
ਵਿਦੇਸ਼ੀ ਅਧਿਕਾਰੀਆਂ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਟਰੀਟਮੈਂਟ ਪਲਾਂਟ ਵਿਚ ਜਮ੍ਹਾਂ ਪਾਣੀ ਵਿਚ ਬੂਟੇ ਲਗਾਏ।
ਕੁਰਾਲੀ: ਸੀਵਰੇਜ ਦੇ ਦੂਸ਼ਿਤ ਪਾਣੀ ਨੂੰ ਵਿਸ਼ੇਸ਼ ਕਿਸਮ ਦੇ ਪੌਦੇ ਨਾਲ ਸੋਧ ਕੇ ਮੁੜ ਵਰਤੋਂ ਵਿਚ ਲਿਆਉਣ ਵਾਲਾ ਸਿੰਘਪੁਰਾ ਦੇਸ਼ ਦਾ ਪਹਿਲਾ ਪਿੰਡ ਹੋਵੇਗਾ। ਪਿੰਡ ਦੇ ਸੀਵਰੇਜ ਟਰੀਟਮੈਂਟ ਪਲਾਂਟ ਵਿਚ ਜਮ੍ਹਾਂ ਕੀਤੇ ਦੂਸ਼ਿਤ ਪਾਣੀ ਨੂੰ ਵਿਦੇਸ਼ੀ ਪੌਦੇ ਦੀ ਮਦਦ ਨਾਲ ਸਾਫ਼ ਕਰਨ ਲਈ ਵਿਦੇਸ਼ੀ ਕੰਪਨੀ ਨੇ ਗੋਦ ਲੈ ਲਿਆ ਹੈ। ਵਿਦੇਸ਼ੀ ਅਧਿਕਾਰੀਆਂ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਟਰੀਟਮੈਂਟ ਪਲਾਂਟ ਵਿਚ ਜਮ੍ਹਾਂ ਪਾਣੀ ਵਿਚ ਬੂਟੇ ਲਗਾਏ।
ਨੇੜਲੇ ਪਿੰਡ ਸਿੰਘਪੁਰਾ ਦੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਦੌਰਾ ਕਰਨ ਲਈ ਵਿਦੇਸ਼ੀ ਕੰਪਨੀ ਹੇਲੋਫਿਟਸ ਦੇ ਦੇ ਪ੍ਰਤੀਨਿਧਾਂ ਐਲੇਕਸ ਬਲੱਮਿਨਫੀਡਲ ਇਜ਼ਰਾਈਲ ਅਤੇ ਜ਼ੈਵੀਅਰ ਕਾਰਬੋਨੈਲ ਸਪੇਨ ਨੇ ਪਿੰਡ ਸਿੰਘਪੁਰਾ ਦਾ ਦੌਰਾ ਕੀਤਾ। ਉਨ੍ਹਾਂ ਪਿੰਡ ਦੀ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੇ ਸੀਵਰੇਜ ਟਰੀਟਮੈਂਟ ਪਲਾਂਟ ਵਿਚ ਵਿਸ਼ੇਸ਼ ਕਿਸਮ ਦੇ ਬੂਟੇ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਐਲੇਕਸ ਬਲੱਮਿਨਫੀਡਲ ਅਤੇ ਜ਼ੈਵੀਅਰ ਕਾਰਬੋਨੈਲ ਨੇ ਦੱਸਿਆ ਕਿ ਸਿੰਘਪੁਰਾ ਦੇ ਜਲਘਰ ਦੇ ਸੀਵਰੇਜ ਦੇ ਪ੍ਰਾਜੈਕਟ ਦੀ ਸਫ਼ਲਤਾ ਨੂੰ ਦੇਖਦੇ ਹੋਏ ਹੀ ਇਸ ਪ੍ਰਜੈਕਟ ਲਈ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੰਘਪੁਰਾ ਭਾਰਤ ਦਾ ਪਹਿਲਾ ਅਜਿਹਾ ਪਿੰਡ ਹੋਵੇਗਾ ਜਿਸ ਵਿੱਚ ਸੀਵਰੇਜ ਦੇ ਦੂਸ਼ਿਤ ਪਾਣੀ ਨੂੰ ਵਿਸ਼ੇਸ਼ ਕਿਸਮ ਦੇ ਬੂਟੇ ‘ਟਾਈਫ਼ਾ’ ਦੀ ਮਦਦ ਨਾਲ ਸਾਫ਼ ਕਰ ਕੇ ਮੁੜ ਵਰਤੋਂ ਯੋਗ ਬਣਾਇਆ ਜਾ ਸਕੇਗਾ।
