
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ ਦੇ ਹਸਪਤਾਲਾਂ ਵਿਚ ਬੈੱਡ ਅਤੇ ਆਕਸੀਜਨ ਦੀ ਕਮੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ ਦੇ ਹਸਪਤਾਲਾਂ ਵਿਚ ਬੈੱਡ ਅਤੇ ਆਕਸੀਜਨ ਦੀ ਕਮੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੇ ਲਈ ਲੋਕ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਸ਼ਲ ਮੀਡੀਆ ’ਤੇ ਅਲੋਚਨਾ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਹੈਸ਼ਟੈਗ #ResignModi ਕਾਫੀ ਟ੍ਰੇਂਡ ਹੋ ਰਿਹਾ ਹੈ ਪਰ ਬੀਤੇ ਦਿਨ ਫੇਸਬੁੱਕ ਨੇ ਇਸ ਹੈਸ਼ਟੈਗ ਨੂੰ ਕੁਝ ਸਮੇਂ ਲਈ ਬਲਾਕ ਕਰ ਦਿੱਤਾ।
Coronavirus
ਇਸ ਨੂੰ ਲੈ ਕੇ ਕਾਫੀ ਵਿਵਾਦ ਖੜ੍ਹਾ ਹੋ ਗਿਆ ਜਿਸ ਕਾਰਨ ਕੁਝ ਹੀ ਘੰਟਿਆਂ ਵਿਚ ਇਸ ਨੂੰ ਰਿਸਟੋਰ ਕਰ ਦਿੱਤਾ ਗਿਆ। ਜਦੋਂ ਫੇਸਬੁੱਕ ਨੇ ਇਸ ਹੈਸ਼ਟੈਗ ਨੂੰ ਬਲਾਕ ਕੀਤਾ ਤਾਂ ਸੋਸ਼ਲ ਮੀਡੀਆ ਯੂਜ਼ਰਸ ਨੂੰ 12,000 ਤੋਂ ਜ਼ਿਆਦਾ ਪੋਸਟਾਂ ਦਿਖਣੀਆਂ ਬੰਦ ਹੋ ਗਈਆਂ।
ਇਸ ਦੌਰਾਨ ਜਦੋਂ ਯੂਜ਼ਰਸ ਨੇ ਹੈਸ਼ਟੈਗ #ResignModi ਸਰਚ ਕੀਤਾ ਤਾਂ ਉਹਨਾਂ ਨੂੰ ਇਹ ਮੈਸੇਜ ਦਿਖਾਈ ਦਿੱਤਾ, ‘ਇਹ ਪੋਸਟ ਅਸਥਾਈ ਤੌਰ ’ਤੇ ਹਟਾਈ ਗਈ ਹੈ ਕਿਉਂਕਿ ਇਸ ਵਿਚੋਂ ਕੁਝ ਸਮੱਗਰੀ ਸਾਡੇ ਕਮਿਊਨਿਟੀ ਮਾਪਦੰਡਾਂ ਦੇ ਖ਼ਿਲਾਫ਼ ਹੈ’। ਇਸ ਸਬੰਧੀ ਫੇਸਬੁੱਕ ਦੇ ਇਕ ਬੁਲਾਰੇ ਨੇ ਕਿਹਾ ਕਿ ਹੈਸ਼ਟੈਗ ਨੂੰ ਰਿਸਟੋਰ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਬਲਾਕ ਦਾ ਨਿਰਦੇਸ਼ ਭਾਰਤ ਸਰਕਾਰ ਵੱਲੋਂ ਨਹੀਂ ਮਿਲਿਆ ਸੀ।
Facebook
ਉਹਨਾਂ ਕਿਹਾ, ‘ਅਸੀਂ ਗਲਤੀ ਨਾਲ ਹੈਸ਼ਟੈਗ ਨੂੰ ਅਸਥਾਈ ਤੌਰ ’ਤੇ ਬਲਾਕ ਕਰ ਦਿੱਤਾ ਸੀ। ਸਾਨੂੰ ਭਾਰਤ ਸਰਕਾਰ ਨੇ ਅਜਿਹਾ ਕਰਨ ਲਈ ਨਹੀਂ ਕਿਹਾ ਸੀ। ਹੁਣ ਇਸ ਨੂੰ ਰਿਸਟੋਰ ਕਰ ਦਿੱਤਾ ਗਿਆ ਹੈ। ਫੇਸਬੁੱਕ ਦੀ ਇਸ ਕਾਰਵਾਈ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ ’ਤੇ ਕਾਫੀ ਨਰਾਜ਼ਗੀ ਜਤਾ ਰਹੇ ਹਨ।