
ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ ਵਿਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਲਸ਼ਕਰ ਏ ਤੋਇਬਾ ਦੇ ਤਿੰਨ ਅਤਿਵਾਦੀ ਮਾਰੇ ਗਏ ਜਿਸ ਪਿੱਛੋਂ ਵਾਦੀ 'ਚ ਪੈਦਾ..
ਸ੍ਰੀਨਗਰ, 5 ਅਗੱਸਤ : ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ ਵਿਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਲਸ਼ਕਰ ਏ ਤੋਇਬਾ ਦੇ ਤਿੰਨ ਅਤਿਵਾਦੀ ਮਾਰੇ ਗਏ ਜਿਸ ਪਿੱਛੋਂ ਵਾਦੀ 'ਚ ਪੈਦਾ ਹੋਏ ਤਣਾਅ ਨੂੰ ਵੇਖਦਿਆਂ ਇੰਟਰਨੈਟ ਸੇਵਾਵਾਂ ਬੰਦ ਕਰ ਦਿਤੀਆਂ ਗਈਆਂ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਸੋਪੋਰ ਇਲਾਕੇ ਦੇ ਅਮਰਗੜ੍ਹ ਕਸਬੇ ਵਿਚ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਖ਼ਬਰ ਮਿਲਣ 'ਤੇ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਸੁਰੱਖਿਆ ਬਲਾਂ ਨੂੰ ਨੇੜੇ ਆਉਂਦਾ ਵੇਖ ਅਤਿਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ ਅਤੇ ਜਵਾਬੀ ਕਾਰਵਾਈ ਵਿਚ ਤਿੰਨ ਅਤਿਵਾਦੀ ਮਾਰੇ ਗਏ ਜਿਨ੍ਹਾਂ ਵਿਚੋਂ ਦੋ ਦੀ ਪਛਾਣ ਜਵੇਦ ਅਹਿਮਦ ਅਤੇ ਆਬਿਦ ਹਮੀਦ ਮੀਰ ਵਜੋਂ ਕੀਤੀ ਗਈ ਹੈ। ਤੀਜੇ ਅਤਿਵਾਦੀ ਦੀ ਪਛਾਣ ਨਹੀਂ ਹੋ ਸਕੀ ਜਦਕਿਡਅਤਿਵਾਦੀਆਂ ਦੀਆਂ ਲਾਸ਼ਾਂ ਕੋਲੋਂ ਤਿੰਨ ਏ.ਕੇ. 47 ਰਾਈਫ਼ਲਾਂ ਅਤੇ ਦੋ ਮੈਗਜ਼ੀਨ ਬਰਾਮਦ ਕੀਤੇ ਗਏ।
ਪੁਲਿਸ ਦੇ ਬੁਲਾਰੇ ਮਨੋਜ ਪੰਡਤ ਨੇ ਦਸਿਆ ਕਿ ਫ਼ੌਜ, ਸੀ.ਆਰ.ਪੀ.ਐਫ਼. ਅਤੇ ਪੁਲਿਸ ਦੀ ਸਾਂਝੀ ਟੀਮ ਨੇ ਆਪ੍ਰੇਸ਼ਨ ਨੂੰ ਅੰਜਾਮ ਦਿਤਾ ਜਿਸ ਦੌਰਾਨ ਪੁਲਿਸ ਦਾ ਇਕ ਸਿਪਾਹੀ ਜ਼ਖ਼ਮੀ ਹੋ ਗਿਆ। ਡਾਕਟਰਾਂ ਵਲੋਂ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਮਾਰੇ ਗਏ ਅਤਿਵਾਦੀਆਂ ਬਾਰੇ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਲਸ਼ਕਰ ਏ ਤੋਇਬਾ ਦੇ ਕਮਾਂਡਰ ਅਬੂ ਦੁਜਾਨਾ ਦੀ ਮੌਤ ਪਿੱਛੋਂ ਵਾਦੀ ਵਿਚ ਸੁਰੱਖਿਆ ਬਲਾਂ ਦੇ ਹੌਸਲੇ ਬੁਲੰਦ ਹਨ। ਇਸ ਸਾਲ ਹੁਣ ਤਕ ਮੁਕਾਬਲਿਆਂ ਵਿਚ 110 ਤੋਂ ਵੱਧ ਅਤਿਵਾਦੀ ਮਾਰੇ ਜਾ ਚੁੱਕੇ ਹਨ। ਇਸੇ ਦਰਮਿਆਨ ਦਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਲਸ਼ਕਰ ਏ ਤੋਇਬਾ ਦੇ ਤਿੰਨ ਸਰਗਰਮ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਕ ਅਧਿਕਾਰੀ ਨੇ ਦਸਿਆ ਕਿ ਸ਼ੋਪੀਆਂ ਦੇ ਜੈਨਾਪੁਰਾ ਇਲਾਕੇ ਵਿਚ ਫ਼ੌਜ ਦੀ 62 ਰਾਸ਼ਟਰੀ ਰਾਈਫ਼ਲਜ਼ ਅਤੇ ਪੁਲਿਸ ਵਲੋਂ ਕੀਤੀ ਗਈ ਸਾਂਝੀ ਨਾਕਾਬੰਦੀ ਦੌਰਾਨ ਸ਼ੌਕਤ ਅਹਿਮਦ ਮੀਰ, ਵਸੀਮ ਅਹਿਮਦ ਅਤੇ ਜੁਨੈਦ ਅਲੀ ਭੱਟ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਕੋਲੋਂ ਤਿੰਨ ਹਥਗੋਲੇ ਵੀ ਬਰਾਮਦ ਹੋਏ। ਪੁੱਛ-ਪੜਤਾਲ ਦੌਰਾਨ ਇਨ੍ਹਾਂ ਨੇ ਮੰਨਿਆ ਕਿ ਉਹ ਅਤਿਵਾਦੀ ਜਥੇਬੰਦੀ ਦੇ ਮੈਂਬਰ ਵਸੀਮ ਸ਼ਾਹ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸਨ। (ਏਜੰਸੀ)