Dirty Water
ਉਨ੍ਹਾਂ ਦੱਸਿਆ ਕਿ ਇਹ ਬੂਟਾ ਟਰੀਟਮੈਂਟ ਪਲਾਂਟ ਦੇ ਬਣਾਏ ਪਿੱਟ ਜਿਨ੍ਹਾਂ ਵਿਚ ਪਾਣੀ ਜਮ੍ਹਾਂ ਕੀਤਾ ਜਾਂਦਾ ਹੈ, ਵਿਚ ਲਗਾਏ ਜਾਂਦੇ ਹਨ। ਵਿਸ਼ੇਸ਼ ਕਿਸਮ ਦੇ ਜਾਲ ਵਿਚ ਇਹ ਬੂਟੇ ਝੋਨੇ ਵਾਂਗ ਲਗਾਏ ਜਾਂਦੇ ਹਨ ਜੋ ਦੋ ਤੋਂ ਤਿੰਨ ਮਹੀਨਿਆਂ ਵਿਚ ਆਪਣਾ ਕੰਮ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ ‘ਟਾਈਫ਼ਾ’ ਨਾਂ ਦੇ ਇਸ ਬੂਟੇ ਦੀਆਂ ਪਾਣੀ ਵਿਚ ਰਹਿਣ ਵਾਲੀਆਂ ਜੜ੍ਹਾਂ ਵਿਸ਼ੇਸ਼ ਕਿਸਮ ਦਾ ਬੈਕਟੀਰੀਆ ਪੈਦਾ ਕਰਦੀਆਂ ਹਨ ਜੋ ਸੀਵਰੇਜ ਦੇ ਦੂਸ਼ਿਤ ਪਾਣੀ ਵਿਚ ਬੀਓਟੀ ਦੀ ਮਾਤਰਾ ਨੂੰ ਘੱਟ ਕਰ ਕੇ ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਨ ਵਿਚ ਮਦਦ ਕਰਦਾ ਹੈ।
ਸਿੰਘਪੁਰਾ ਵਿਚ ਇਸ ਪ੍ਰਾਜੈਕਟ ਦੀ ਸਫ਼ਲਤਾ ਤੋਂ ਬਾਅਦ ਭਾਰਤ ਦੇ ਹੋਰਨਾਂ ਸੀਰਵੇਜ ਟਰੀਟਮੈਂਟ ਪਲਾਂਟਾਂ ਵਿਚ ਵੀ ਪਾਣੀ ਨੂੰ ਸਾਫ਼ ਕਰਨ ਦੀ ਇਹ ਤਕਨੀਕ ਵਰਤੋਂ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੰਘਪੁਰਾ ਪਲਾਂਟ ਵਿਚ ਇੱਕ ਹਜ਼ਾਰ ਬੂਟਾ ਲਗਾਇਆ ਜਾਵੇਗਾ। ਇਸੇ ਦੌਰਾਨ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਦੇ ਚੇਅਰਮੈਨ ਅਤੇ ਸਰਪੰਚ ਸਾਧੂ ਸਿੰਘ ਨੇ ਵਿਦੇਸ਼ੀ ਕੰਪਨੀ ਦੇ ਅਧਿਕਾਰੀਆਂ ਨੂੰ ਪਿੰਡ ਵਿਚ ਸਫਲਤਾਪੂਰਵਕ ਚੱਲ ਰਹੇ ਜਲ ਘਰ ਤੇ ਸੀਵਰੇਜ ਦੇ ਪ੍ਰਾਜੈਕਟਾਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਵਿਵੇਕ ਰਾਣਾ ਚੰਡੀਗੜ੍ਹ, ਕਰਨੈਲ ਸਿੰਘ, ਸੇਵਕ ਸਿੰਘ ਤੇ ਗੁਰਨਾਮ ਸਿੰਘ ਹਾਜ਼ਰ ਸਨ।