
72 ਸਾਲ ਦੇ ਨਵੀਨ ਪਟਨਾਇਕ ਸਭ ਤੋਂ ਪਹਿਲਾਂ ਮਾਰਚ 2000 ਵਿਚ ਪਹਿਲੀ ਵਾਰ ਓਡੀਸ਼ਾ ਦੇ ਮੁੱਖ ਮੰਤਰੀ ਬਣੇ ਸਨ।
ਭੁਵਨੇਸ਼ਵਰ: ਲੋਕ ਸਭਾ ਚੋਣਾਂ ਦੇ ਨਾਲ ਹੋਈਆਂ ਵਿਧਾਨ ਸਭਾ ਚੋਣਾਂ ਵਿਚ 5ਵੀਂ ਵਾਰ ਸ਼ਾਨਦਾਰ ਜਿੱਤ ਹਾਸਿਲ ਕਰਨ ਤੋਂ ਬਾਅਦ ਓਡੀਸ਼ਾ ਦੇ ਮੁੱਖ ਮੰਤਰੀ ਵਜੋਂ ਨਵੀਨ ਪਟਨਾਇਕ ਨੇ ਬੁੱਧਵਾਰ ਸਹੁੰ ਚੁੱਕੀ। 72 ਸਾਲਾ ਪਟਨਾਇਕ ਗਰੀਬ ਤੱਟੀ ਸੂਬੇ ਦੇ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਮੁੱਖ ਮੰਤਰੀ ਹਨ। ਨਵੀਨ ਪਟਨਾਇਕ ਅਤੇ ਉਹਨਾਂ ਦੀ ਟੀਮ ਦੇ ਮੰਤਰੀਆਂ ਨੇ ਭੁਵਨੇਸ਼ਵਰ ਵਿਖੇ ਗਵਰਨਰ ਗਣੇਸ਼ੀ ਲਾਲ ਦੇ ਸਮਾਰੋਹ ਵਿਚ ਸਹੁੰ ਚੁੱਕਣ ਦੀ ਰਸਮ ਪੂਰੀ ਕੀਤੀ।
ਨਵੀਨ ਪਟਨਾਇਕ ਦੀ ਪਾਰਟੀ ਬੀਜੂ ਜਨਤਾ ਦਲ (BJD) ਨੇ 2014 ਵਿਚ ਹੋਈਆਂ ਲੋਕ ਸਭਾ ਚੋਣਾਂ ਦੇ ਨਾਲ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਵੀ ਸ਼ਾਨਦਾਰ ਜਿੱਤ ਹਾਸਿਲ ਕੀਤੀ ਸੀ। ਪਾਰਟੀ ਨੇ ਸੂਬੇ ਦੀਆਂ 146 ਸੀਟਾਂ ਵਿਚੋਂ 112 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਓਡੀਸ਼ਾ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਵਾਲੇ ਨਵੀਨ ਪਟਨਾਇਕ ਨੂੰ ਵਧਾਈ ਦਿੱਤੀ ਅਤੇ ਸੂਬੇ ਦੇ ਵਿਕਾਸ ਕਾਰਜਾਂ ਵਿਚ ਕੇਂਦਰ ਦੇ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ।
72 ਸਾਲ ਦੇ ਨਵੀਨ ਪਟਨਾਇਕ ਸਭ ਤੋਂ ਪਹਿਲਾਂ ਮਾਰਚ 2000 ਵਿਚ ਪਹਿਲੀ ਵਾਰ ਓਡੀਸ਼ਾ ਦੇ ਮੁੱਖ ਮੰਤਰੀ ਬਣੇ ਸਨ। ਮਈ 2004 ਵਿਚ ਉਹਨਾਂ ਨੂੰ ਫਿਰ ਤੋਂ ਮੁੱਖ ਮੰਤਰੀ ਚੁਣਿਆ ਗਿਆ। ਮਈ 2009 ਵਿਚ ਉਹ ਤੀਜੀ ਵਾਰ ਅਤੇ ਮਈ 2014 ਵਿਚ ਉਹ ਚੌਥੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਸਨ। ਸਿਆਸਤਦਾਨ ਹੋਣ ਦੇ ਨਾਲ ਨਾਲ ਪਟਨਾਇਕ ਇਕ ਲੇਖਕ ਵੀ ਹਨ। ਅਪਣੇ ਪਿਤਾ ਬੀਜੂ ਪਟਨਾਇਕ ਦੀ ਮੌਤ ਤੋਂ ਬਾਅਦ ਉਹਨਾਂ ਨੇ ਸਿਆਸਤ ਵਿਚ ਕਦਮ ਰੱਖਿਆ ਸੀ।
