
ਐਨ.ਡੀ.ਏ. ਦੇ ਉਮੀਦਵਾਰ ਐਮ.ਵੈਂਕਈਆ ਨਾਇਡੂ ਦੇਸ਼ ਦੇ 13ਵੇਂ ਉਪ-ਰਾਸ਼ਟਰਪਤੀ ਚੁਣੇ ਗਏ ਹਨ ਜਿਨ੍ਹਾਂ ਨੇ ਵਿਰੋਧੀ ਧਿਰ ਦੇ ਉਮੀਦਵਾਰ ਗੋਪਾਲ ਕ੍ਰਿਸ਼ਨ ਗਾਂਧੀ ਨੂੰ 516 ਦੇ
ਨਵੀਂ ਦਿੱਲੀ, 5 ਅਗੱਸਤ : ਐਨ.ਡੀ.ਏ. ਦੇ ਉਮੀਦਵਾਰ ਐਮ.ਵੈਂਕਈਆ ਨਾਇਡੂ ਦੇਸ਼ ਦੇ 13ਵੇਂ ਉਪ-ਰਾਸ਼ਟਰਪਤੀ ਚੁਣੇ ਗਏ ਹਨ ਜਿਨ੍ਹਾਂ ਨੇ ਵਿਰੋਧੀ ਧਿਰ ਦੇ ਉਮੀਦਵਾਰ ਗੋਪਾਲ ਕ੍ਰਿਸ਼ਨ ਗਾਂਧੀ ਨੂੰ 516 ਦੇ ਮੁਕਾਬਲੇ 244 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਅਪਣੀ ਜਿੱਤ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਨਾਇਡੂ ਕਿਹਾ, ''ਕਿਸਾਨ ਪਰਵਾਰ ਨਾਲ ਸਬੰਧਤ ਹੋਣ ਕਾਰਨ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਦੇਸ਼ ਦਾ ਉਪ-ਰਾਸ਼ਟਰਪਤੀ ਬਣ ਸਕਾਂਗਾ।'' ਉਨ੍ਹਾਂ ਕਿਹਾ ਕਿ ਭਾਰਤ ਦੀ ਸਿਆਸਤ ਵਿਚ ਕਿਸਾਨਾਂ ਨੂੰ ਬੁਲੰਦ ਆਵਾਜ਼ ਨਹੀਂ ਮਿਲ ਸਕੀ। ਮੈਂ ਉਪ-ਰਾਸ਼ਟਰਪਤੀ ਦੇ ਅਹੁਦੇ ਦੀ ਮਰਿਆਦਾ ਨੂੰ ਕਾਇਮ ਰਖਦਿਆਂ ਰਾਜ ਸਭਾ ਦੀ ਕਾਰਵਾਈ ਨਿਰਪੱਖ ਤਰੀਕੇ ਨਾਲ ਚਲਾਉਣ ਲਈ ਕੰਮ ਕਰਾਂਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਪ-ਰਾਸ਼ਟਰਪਤੀ ਚੁਣੇ ਜਾਣ 'ਤੇ ਵੈਂਕਈਆ ਨਾਇਡੂ ਨੂੰ ਵਧਾਈ ਦਿੰਦਿਆਂ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ (ਨਾਇਡੂ) ਤਨਦੇਹੀ ਨਾਲ ਦੇਸ਼ ਦੀ ਸੇਵਾ ਕਰਨਗੇ ਅਤੇ ਦੇਸ਼ ਨੂੰ ਅੱਗੇ ਲਿਜਾਣ ਦੇ ਟੀਚੇ ਪ੍ਰਤੀ ਸਮਰਪਤ ਰਹਿਣਗੇ। ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਨਾਇਡੂ ਨੂੰ ਵਧਾਈ ਦਿੰਦਿਆਂ ਕਿਹਾ, ''ਭਾਰਤ ਦੇ ਉਪ-ਰਾਸ਼ਟਰਪਤੀ ਸਾਹਮਣੇ ਸੰਸਦ ਦੇ ਉਪਰਲੇ ਸਦਨ ਨੂੰ ਨਿਰਪੱਖ ਤਰੀਕੇ ਨਾਲ ਚਲਾਉਣ ਦੀ ਮਹੱਤਵਪੂਰਨ ਚੁਨੌਤੀ ਹੁੰਦੀ ਹੈ।'' ਉਨ੍ਹਾਂ ਕਾਂਗਰਸ ਵਲੋਂ ਹਰ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ। ਸਹਾਇਕ ਚੋਣ ਅਧਿਕਾਰੀ ਮੁਕੁਲ ਪਾਂਡੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੋਟਿੰਗ ਲਈ ਯੋਗ ਕੁਲ 785 ਸੰਸਦ ਮੈਂਬਰਾਂ ਵਿਚੋਂ 771 ਨੇ ਵੋਟ ਪਾਈ ਜਿਨ੍ਹਾਂ ਵਿਚੋਂ 11 ਵੋਟਾਂ ਰੱਦ ਹੋ ਗਈਆਂ।
ਉਪ-ਰਾਸ਼ਟਰਪਤੀ ਦੀ ਚੋਣ ਵਿਚ 98.21 ਫ਼ੀ ਸਦੀ ਪੋਲਿੰਗ ਦਰਜ ਕੀਤੀ ਗਈ। ਵਿਰੋਧੀ ਧਿਰ ਉਪ-ਰਾਸ਼ਟਪਤੀ ਦੀ ਚੋਣ ਦੇ ਨਤੀਜਿਆਂ ਤੋਂ ਖ਼ੁਸ਼ ਹੈ ਕਿਉਂਕਿ ਉਸ ਨੂੰ ਰਾਸ਼ਟਰਪਤੀ ਦੀ ਚੋਣ ਦੇ ਮੁਕਾਬਲੇ ਜ਼ਿਆਦਾ ਵੋਟਾਂ ਮਿਲੀਆਂ ਹਨ। ਰਾਸ਼ਟਰਪਤੀ ਦੀ ਚੋਣ ਵਿਚ ਵਿਰੋਧੀ ਧਿਰ ਨੂੰ 225 ਵੋਟਾਂ ਮਿਲੀਆਂ ਸਨ ਜਦਕਿ ਇਸ ਵਾਰ 244 ਵੋਟਾਂ ਮਿਲੀਆਂ। ਲੋਕ ਸਭਾ ਅਤੇ ਰਾਜ ਸਭ ਦੇ ਚੁਣੇ ਹੋਏ ਅਤੇ ਨਾਮਜ਼ਦ ਮੈਂਬਰਾਂ ਦੀ ਗਿਣਤੀ 790 ਹੈ ਜਿਨ੍ਹਾਂ ਵਿਚੋਂ ਚਾਰ ਸੀਟਾਂ ਖ਼ਾਲੀ ਹਨ। ਸੱਭ ਤੋਂ ਪਹਿਲਾਂ ਵੋਟ ਪਾਉਣ ਵਾਲਿਆਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵੈਂਕਈਆ ਨਾਇਡੂ ਅਤੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਯਾਨਾਥ ਸ਼ਾਮਲ ਸਨ। ਆਦਿਤਯਾਨਾਥ ਨੇ ਅਜੇ ਲੋਕ ਸਭਾ ਮੈਂਬਰ ਵਜੋਂ ਅਸਤੀਫ਼ਾ ਨਹੀਂ ਦਿਤਾ। ਨਰਿੰਦਰ ਮੋਦੀ ਸਵੇਰੇ 10 ਵਜੇ ਵੋਟਿੰਗ ਕੇਂਦਰ ਖੁਲ੍ਹਣ ਤੋਂ ਪਹਿਲਾਂ ਹੀ ਕਤਾਰ ਵਿਚ ਖੜੇ ਹੋ ਗਏ। ਕਾਂਗਰਸੀ ਦੀ ਪ੍ਰਧਾਨ ਸੋਨੀਆ ਗਾਂਧੀ, ਮੀਤ ਪ੍ਰਧਾਨ ਰਾਹੁਲ ਗਾਂਧੀ, ਕਾਂਗਰਸ ਦੇ ਸੰਸਦ ਮੈਂਬਰ ਜਯੋਤਿਰਾਦਿਤਯ ਸਿੰਧੀਆ, ਦੀਪੇਂਦਰ ਹੁਡਾ ਅਤੇ ਸੁਸ਼ਮਿਤਾ ਦੇਵ ਨੇ ਵੀ ਵੋਟ ਪਾਈ। (ਏਜੰਸੀ)