
ਹਰਜੋਤ ਸਿੰਘ ਦੇ ਭਰਾ ਪ੍ਰਭਜੋਤ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਉਸ ਦੀ ਹਾਲਤ ਹੁਣ ਸਥਿਰ ਹੈ।
ਨਵੀਂ ਦਿੱਲੀ: ਯੂਕਰੇਨ ਵਿਚ ਜਾਰੀ ਜੰਗ ਦੌਰਾਨ ਰਾਜਧਾਨੀ ਕੀਵ ਤੋਂ ਜਾਨ ਬਚਾ ਕੇ ਭੱਜਣ ਦੌਰਾਨ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਭਾਰਤੀ ਵਿਦਿਆਰਥੀ ਹਰਜੋਤ ਸਿੰਘ ਨੂੰ ਫੌਜੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹਰਜੋਤ ਸਿੰਘ ਦੇ ਭਰਾ ਪ੍ਰਭਜੋਤ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਉਸ ਦੀ ਹਾਲਤ ਹੁਣ ਸਥਿਰ ਹੈ।
ਪ੍ਰਭਜੋਤ ਸਿੰਘ ਨੇ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਕਿਹਾ, “ਉਸ (ਹਰਜੋਤ) ਨੂੰ ਕੱਲ੍ਹ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਹ ਠੀਕ ਹੈ ਪਰ ਉਸ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿਚ ਸਮਾਂ ਲੱਗੇਗਾ।'' ਹਰਜੋਤ ਦੇ ਪਰਿਵਾਰ ਨੇ ਉਸ ਦੇ ਇਲਾਜ ਲਈ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ। ਪ੍ਰਭਜੋਤ ਸਿੰਘ ਨੇ ਕਿਹਾ, ''ਸਾਡੀ ਆਰਥਿਕ ਸਥਿਤੀ ਠੀਕ ਨਹੀਂ ਹੈ। ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਮੇਰੇ ਭਰਾ ਦੇ ਇਲਾਜ ਲਈ ਸਾਡੀ ਮਦਦ ਕੀਤੀ ਜਾਵੇ।”
Indian student shot in Ukraine discharged from hospital
ਹਰਜੋਤ ਸਿੰਘ ਨੂੰ 7 ਮਾਰਚ ਨੂੰ ਭਾਰਤੀ ਹਵਾਈ ਸੈਨਾ ਦੀ ਵਿਸ਼ੇਸ਼ ਉਡਾਣ ਰਾਹੀਂ ਭਾਰਤ ਵਾਪਸ ਲਿਆਂਦਾ ਗਿਆ ਸੀ। ਯੂਕਰੇਨ 'ਤੇ ਰੂਸ ਦੇ ਹਮਲੇ ਦੇ ਦੌਰਾਨ 31 ਸਾਲਾ ਭਾਰਤੀ ਵਿਦਿਆਰਥੀ ਆਪਣੇ ਦੋ ਦੋਸਤਾਂ ਨਾਲ ਕੀਵ ਤੋਂ ਬਾਹਰ ਨਿਕਲਣ ਲਈ ਪੱਛਮੀ ਯੂਕਰੇਨ ਦੇ ਸ਼ਹਿਰ ਲਵੀਵ ਵਿਚ ਇਕ ਕੈਬ ਵਿਚ ਸਵਾਰ ਹੋਇਆ ਸੀ। ਇਸ ਦੌਰਾਨ ਉਸ ਨੂੰ ਚਾਰ ਗੋਲੀਆਂ ਲੱਗੀਆਂ। ਉਸ ਦੀ ਛਾਤੀ ਵਿਚ ਵੀ ਗੋਲੀ ਲੱਗੀ ਸੀ।