
ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਸ਼ ਭਰ ਵਿਤ ਵੱਖ-ਵੱਖ ਥਾਵਾਂ 'ਤੇ ਫਸੇ ਪ੍ਰਵਾਸੀ ਮਜ਼ਦੂਰਾਂ, ਯਾਤਰੀਆਂ ਅਤੇ ਵਿਦਿਆਰਥੀਆਂ ਨੂੰ ਬਾਹਰ ਕੱਢਣ ਦੀ ਇਜਾਜ਼ਤ ਦੇ ਦਿੱਤੀ ਹੈ।
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਸ਼ ਭਰ ਵਿਚ ਵੱਖ-ਵੱਖ ਥਾਵਾਂ 'ਤੇ ਫਸੇ ਪ੍ਰਵਾਸੀ ਮਜ਼ਦੂਰਾਂ, ਯਾਤਰੀਆਂ ਅਤੇ ਵਿਦਿਆਰਥੀਆਂ ਨੂੰ ਬਾਹਰ ਕੱਢਣ ਦੀ ਇਜਾਜ਼ਤ ਦੇ ਦਿੱਤੀ ਹੈ। ਲੌਕਡਾਊਨ 'ਤੇ ਸਰਕਾਰ ਦਾ ਇਹ ਵੱਡਾ ਫੈਸਲਾ ਹੈ।
Photo
ਲੌਕਡਾਊਨ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵੱਡੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰ ਅਤੇ ਵਿਦਿਆਰਥੀ ਫਸੇ ਹੋਏ ਹਨ। ਕਈ ਥਾਵਾਂ 'ਤੇ ਯਾਤਰੀ ਵੀ ਲੌਕਡਾਊਨ ਦੀ ਪਾਬੰਦੀ ਦਾ ਸਾਹਮਣਾ ਕਰ ਰਹੇ ਹਨ।
Photo
ਅਜਿਹੇ ਵਿਚ ਸਰਕਾਰ ਦਾ ਇਹ ਕਦਮ ਉਹਨਾਂ ਨੂੰ ਕਾਫੀ ਰਾਹਤ ਦੇਣ ਵਾਲਾ ਹੈ। ਰਾਜਸਥਾਨ ਦੇ ਕੋਟਾ ਵਿਚ ਵੀ ਕਈ ਸੂਬਿਆਂ ਦੇ ਵਿਦਿਆਰਥੀ ਫਸੇ ਹੋਏ ਹਨ। ਬਿਹਾਰ, ਝਾਰਖੰਡ, ਮਹਾਰਾਸ਼ਟਰ ਆਦਿ ਕੁਝ ਸੂਬਿਆਂ ਦੀ ਮੰਗ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਵੱਖ-ਵੱਖ ਥਾਵਾਂ 'ਤੇ ਫਸੇ ਪਰਵਾਸੀ ਮਜ਼ਦੂਰਾਂ, ਯਾਤਰੀਆਂ ਅਤੇ ਵਿਦਿਆਰਥੀਆਂ ਦੀ ਆਵਾਜਾਈ ਲਈ ਨਵੀਂ ਗਾਈਡਲਾਈਨ ਤਿਆਰ ਕੀਤੀ ਹੈ।
Photo
ਨਵੀਂ ਗਾਈਡਲਾਈਨ ਦੇ ਤਹਿਤ ਫਸੇ ਹੋਏ ਲੋਕਾਂ ਨੂੰ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਭੇਜਿਆ ਜਾ ਸਕੇਗਾ। ਨਵੀਂ ਗਾਈਡਲਾਈਨ ਮੁਤਾਬਕ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਪਣੇ ਨੋਡਲ ਅਧਿਕਾਰੀ ਨਿਯੁਕਤ ਕਰਨ ਅਤੇ ਫਸੇ ਹੋਏ ਲੋਕਾਂ ਨੂੰ ਵਾਪਸ ਭੇਜਣ ਤੇ ਲਿਆਉਣ ਲਈ ਐਸਓਪੀ ਦੀ ਤੈਨਾਤੀ ਕਰਨੀ ਹੋਵੇਗੀ।
Photo
ਇਸ ਦੌਰਾਨ ਇਕ ਸੂਬੇ ਤੋਂ ਦੂਜੇ ਸੂਬੇ ਜਾ ਰਹੇ ਲੋਕਾਂ ਦੀ ਜਾਂਚ ਕੀਤੀ ਜਾਵੇਗੀ। ਜਾਂਚ ਤੋਂ ਬਾਅਦ ਹੀ ਲੋਕਾਂ ਨੂੰ ਅੱਗੇ ਭੇਜਿਆ ਜਾਵੇਗਾ। ਇਕ ਸੂਬੇ ਤੋਂ ਦੂਜੇ ਸੂਬੇ ਜਾਣ ਵਾਲੇ ਲੋਕਾਂ ਲਈ ਸੂਬਿਆਂ ਨੂੰ ਆਪਸ ਵਿਚ ਗੱਲ ਕਰਨੀ ਹੋਵੇਗੀ। ਉੱਥੇ ਹੀ ਅਪਣੇ ਗ੍ਰਹਿ ਰਾਜ ਪਹੁੰਚਣ ਵਾਲੇ ਲੋਕਾਂ ਨੂੰ ਸਥਾਨਕ ਸਿਹਤ ਅਧਿਕਾਰੀਆਂ ਜ਼ਰੀਏ ਕੁਆਰੰਟੀਨ ਕੀਤਾ ਜਾਵੇਗਾ।
FILE PHOTO
ਇਸ ਦੇ ਨਾਲ ਹੀ ਇਹਨਾਂ ਲੋਕਾਂ ਨੂੰ ਅਰੋਗਿਆ ਸੇਤੂ ਐਪ ਦੀ ਵਰਤੋਂ ਲਈ ਉਤਸ਼ਾਹਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਦੇਸ਼ ਭਰ ਵਿਚ ਲੌਕਡਾਊਨ ਲਾਗੂ ਕੀਤਾ ਗਿਆ ਹੈ। ਇਸ ਦੌਰਾਨ ਆਵਾਜਾਈ 'ਤੇ ਰੋਕ ਲਗਾ ਦਿੱਤੀ ਗਈ ਸੀ, ਇਸ ਕਾਰਨ ਕਈ ਪ੍ਰਵਾਸੀ ਮਜ਼ਦੂਰ, ਤੀਰਥਯਾਤਰੀ, ਟੂਰਿਸਟ ਅਤੇ ਵਿਦਿਆਰਥੀ ਫਸੇ ਹੋਏ ਹਨ।