ਪਟਨਾਇਕ ਦੀ ਵੱਡੀ ਭੈਣ ਗੀਤਾ ਮਹਿਤਾ ਵੀ ਇਕ ਲੇਖਕ ਹਨ, ਜਿਨ੍ਹਾਂ ਨੂੰ ਇਸੇ ਸਾਲ ਦੇ ਸ਼ੁਰੂਆਤ ਵਿਚ ਸਰਕਾਰ ਵੱਲੋਂ ਪਦਮ ਸ੍ਰੀ ਅਵਾਰਡ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ। ਪਰ ਸਿਆਸਤਦਾਨ ਦੀ ਭੈਣ ਹੋਣ ਕਾਰਨ ਉਹਨਾਂ ਨੇ ਇਹ ਕਹਿ ਕੇ ਪੁਰਸਕਾਰ ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ ਕਿ ਇਹ ਚੋਣਾਂ ਦਾ ਸਾਲ ਹੈ ਅਤੇ ਅਜਿਹੇ ਸਮੇਂ ਵਿਚ ਉਹਨਾਂ ਦਾ ਪੁਰਸਕਾਰ ਲੈਣਾ ਸਹੀ ਨਹੀਂ ਹੈ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਨਵੀਨ ਪਟਨਾਇਕ ਕਿਹੋ ਜਿਹੇ ਆਦਰਸ਼ ਪਰਿਵਾਰ ਨਾਲ ਸਬੰਧ ਰੱਖਦੇ ਹਨ।
ਸਾਲ 2013 ਵਿਚ ਨਵੀਨ ਪਟਨਾਇਕ ਨੂੰ ਸੰਯੁਕਤ ਰਾਸ਼ਟਰ ਵੱਲੋਂ ਯੂਨਾਇਟਡ ਨੇਸ਼ਨ ਅਵਾਰਡ ਦਿੱਤਾ ਗਿਆ ਸੀ। ਸਾਲ 2017 ਵਿਚ ਉਹਨਾਂ ਨੂੰ ਭਾਰਤ ਦੇ 13ਵੇਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ ਭਾਰਤ ਦੇ ਵਧੀਆ ਪ੍ਰਸ਼ਾਸਕ (Best Administrator in India) ਵਜੋਂ ਨਿਵਾਜਿਆ ਗਿਆ ਸੀ। ਨਵੀਨ ਪਟਨਾਇਕ ਨੂੰ 2018 ਵਿਚ ਭਾਰਤ ਦੀ 12ਵੀਂ ਰਾਸ਼ਟਰਪਤੀ ਪ੍ਰਤਿਭਾ ਪਾਟੇਲ ਕੋਲੋਂ ਆਦਰਸ਼ ਮੁੱਖ ਮੰਤਰੀ (Ideal Chief Minister) ਦਾ ਅਵਾਰਡ ਵੀ ਮਿਲਿਆ ਸੀ।
ਬੀਤੇ ਦਿਨੀਂ ਓਡੀਸ਼ਾ ਵਿਚ ਆਏ ਫੈਨੀ ਤੁਫਾਨ ਤੋਂ ਬਾਅਦ ਆਫਤ ਪ੍ਰਬੰਧਨ ਦੀ ਦਿਸ਼ਾ ਵਿਚ ਓਡੀਸ਼ਾ ਦੇ ਅਧਿਕਾਰਿਆਂ ਦੀਆਂ ਕੋਸ਼ਿਸ਼ਾਂ ਨੇ ਦੇਸ਼ ਦੇ ਸਭ ਤੋਂ ਗਰੀਬ ਸੂਬੇ ਵਿਚ ਸਭ ਤੋਂ ਘੱਟ ਜਾਨੀ ਨੁਕਸਾਨ ਸੁਨਿਸ਼ਚਿਤ ਕੀਤਾ। ਇਸ ਦਾ ਕਾਰਨ ਇਹ ਸੀ ਕਿ ਨਵੀਨ ਪਟਨਾਇਕ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਪਿਛਲੇ ਕਈ ਸਾਲਾਂ ਤੋਂ ਸੂਬੇ ਦੇ ਹਲਾਤਾਂ ਵਿਚ ਕਾਫੀ ਸੁਧਾਰ ਕੀਤਾ ਹੈ। ਸਾਲ 1999 ਵਿਚ ਇਸੇ ਤਰ੍ਹਾਂ ਦੀ ਗਤੀ ਨਾਲ ਆਏ ਇਕ ਤੂਫਾਨ ਨੇ ਓਡੀਸ਼ਾ ਵਿਚ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਲਈ ਸੀ। ਸੂਬਾ ਸਰਕਾਰ ਨੇ ਉਸ ਸਮੇਂ ਤੈਅ ਕੀਤਾ ਸੀ ਕਿ 20 ਸਾਲਾਂ ਬਾਅਦ ਆਉਣ ਵਾਲੇ ਤੂਫਾਨਾਂ ਤੋਂ ਬਚਾਅ ਕਰਨ ਲਈ ਸਰਕਾਰ ਹਰ ਸੰਭਵ ਯਤਨ ਕਰੇਗੀ, ਜੋ ਕਿ ਉਹਨਾਂ ਕਰਕੇ ਦਿਖਾਇਆ।