ਉਨ੍ਹਾਂ ਕਿਹਾ, ''ਭਾਜਪਾ ਵਰਕਰਾਂ ਨੇ ਮੇਰੇ ਉਪਰ ਇਕ ਵੱਡਾ ਪੱਥਰ ਸੁਟਿਆ ਜੋ ਇਕ ਨਿਜੀ ਸੁਰੱਖਿਆ ਅਧਿਕਾਰੀ ਨੂੰ ਲੱਗਾ। ਇਹ ਮੋਦੀ ਜੀ ਅਤੇ ਆਰ.ਐਸ.ਐਸ. ਵਲੋਂ ਸਿਆਸਤ ਕਰਨ ਦੇ ਢੰਗ ਹਨ।''
ਇਹ ਪੁੱਛੇ ਜਾਣ 'ਤੇ ਕਿ ਨਾ ਤਾਂ ਪ੍ਰਧਾਨ ਮੰਤਰੀ ਅਤੇ ਨਾ ਹੀ ਭਾਜਪਾ ਨੇ ਇਸ ਹਮਲੇ ਦੀ ਨਿਖੇਧੀ ਕੀਤੀ ਹੈ, ਰਾਹੁਲ ਨੇ ਕਿਹਾ, ''ਜਿਨ੍ਹਾਂ ਨੇ ਖ਼ੁਦ ਇਹ ਹਰਕਤ ਕੀਤੀ ਹੈ, ਉਹ ਇਸ ਦੀ ਨਿਖੇਧੀ ਕਿਵੇਂ ਕਰ ਸਕਦੇ ਹਨ।'' ਉਧਰ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ, ''ਮੁੱਖ ਮੰਤਰੀ ਵਿਜੇ ਰੂਪਾਨੀ ਦੀ ਭਾਜਪਾ ਸਰਕਾਰ ਰਾਹੁਲ ਗਾਂਧੀ ਨੂੰ ਸੁਰੱਖਿਆ ਉਪਲਭਧ ਕਰਵਾਉਣ ਵਿਚ ਅਸਫ਼ਲ ਰਹੀ ਜੋ ਵੀਵੀਆਈਪੀ ਸ਼੍ਰੇਣੀ ਵਿਚ ਆਉਂਦੇ ਹਨ।'' (ਏਜੰਸੀ)